ਟਰੈਕਟਰ ਟਰੇਲਰ ਤੇ ਐਸਯੂਵੀ ਦੀ ਟੱਕਰ ਵਿੱਚ ਸਾਰੇ ਪੈਸੈਂਜਰਜ਼ ਦੇ ਮਾਰੇ ਜਾਣ ਦਾ ਖਦਸ਼ਾ


ਪੈਰੀ ਸਾਊਂਡ, ਓਨਟਾਰੀਓ, 7 ਫਰਵਰੀ (ਪੋਸਟ ਬਿਊਰੋ): ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਪੈਰੀ ਸਾਊਂਡ, ਓਨਟਾਰੀਓ ਦੇ ਉੱਤਰ ਵੱਲ ਟਰੈਕਟਰ ਟਰੇਲਰ ਨਾਲ ਟਕਰਾਈ ਐਸਯੂਵੀ ਵਿੱਚ ਸਵਾਰ ਸਾਰੇ ਯਾਤਰੀ ਮਾਰੇ ਗਏ।
ਪੁਲਿਸ ਨੇ ਦੱਸਿਆ ਕਿ ਐਸਯੂਵੀ ਟਰੈਫਿਕ ਦੀ ਗਲਤ ਲੇਨ ਵਿੱਚ ਦਾਖਲ ਹੋਣ ਤੋਂ ਬਾਅਦ ਇੱਕ ਟਰੱਕ ਨਾਲ ਸਿੱਧਿਆਂ ਜਾ ਟਕਰਾਈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੱਡੀ ਵਿੱਚ ਕਿੰਨੇ ਲੋਕ ਸਵਾਰ ਸਨ। ਸਾਰਜੈਂਟ ਕਾਰਲੋ ਬੇਰਾਰਡੀ ਦਾ ਕਹਿਣਾ ਹੈ ਕਿ ਜਿੰਨੇ ਚਿਰ ਨੂੰ ਐਮਰਜੰਸੀ ਅਮਲਾ ਪਹੁੰਚਿਆਂ ਤਾਂ ਐਸਯੂਵੀ ਪੂਰੀ ਤਰ੍ਹਾਂ ਅੱਗ ਦੀਆਂ ਲਪਟਾਂ ਵਿੱਚ ਘਿਰ ਚੁੱਕੀ ਸੀ। ਇਹ ਹਾਦਸਾ 4:00 ਵਜੇ ਹਾਈਵੇਅ 69 ਉੱਤੇ ਸ਼ਵਾਨਾਗਾ ਫਰਸਟ ਨੇਸ਼ਨ ਲਾਗੇ ਵਾਪਰਿਆ।
ਟੋਰਾਂਟੋ ਦੇ ਸੈਂਟਰ ਆਫ ਫੋਰੈਂਸਿਕ ਸਾਇੰਸਿਜ਼ ਜਾਂਚਕਾਰਾਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਪੂਰੀ ਤਰ੍ਹਾਂ ਛਾਣਬੀਣ ਕਰ ਰਹੇ ਹਨ ਤੇ ਜਦੋਂ ਉਨ੍ਹਾਂ ਨੂੰ ਮ੍ਰਿਤਕਾਂ ਦਾ ਪਤਾ ਲੱਗੇਗਾ ਉਹ ਪੁਲਿਸ ਨੂੰ ਦੱਸ ਦੇਣਗੇ। ਪੁਲਿਸ ਨੇ ਦੱਸਿਆ ਕਿ ਟਰਾਂਸਪੋਰਟ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਫੇਟ ਨਹੀਂ ਲੱਗੀ ਤੇ ਉਨ੍ਹਾਂ ਵੱਲੋਂ ਇਸ ਹਾਦਸੇ ਵਿੱਚ ਕੋਈ ਚਾਰਜਿਜ਼ ਵੀ ਨਹੀਂ ਲਾਏ ਜਾ ਰਹੇ। ਜਾਂਚ ਲਈ ਹਾਈਵੇਅ 69 ਨੂੰ ਸੱਤ ਘੰਟਿਆਂ ਤੋਂ ਵੀ ਵੱਧ ਸਮੇਂ ਲਈ ਬੰਦ ਰੱਖਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਜਾਂਚ ਅਜੇ ਵੀ ਜਾਰੀ ਹੈ।