ਟਰੰਪ ਉੱਤੇ ਕੇਸ ਕਰ ਚੁੱਕੀ ਸਟਾਰਮੀ ਡੇਨੀਅਲਸ ਨੇ ਧਮਕੀਆਂ ਮਿਲਣ ਦੇ ਦੋਸ਼ ਲਾਏ


ਲਾਸ ਏਂਜਲਸ, 18 ਮਾਰਚ (ਪੋਸਟ ਬਿਊਰੋ)- ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਨ੍ਹਾਂ ਨਾਲ ਸੈਕਸੀ ਸੰਬੰਧ ਸਥਾਪਤ ਕਰਨ ਦਾ ਦਾਅਵਾ ਕਰ ਚੁੱਕੀ ਪੋਰਨ ਸਟਾਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਪੋਰਨ ਸਟਾਰ ਸਟਾਰਮੀ ਡੇਨੀਅਲਸ ਦੇ ਵਕੀਲ ਨੇ ਕੱਲ੍ਹ ਇਹ ਦੋਸ਼ ਲਾਇਆ।
ਸਟਾਰਮੀ ਡੇਨੀਅਲਸ ਦਾ ਅਸਲੀ ਨਾਂ ਸਟਿਫੈਨੀ ਕਲਿਫੋਰਡ ਹੈ। ਉਹ ਉਸ ਸਮਝੌਤੇ ਨੂੰ ਨਾ ਮੰਨਣ ਯੋਗ ਐਲਾਨ ਕਰਨ ਲਈ ਅਦਾਲਤੀ ਕੇਸ ਲੜ ਰਹੀ ਹੈ, ਜਿਸ ‘ਤੇ ਉਨ੍ਹਾਂ 2016 ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹਸਤਾਖਰ ਕੀਤੇ ਸਨ। ਉਸ ਸਮਝੌਤੇ ‘ਤੇ ਦਸਖਤ ਦਾ ਮਤਲਬ ਸੀ ਕਿ ਉਹ ਟਰੰਪ ਨਾਲ ਆਪਣੇ ਸੰਬੰਧਾਂ ਦਾ ਖੁਲਾਸਾ ਨਹੀਂ ਕਰੇਗੀ। ਉਸ ਦਾ ਕਹਿਣਾ ਹੈ ਕਿ 2006 ਵਿੱਚ ਉਨ੍ਹਾਂ ਦਾ ਟਰੰਪ ਨਾਲ ਸੰਬੰਧ ਬਣਿਆ ਅਤੇ ਸਾਲ ਕੁ ਚੱਲਿਆ ਸੀ। ਡੋਨਾਲਡ ਟਰੰਪ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਸਟਾਰਮੀ ਨੇ ਸਮਝੌਤੇ ਦੀ ਉਲੰਘਣਾ ਕੀਤੀ ਹੈ ਤੇ ਇਸ ਕਰ ਕੇ ਉਸ ਨੂੰ ਦੋ ਕਰੋੜ ਡਾਲਰ ਤੋਂ ਵੱਧ ਹਰਜਾਨੇ ਲਈ ਭਰਨੇ ਪੈਣਗੇ। ਪੋਰਨ ਸਟਾਰ ਸਟਾਰਮੀ ਦੇ ਵਕੀਲ ਮਾਈਕਲ ਏਵਨਟੀ ਨੇ ਦੱਸਿਆ ਕਿ ਉਨ੍ਹਾਂ ਦੀ ਕਲਾਈਂਟ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਪਰ ਉਨ੍ਹਾਂ ਇਸ ਦਾ ਵੇਰਵਾ ਨਹੀਂ ਦਿੱਤਾ। ਉਨ੍ਹਾਂ ਇਹ ਵੀ ਨਹੀਂ ਦੱਸਿਆ ਕਿ ਧਮਕੀ ਦੇਣ ਵਾਲੇ ਕੌਣ ਸਨ ਅਤੇ ਕੀ ਉਹ ਰਾਸ਼ਟਰਪਤੀ, ਟਰੰਪ ਕੈਂਪੇਨ ਟੀਮ ਜਾਂ ਟਰੰਪ ਦੀ ਸੰਸਥਾ ਨਾਲ ਜੁੜੇ ਹੋਏ ਹਨ ਜਾਂ ਨਹੀਂ।