ਟਰੈਵਲ ਏਜੰਟ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ


ਟਾਂਗਰਾ, 11 ਮਈ (ਪੋਸਟ ਬਿਊਰੋ)- ਏਥੋਂ ਨੇੜਲੇ ਪਿੰਡ ਬੇਰੀਆਂ ਵਾਲਾ ਦੇ ਵਾਸੀ ਸੁਖਵਿੰਦਰ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ।
ਮ੍ਰਿਤਕ ਦੀ ਪਤਨੀ ਮਨਜੀਤ ਕੌਰ ਨੇ ਥਾਣਾ ਤਰਸਿੱਕਾ ਵਿੱਚ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਟਰੈਵਲ ਏਜੰਟ ਦਾ ਕੰਮ ਕਰਦਾ ਸੀ, ਜਿਸ ਨੇ ਬਿੱਕਾ, ਪਿੰਡ ਤਲਵੰਡੀ ਨੂੰ ਪਰਦੇਸ ਭੇਜਣ ਦੀ ਕੋਸ਼ਿਸ਼ ਕੀਤੀ ਤੇ ਕੁਝ ਪੈਸੇ ਲਏ ਸਨ, ਪਰ ਵਿਦੇਸ਼ ਨਹੀਂ ਭੇਜ ਸਕਿਆ। 50 ਹਜ਼ਾਰ ਰੁਪਏ ਸਰਪੰਚ ਹਰਜਿੰਦਰ ਸਿੰਘ ਰਾਹੀਂ ਵਾਪਸ ਕਰ ਦਿੱਤੇ ਸਨ, ਪਰ ਬਿੱਕਾ ਅਤੇ ਉਸ ਦਾ ਭਰਾ ਗਗਨ, ਸੁਖਦੇਵ ਸਿੰਘ ਵਾਸੀ ਜੋਧਾਨਗਰੀ ਅਤੇ ਜੋਧਾਨਗਰੀ ਟੈਂਕੀ ‘ਤੇ ਕੰਮ ਕਰਦਾ ਵਿਅਕਤੀ ਤੰਗ ਕਰਦੇ ਸਨ ਤੇ ਪੈਸਾ ਵਿਆਜ ਸਣੇ ਮੋੜਨ ਲਈ ਦਬਾਅ ਪਾਉਂਦੇ ਸਨ। ਉਸ ਨੇ ਦੱਸਿਆ ਕਿ ਪਿੱਛੇ ਜਿਹੇ ਉਕਤ ਵਿਅਕਤੀਆਂ ਨੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਸੀ, ਜਿਸ ਕਰਕੇ ਉਹ ਕਾਫੀ ਪਰੇਸ਼ਾਨ ਸੀ। ਸ਼ਰੀਕੇ ਵਿੱਚੋਂ ਚਾਚੀ ਗੁਰਿੰਦਰ ਕੌਰ ਪਤਨੀ ਗੁਰਬਚਨ ਸਿੰਘ ਵਾਸੀ ਬੇਰੀਆਂ ਵਾਲਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਉਸ ਦੇ ਵਟਸਐਪ ਉਤੇ ਵੀਡੀਓ ਪਾਈ ਹੈ ਕਿ ਉਹ ਉਕਤ ਵਿਅਕਤੀਆਂ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਲੱਗਾ ਹੈ। ਇਸ ਦੌਰਾਨ ਉਸ ਨੇ ਆਪਣੇ ਦਿਓਰ ਸੁਖਜਿੰਦਰ ਸਿੰਘ ਨੂੰ ਨਾਲ ਲੈ ਕੇ ਪਤੀ ਦੀ ਭਾਲ ਕੀਤੀ ਤਾਂ ਉਹ ਬੇਰੀਆਂ ਵਾਲਾ ਤੋਂ ਕਾਲੇਕੇ ਰੋਡ ‘ਤੇ ਕਾਰ ਇੰਡੀਕਾ ਵਿਸਟਾ ਵਿੱਚ ਨੀਮ ਬੇਹੋਸ਼ੀ ਵਿੱਚ ਪਿਆ ਮਿਲਿਆ। ਉਸ ਨੇ ਕੋਈ ਜ਼ਹਿਰੀਲੀ ਦਵਾਈ ਖਾਧੀ ਹੋਈ ਸੀ। ਉਸ ਨੂੰ ਗੁਰੂ ਰਾਮਦਾਸ ਹਸਪਤਾਲ ਹੋਠੀਆਂ ਲੈ ਕੇ ਗਏ ਤਾਂ ਡਾਕਟਰਾਂ ਨੇ ਦੱਸਿਆ ਕਿ ਮੌਤ ਹੋ ਚੁੱਕੀ ਹੈ। ਥਾਣਾ ਤਰਸਿੱਕਾ ਵੱਲੋਂ ਮਨਜੀਤ ਕੌਰ ਦੇ ਬਿਆਨਾਂ ‘ਤੇ ਬਿੱਕਾ ਪੁੱਤਰ ਹਰਜਿੰਦਰ ਸਿੰਘ, ਗਗਨ ਪੁੱਤਰ ਹਰਜਿੰਦਰ ਸਿੰਘ ਦੋਵੇਂ ਵਾਸੀ ਪਿੰਡ ਤਲਵੰਡੀ, ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜੋਧਾਨਗਰੀ ਆਦਿ ‘ਤੇ ਕੇਸ ਦਰਜ ਕਰ ਲਿਆ ਹੈ।