ਟਰੰਪ ਦੀ ਧਮਕੀ ਨਾਲ ਚੀਨ ਤੇ ਯੂਰਪੀਨ ਦੇਸ਼ਾਂ ਨਾਲ ਟਰੇਡ-ਵਾਰ ਦਾ ਖਤਰਾ ਵਧਿਆ


ਨਵੀਂ ਦਿੱਲੀ, 12 ਮਾਰਚ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਜੇ ਯੂਰਪੀ ਯੂਨੀਅਨ (ਈ ਯੂ) ਉਸ ਦੇ ਸਟੀਲ ਅਤੇ ਐਲੂਮੀਨੀਅਮ ਉੱਤੇ ਇੰਪੋਰਟ ਡਿਊਟੀ ਦੇ ਵਿਚਾਰ ਦੇ ਵਿਰੁੱਧ ਕਦਮ ਚੁੱਕੇਗਾ ਤਾਂ ਉਹ ਯੂਰਪੀ ਕਾਰਾਂ ਉਤੇ ਨਵਾਂ ਟੈਕਸ ਲਾ ਦੇਣਗੇ। ਟਰੰਪ ਨੇ ਬੀਤੇ ਵੀਰਵਾਰ ਨੂੰ ਸਟੀਲ ‘ਤੇ 25 ਫੀਸਦੀ ਇੰਪੋਰਟ ਡਿਊਟੀ ਅਤੇ ਐਲੂਮੀਨੀਅਮ ਦੀ ਦਰਾਮਦ ਉੱਤੇ 10 ਫੀਸਦੀ ਡਿਊਟੀ ਲਾਉਣ ਦਾ ਫੈਸਲਾ ਕੀਤਾ ਸੀ। ਟਰੰਪ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਇਸ ਕਦਮ ਨਾਲ ਘਰੇਲੂ ਪੱਧਰ ‘ਤੇ ਇਨ੍ਹਾਂ ਉਦਯੋਗਾਂ ਨੂੰ ਲਾਭ ਪਹੁੰਚੇਗਾ।
ਡੋਨਾਲਡ ਟਰੰਪ ਦੇ ਇਸ ਫੈਸਲੇ ਦੀ ਕੌਮਾਂਤਰੀ ਪੱਧਰ ‘ਤੇ ਉਨ੍ਹਾਂ ਦੇ ਵਪਾਰਕ ਹਿੱਸੇਦਾਰ ਆਲੋਚਨਾ ਕਰ ਰਹੇ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਨਾਲ ਚੀਨ ਅਤੇ ਯੂਰਪੀ ਯੂਨੀਅਨ ਨਾਲ ਵਪਾਰਕ ਯੁੱਧ ਸ਼ੁਰੂ ਹੋ ਸਕਦਾ ਹੈ। ਟਰੰਪ ਨੇ ਇਹ ਪ੍ਰਤੀਕਿਰਿਆ ਯੂਰਪੀ ਯੂਨੀਅਨ ਦੇ ਅਧਿਕਾਰੀਆਂ ਦੇ ਉਸ ਬਿਆਨ ਤੋਂ ਬਾਅਦ ਦਿੱਤੀ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਅਮਰੀਕਾ ਦੇ ਸਟੀਲ ਅਤੇ ਐਲੂਮੀਨੀਅਮ ਉੱਤੇ ਇੰਪੋਰਟ ਡਿਊਟੀ ਲਾਉਣ ਪਿੱਛੋਂ ਉਹ ਵੀ ਅਮਰੀਕਾ ਵਿੱਚ ਬਣੀ ਹਾਰਲੇ ਡੇਵਿਡਸਨ ਬਾਈਕ, ਬਰਬਨ ਵ੍ਹਿਸਕੀ ਅਤੇ ਲੇਵੀ ਜੀਨਸ ਸਮੇਤ ਅਮਰੀਕੀ ਸਾਮਾਨ ਉਤੇ ਨਵੇਂ ਟੈਕਸ ਲਾਉਣਗੇ। ਇਸ ਤੋਂ ਬਾਅਦ ਟਰੰਪ ਨੇ ਬਾਕਾਇਦਾ ਧਮਕੀ ਭਰੇ ਲਹਿਜ਼ੇ ਵਿੱਚ ਟਵੀਟ ਕੀਤਾ ਕਿ ਜੇ ਯੂਰਪੀ ਯੂਨੀਅਨ ਉਥੇ ਕੰਮ ਕਰ ਰਹੀਆਂ ਅਮਰੀਕੀ ਕੰਪਨੀਆਂ ਉੱਤੇ ਟੈਕਸ ਵਧਾਏਗੀ, ਜੋ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਤਾਂ ਅਸੀਂ ਅਮਰੀਕਾ ਵਿੱਚ ਉਨ੍ਹਾਂ ਦੀਆਂ ਕਾਰਾਂ ‘ਉੱਤੇ ਵੀ ਟੈਕਸ ਵਧਾ ਦੇਵਾਂਗੇ। ਇਸ ਦੌਰਾਨ ਅਮਰੀਕਾ ਪੁੱਜੇ ਸਵੀਡਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਰਪੀ ਯੂਨੀਅਨ ਅਮਰੀਕਾ ਨਾਲ ਕੁਝ ਜ਼ਿਆਦਾ ਸਖਤ ਵਿਹਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਈ ਯੂ ਅਤੇ ਟਰੰਪ ਵਿਚਾਲੇ ਇਸ ਸਭ ਦਰਮਿਆਨ ਅਮਰੀਕਾ ਦੇ ਨਾਲ ਵਪਾਰ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਦੇ ਬਾਵਜੂਦ ਉਹ ਆਪਣੀਆਂ ਕਾਰਾਂ ਅਤੇ ਹੋਰ ਸਾਮਾਨ ਅਮਰੀਕਾ ਭੇਜ ਰਹੇ ਹਨ।