ਟਰੰਪ ਉੱਤੇ ਵ੍ਹਾਈਟ ਹਾਊਸ ਨੂੰ ਮਾਫੀਆ ਬਾਸ ਦੀ ਤਰ੍ਹਾਂ ਚਲਾਉਣ ਦਾ ਦੋਸ਼


ਵਾਸ਼ਿੰਗਟਨ, 14 ਅਪ੍ਰੈਲ (ਪੋਸਟ ਬਿਊਰੋ)- ਅਮਰੀਕੀ ਖੁਫੀਆ ਏਜੰਸੀ ਐਫ ਬੀ ਆਈ ਦੇ ਸਾਬਕਾ ਡਾਇਰੈਕਟਰ ਜੇਮਸ ਕੋਮੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਡਾਨ ਵਾਂਗ ਕੰਮ ਕਰਨ ਦਾ ਦੋਸ਼ ਲਾਇਆ ਹੈ।
ਆਪਣੀ ਨਵੀਂ ਕਿਤਾਬ ਵਿੱਚ ਜੇਮਸ ਕੋਮੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਮਾਫੀਆ ਬਾਸ ਦੀ ਤਰ੍ਹਾਂ ਵ੍ਹਾਈਟ ਹਾਊਸ ਨੂੰ ਚਲਾ ਰਹੇ ਹਨ। ਇਸ ਪੁਸਤਕ ਦੇ ਅਨੁਸਾਰ ਟਰੰਪ ਨੇ ਕੋਮੀ ਨੂੰ ਅਜਿਹੇ ਮਾਫੀਆ ਬਾਸ ਦੀ ਯਾਦ ਦਿਵਾ ਦਿੱਤੀ ਹੈ, ਜੋ ਆਪਣੇ ਅਧੀਨ ਲੋਕਾਂ ਤੋਂ ਪੂਰੀ ਵਫਾਦਾਰੀ ਦੀ ਉਮੀਦ ਕਰਦਾ ਹੈ। ਵਰਨਣ ਯੋਗ ਹੈ ਕਿ ਜੇਮਸ ਕੋਮੀ ਨੂੰ ਡੋਨਾਲਡ ਟਰੰਪ ਨੇ ਮਈ 2017 ਵਿੱਚ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਇਸ ਪਿੱਛੋਂ ਦਾਅਵਾ ਕੀਤਾ ਗਿਆ ਸੀ ਕਿ ਜੇਮਸ ਕੋਮੀ ਨੂੰ ਰਾਸ਼ਟਰਪਤੀ ਟਰੰਪ ਨੇ ਧਮਕਾਇਆ ਸੀ। ਕੋਮੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਲਈ ਬਰਖਾਸਤ ਕੀਤਾ ਗਿਆ ਕਿ ਚੋਣਾਂ ਵਿੱਚ ਰੂਸ ਦੇ ਦਖਲ ਦੀ ਜਾਂਚ ਦੇ ਤਰੀਕੇ ਨੂੰ ਬਦਲਿਆ ਜਾ ਸਕੇ। ਅਮਰੀਕੀ ਮੀਡੀਆ ਵਿੱਚ ਲੀਕ ਹੋਏ ਇਸ ਕਿਤਾਬ ਦੇ ਅੰਸ਼ਾਂ ਮੁਤਾਬਕ ਟਰੰਪ ਇਕ ਵੀਡੀਓ ਕਾਰਨ ਡਰੇ ਹੋਏ ਹਨ ਜਿਸ ਵਿੱਚ ਉਨ੍ਹਾਂ ਵੱਲੋਂ ਬੁਲਾਈਆਂ ਕਾਲ ਗਰਲਸ ਨੇ ਮਾਸਕੋ ਵਿੱਚ ਹੋਟਲ ਦੇ ਇਕ ਕਮਰੇ ਵਿੱਚ ਬਿਸਤਰ ਗਿੱਲਾ ਕਰ ਦਿੱਤਾ ਸੀ। ਜੇਮਸ ਕੋਮੀ ਦੀ ‘ਏ ਹਾਇਰ ਲਾਇਲਟੀ- ਟਰੂਥ ਲਾਈ ਐਂਡ ਲੀਡਰਸ਼ਿਪ’ ਸਿਰਲੇਖ ਵਾਲੀ ਕਿਤਾਬ ਦੀ ਅਧਿਕਾਰਕ ਰੂਪ ਨਾਲ ਅਗਲੇ ਮੰਗਲਵਾਰ ਨੂੰ ਘੁੰਡ ਚੁਕਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਇਕ ਵੱਖ ਹੀ ਦੁਨੀਆ ਵਿੱਚ ਰਹਿੰਦੇ ਹਨ, ਜਿਸ ਵਿੱਚ ਉਨ੍ਹਾਂ ਨੇ ਬਾਕੀਆਂ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕੀਤੀ।