ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਖਿਲਾਫ ਮੁਜ਼ਾਹਰਾ ਕਰਨ ਵਾਲੇ 600 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਵਾਸਿ਼ੰਗਟਨ, 29 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਮਾਈਗ੍ਰੈਂਟ ਪਰਿਵਾਰਾਂ ਨਾਲ ਕੀਤੇ ਜਾ ਰਹੇ ਸਲੂਕ ਖਿਲਾਫ ਵੀਰਵਾਰ ਨੂੰ ਸੈਂਕੜੇ ਔਰਤਾਂ ਨੇ ਸੈਨੇਟ ਆਫਿਸ ਬਿਲਡਿੰਗ ਵਿੱਚ ਉੱਚੀ ਉੱਚੀ ਨਾਅਰੇਬਾਜ਼ੀ ਕਰਕੇ ਆਪਣੇ ਰੋਹ ਦਾ ਮੁਜ਼ਾਹਰਾ ਕੀਤਾ। ਨੀਤੀਘਾੜਿਆਂ ਵੱਲੋਂ ਟਵਿੱਟਰ ਉੱਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਮਹਿਲਾਵਾਂ ਵਿੱਚ ਵਾਸਿ਼ੰਗਟਨ ਸਟੇਟ ਦੀਆਂ ਕਾਂਗਰਸਵੁਮਨ ਵੀ ਸ਼ਾਮਲ ਸਨ। ਇਸ ਦੌਰਾਨ 600 ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।
ਇਮੀਗ੍ਰੈਂਟ ਪਰਿਵਾਰਾਂ ਨੂੰ ਵੱਖ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਨੀਤੀ ਦੇ ਸਬੰਧ ਵਿੱਚ ਦੇਸ਼ ਭਰ ਵਿੱਚ ਕੀਤੇ ਜਾ ਰਹੇ ਮੁਜ਼ਾਹਰਿਆਂ ਦਾ ਹੀ ਇਹ ਰੋਸ ਪ੍ਰਦਰਸ਼ਨ ਵੀ ਹਿੱਸਾ ਸੀ। ਇਨ੍ਹਾਂ ਮੁਜ਼ਾਹਰਾਕਾਰੀਆਂ ਨੇ ਸ਼ਨਿੱਚਰਵਾਰ ਨੂੰ ਅਮਰੀਕਾ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਹੋਣ ਵਾਲੇ ਅਜਿਹੇ ਕਈ ਮੁਜ਼ਾਹਰਿਆਂ ਦੀ ਝਲਕ ਹੀ ਪੇਸ਼ ਕੀਤੀ। ਨਿੱਤ ਦਿਹਾੜੇ ਅਮਰੀਕਾ ਵਿੱਚ ਇਮੀਗ੍ਰੈਂਟਸ ਪਰਿਵਾਰਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕੀਤਾ ਜਾ ਰਿਹਾ ਹੈ ਤੇ ਫਿਰ ਇੱਕ ਤਰ੍ਹਾਂ ਸਲਾਖਾਂ ਪਿੱਛੇ ਡੱਕਿਆ ਜਾ ਰਿਹਾ ਹੈ, ਰੋਜ਼ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਜੁਦਾ ਹੁੰਦੇ ਸਮੇਂ ਬੱਚਿਆਂ ਤੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੁੰਦਾ ਹੈ।
ਇਸ ਸੱਭ ਖਿਲਾਫ ਹੀ ਸੈਂਕੜੇ ਮਹਿਲਾਵਾਂ ਸੈਨੇਟ ਹਾਰਟ ਆਫਿਸ ਦੀ ਇਮਾਰਤ ਦੇ ਫਰਸ਼ ਉੱਤੇ ਬੈਠ ਗਈਆਂ ਤੇ ਉਨ੍ਹਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਕਈ ਡੈਮੋਕ੍ਰੈਟਸ ਵੀ ਇਸ ਮੌਕੇ ਮੌਜੂਦ ਸਨ। ਇਨ੍ਹਾਂ ਮਹਿਲਾਵਾਂ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਪਰਿਵਾਰਾਂ ਨੂੰ ਮੁਕਤ ਕੀਤਾ ਜਾਵੇ ਤਾਂ ਕਿ ਸਾਡਾ ਮੁਲਕ ਜਮਹੂਰੀਅਤ ਦੀ ਮਿਸਾਲ ਪੇਸ਼ ਕਰ ਸਕੇ। ਕਈਆਂ ਨੇ ਅਮਰੀਕਾ ਦੀਆਂ ਡਿਟੈਨਸ਼ਨ ਫੈਸਿਲਿਟੀਜ਼ ਵਿੱਚ ਮਾਈਗ੍ਰੈਂਟਸ ਨੂੰ ਦਿੱਤੇ ਜਾਣ ਵਾਲੇ ਕੰਬਲਾਂ ਨਾਲ ਮੇਲ ਖਾਂਦੇ ਕੰਬਲ ਵੀ ਪਾਏ ਹੋਏ ਸਨ।
ਇਸ ਮੁਜ਼ਾਹਰੇ ਦਾ ਆਯੋਜਨ ਦੋ ਲਿਬਰਲ ਗਰੁੱਪਜ਼, ਵੁਮਨਜ਼ ਮਾਰਚ ਤੇ ਦ ਸੈਂਟਰ ਫੌਰ ਪੌਪੂਲਰ ਡੈਮੋਕ੍ਰੈਸੀ ਐਕਸ਼ਨ ਵੱਲੋਂ ਕੀਤਾ ਗਿਆ। ਇਹ ਸਾਰਾ ਵਿਰੋਧ ਪ੍ਰਦਰਸ਼ਨ ਦੋ ਘੰਟੇ ਲਈ ਚੱਲਿਆ।