ਟਰੰਪ ਦੀ ਸਰਕਾਰ ਇੱਕ ਹੋਰ ਸ਼ੱਟ ਡਾਊਨ ਵਿੱਚੋਂ ਮਸਾਂ ਨਿਕਲੀ


ਵਾਸ਼ਿੰਗਟਨ, 9 ਫਰਵਰੀ (ਪੋਸਟ ਬਿਊਰੋ)- ਅਮਰੀਕਨ ਪਾਰਲੀਮੈਂਟ (ਕਾਂਗਰਸ) ਵੱਲੋਂ ਸਰਕਾਰ ਚਲਾਉਣ ਲਈ ਜ਼ਰੂਰੀ ਬਜਟ ਸਮੇਂ ਉੱਤੇ ਪਾਸ ਨਾ ਕਰਨ ਦੇ ਕਾਰਨ ਅਮਰੀਕਾ ਵਿਚ ਫਿਰ ਸ਼ਟਡਾਊਨ ਹੋ ਗਿਆ ਸੀ, ਜਿਸ ਨੂੰ 6 ਘੰਟੇ ਬਾਅਦ ਹੀ ਖਤਮ ਕਰ ਦਿੱਤਾ ਗਿਆ ਹੈ। ਸਰਕਾਰੀ ਕੰਮ ਨੂੰ ਫਿਰ ਸੁਚਾਰੂ ਰੂਪ ਨਾਲ ਸ਼ੁਰੂ ਕਰਨ ਲਈ ਇਕ ਅਸਥਾਈ ਬਜਟ ਨੂੰ ਪਾਰਲੀਮੈਂਟ ਦੇ ਦੋਵਾਂ ਸਦਨਾਂ ਸੀਨੇਟ ਅਤੇ ਹਾਊਸ ਆਫ ਰਿਪ੍ਰੇਜੈਂਟੇਟਿਵਸ ਤੋਂ ਪਾਸ ਕਰਾ ਦਿੱਤਾ ਗਿਆ ਹੈ।
ਮਿਲੀ ਰਿਪੋਰਟ ਮੁਤਾਬਕ ਅਮਰੀਕਾ ਦਾ ਬਜਟ 1 ਅਕਤੂਬਰ ਤੋਂ ਪਹਿਲਾਂ ਹੀ ਪਾਸ ਹੋ ਜਾਣਾ ਚਾਹੀਦਾ ਹੈ, ਕਿਉਂਕਿ ਇਸ ਦਿਨ ਤੋਂ ਅਮਰੀਕੀ ਸਰਕਾਰ ਦੇ ਵਿੱਤੀ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ ਕਿ ਕਾਂਗਰਸ ਮਿਥੀ ਹੋਈ ਮਿਆਦ ਦੇ ਅੰਦਰ ਬਜਟ ਪਾਸ ਨਹੀਂ ਕਰਾ ਸਕੀ, ਪਰ ਇਸ ਦੌਰਾਨ ਦੇਸ਼ ਦੀਆਂ ਕੁਝ ਫੈਡਰਲ ਏਜੰਸੀਆਂ ਲਈ ਅਸਥਾਈ ਆਧਾਰ ਉੱਤੇ ਪੈਸੇ ਦਾ ਇੰਤਜ਼ਾਮ ਕਰ ਦਿੱਤਾ ਜਾਂਦਾ ਹੈ। ਇਸ ਵਾਰ ਕਾਂਗਰਸ ਫੰਡਿੰਗ ਜਾਰੀ ਰੱਖਣ ਦੇ ਮੁੱਦੇ ਉੱਤੇ ਸਹਿਮਤੀ ਬਣਾਉਣ ਵਿਚ ਨਾਕਾਮ ਰਹੀ ਅਤੇ ਕੱਲ ਰਾਤ ਤੋਂ ਕਈ ਫੈਡਰਲ ਏਜੰਸੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਦੱਸਣ ਯੋਗ ਹੈ ਕਿ ਕਈ ਸੀਨੇਟਰਾਂ ਨੂੰ ਉਮੀਦ ਸੀ ਕਿ ਆਰਜ਼ੀ ਫੈਡਰਲ ਬਜਟ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਇਸ ਨਵੇਂ ਖਰਚ ਬਿੱਲ ਨੂੰ ਮਨਜ਼ੂਰੀ ਮਿਲ ਜਾਵੇਗੀ, ਪਰ ਅਜਿਹਾ ਨਹੀਂ ਹੋ ਸਕਿਆ ਸੀ।
ਇਸ ਤੋਂ ਪਹਿਲਾਂ ਜਨਵਰੀ ਵਿਚ ਵੀ 3 ਦਿਨ ਅਮਰੀਕਾ ਵਿਚ ਇਸ ਤਰ੍ਹਾਂ ਦੇ ਹਾਲਾਤ ਰਹੇ ਸਨ, ਪਰ ਉਸ ਸਮੇਂ ਸਰਕਾਰ ਦਾ ਕੰਮ ਠੀਕ ਤਰੀਕੇ ਨਾਲ ਚੱਲ ਸਕੇ, ਇਸ ਲਈ ਆਰਜ਼ੀ ਬਜਟ ਨੂੰ ਸੀਨੇਟ ਤੇ ਹਾਊਸ ਆਫ ਰਿਪ੍ਰੇਜੈਂਟੇਟਿਵਸ ਤੋਂ ਪਾਸ ਕਰਵਾਇਆ ਗਿਆ ਸੀ। ਅਮਰੀਕਾ ਦੇ ਸਰਕਾਰੀ ਵਿਭਾਗ ਫੈਡਰਲ ਆਫਿਸ ਆਫ ਪਰਸਨਲ ਮੈਨੇਜਮੈਂਟ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਡਿਊਟੀ ਦੇ ਸੰਬੰਧ ਵਿਚ ਆਪਣੇ ਦਫਤਰਾਂ ਵਿਚ ਸੰਪਰਕ ਕਰਨਾ ਚਾਹੀਦਾ ਹੈ।