ਟਰੰਪ ਦੀ ਨੂੰਹ ਨੇ ਜੂਨੀਅਰ ਟਰੰਪ ਤੋਂ ਤਲਾਕ ਦੀ ਅਰਜ਼ੀ ਪਾਈ


ਨਿਊਯਾਰਕ, 17 ਮਾਰਚ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੂੰਹ ਨੇ ਆਪਣੇ ਪਤੀ ਟਰੰਪ ਜੂਨੀਅਰ ਤੋਂ ਤਲਾਕ ਲੈਣ ਲਈ ਅਰਜ਼ੀ ਦਾਇਰ ਕੀਤੀ ਹੈ। ਇਸ ਜੋੜੇ ਦੇ ਵਿਆਹ ਨੂੰ 12 ਸਾਲ ਹੋ ਚੁੱਕੇ ਹਨ ਤੇ ਉਨ੍ਹਾਂ ਦੇ ਪੰਜ ਬੱਚੇ ਹਨ ਤੇ ਹੁਣ ਵੱਖਰੇ ਹੋਣ ਦੀ ਨੌਬਤ ਆ ਗਈ ਹੈ।
ਨਿਊ ਯਾਰਕ ਟਾਈਮਜ਼ ਨੇ ਇਕ ਰਿਪੋਰਟ ਵਿੱਚ ਕਿਹਾ ਹੈ ਕਿ ਵੈਨੇਸਾ ਹੇਡਨ ਟਰੰਪ (40) ਨੇ ਆਪਣੇ ਪਤੀ ਤੇ ਅਮਰੀਕੀ ਰਾਸ਼ਟਰਪਤੀ ਦੇ ਵੱਡੇ ਪੁੱਤਰ ਤੋਂ ਤਲਾਕ ਲੈਣ ਲਈ ਮੈਨਹੈਟਨ ਅਦਾਲਤ ਵਿੱਚ ਅਰਜ਼ੀ ਦਾਖਲ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਿੰਨ ਵਿਆਹਾਂ ਤੋਂ ਉਨ੍ਹਾਂ ਦੇ ਪੰਜ ਬੱਚੇ ਹਨ। ਇਨ੍ਹਾਂ ਵਿੱਚੋਂ ਟਰੰਪ ਜੂਨੀਅਰ (40) ਸਾਰਿਆਂ ਤੋਂ ਵੱਡਾ ਹੈ। ਮਿਲੀ ਜਾਣਕਾਰੀ ਅਨੁਸਾਰ ਮਾਡਲ ਰਹਿ ਚੁੱਕੀ ਵੈਨੇਸਾ ਦੀ ਟਰੰਪ ਜੂਨੀਅਰ ਨਾਲ ਮੁਲਾਕਾਤ 2003 ਵਿੱਚ ਇਕ ਫੈਸ਼ਨ ਸ਼ੋਅ ਮੌਕੇ ਹੋਈ ਸੀ। ਡੋਨਾਲਡ ਟਰੰਪ ਨੇ ਦੋਵਾਂ ਨੂੰ ਇਕ ਦੂਜੇ ਦੇ ਰੂਬਰੂ ਕਰਵਾਇਆ ਸੀ। ਦੋ ਸਾਲ ਮਗਰੋਂ ਫਲੋਰਿਡਾ ਦੇ ਪਰਵਾਰਕ ਕਲੱਬ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਜੋੜੇ ਨੇ ਸਾਂਝੇ ਬਿਆਨ ਵਿੱਚ ਕਿਹਾ, ‘ਬਾਰ੍ਹਾਂ ਸਾਲਾਂ ਦੇ ਵਿਆਹ ਮਗਰੋਂ ਅਸੀਂ ਆਪਣੇ ਰਾਹ ਜੁਦਾ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਹਮੇਸ਼ਾ ਇਕ ਦੂਜੇ ਦਾ ਤੇ ਆਪਣੇ ਪਰਵਾਰਾਂ ਦਾ ਸਤਿਕਾਰ ਕਰਦੇ ਰਹਾਂਗੇ। ਸਾਡੇ ਬੱਚੇ ਸਾਡੀ ਪਹਿਲੀ ਤਰਜੀਹ ਰਹਿਣਗੇ।’