ਟਰੂਡੋ ਨੇ ਬਹਾਮਾਸ ਵਿੱਚ ਮਨਾਈਆਂ ਛੁੱਟੀਆਂ ਤੇ ਨਵੀਂ ਟੈਕਸ ਯੋਜਨਾ ਨੂੰ ਸਹੀ ਦੱਸਿਆ

ttਓਟਵਾ, 13 ਸਤੰਬਰ (ਪੋਸਟ ਬਿਊਰੋ) : ਲਿਬਰਲ ਕੈਬਨਿਟ ਰਟਰੀਟ ਬੁੱਧਵਾਰ ਨੂੰ ਮੁੱਕਣ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਛੁੱਟੀਆਂ ਲਈ ਬਹਾਮਾਸ ਦੇ ਕੀਤੇ ਆਪਣੇ ਦੌਰੇ ਤੇ ਨੇੜ ਭਵਿੱਖ ਵਿੱਚ ਹੋਣ ਵਾਲੀਆਂ ਟੈਕਸ ਤਬਦੀਲੀਆਂ ਨੂੰ ਸਹੀ ਦੱਸਿਆ।
ਸੇਂਟ ਜੌਹਨਜ਼ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਟਰੂਡੋ ਤੋਂ ਜਦੋਂ ਇੱਕ ਰਿਪੋਰਟ ਦੇ ਅਧਾਰ ਉੱਤੇ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੇ ਬਹਾਮਾਸ ਵਿਚਲੇ ਬੈੱਲ ਆਈਲੈਂਡ ਦੇ ਵਿਵਾਦਗ੍ਰਸਤ ਦੌਰੇ ਦੌਰਾਨ ਨਾਲ ਗਏ ਆਰਸੀਐਮਪੀ ਅਧਿਕਾਰੀਆਂ ਦਾ ਵੀ ਵੱਡਾ ਬਿੱਲ ਬਣਿਆ ਤਾਂ ਟਰੂਡੋ ਨੇ ਉਸ ਨੂੰ ਜਾਇਜ਼ ਠਹਿਰਾਇਆ। ਟਰੂਡੋ ਤੋਂ ਇਹ ਵੀ ਪੁੱਛਿਆ ਗਿਆ ਕਿ ਸੰਸਦ ਨੂੰ ਜਿੰਨਾ ਖਰਚਾ ਦੱਸਿਆ ਗਿਆ ਉਸ ਨਾਲੋਂ ਕਿਤੇ ਵੱਧ ਖਰਚਾ ਹੋਇਆ।
ਟਰੂਡੋ ਨੇ ਆਖਿਆ ਕਿ ਉਹ ਆਰਸੀਐਮਪੀ ਦੇ ਕੰਮਕਾਰ ਜਾਂ ਉਨ੍ਹਾਂ ਦੀ ਚੋਣ ਬਾਰੇ ਕੋਈ ਸਵਾਲ ਨਹੀਂ ਕਰਨਾ ਚਾਹੁੰਦੇ। ਟਰੂਡੋ ਨੇ ਆਖਿਆ ਕਿ ਆਰਸੀਐਮਪੀ ਨੇ ਪ੍ਰਧਾਨ ਮੰਤਰੀ ਦੀ ਹਿਫਾਜ਼ਤ ਲਈ ਕਮਾਲ ਦੀਆਂ ਸੇਵਾਵਾਂ ਦਿੱਤੀਆਂ। ਜਿ਼ਕਰਯੋਗ ਹੈ ਕਿ ਟਰੂਡੋ ਨੇ ਆਪਣੇ ਨੇੜਲੇ ਦੋਸਤਾਂ ਨਾਲ ਕ੍ਰਿਸਮਸ ਦੀਆਂ ਛੁੱਟੀਆਂ ਆਗਾ ਖਾਨ ਦੇ ਮਹਿਮਾਨ ਵਜੋਂ ਬੈੱਲ ਆਈਲੈਂਡ,ਬਹਾਮਾਸ ਉੱਤੇ ਗੁਜ਼ਾਰੀਆਂ ਸਨ। ਟਰੂਡੋ ਨੇ ਇਹ ਵੀ ਆਖਿਆ ਕਿ ਭਵਿੱਖ ਵਿੱਚ ਕਿਤੇ ਵੀ ਸਫਰ ਕਰਨ ਤੋਂ ਪਹਿਲਾਂ ਉਹ ਸਾਰਿਆਂ ਨੂੰ ਦੱਸ ਕੇ ਹੀ ਜਾਣਗੇ ਤਾਂ ਕਿ ਉਨ੍ਹਾਂ ਦੇ ਦੌਰੇ ਦਾ ਮੁਲਾਂਕਣ ਕੀਤਾ ਜਾ ਸਕੇ।
ਦੂਜੇ ਪਾਸੇ ਫੈਡਰਲ ਐਥਿਕਸ ਕਮਿਸ਼ਨਰ ਪ੍ਰਾਈਵੇਟ ਆਈਲੈਂਡ ਉੱਤੇ ਪਹੁੰਚਣ ਲਈ ਟਰੂਡੋ ਵੱਲੋਂ ਵਰਤੇ ਗਏ ਪ੍ਰਾਈਵੇਟ ਹੈਲੀਕਾਪਟਰ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਸਮੇਂ ਬਿਜ਼ਨਸ ਓਨਰਜ਼ ਵੱਲੋਂ ਕਥਿਤ ਤੌਰ ਉੱਤੇ ਟੈਕਸਾਂ ਤੋਂ ਬਚਣ ਲਈ ਵਰਤੀਆਂ ਜਾਂਦੀਆਂ ਚੋਰ ਮੋਰੀਆਂ ਨੂੰ ਬੰਦ ਕਰਨ ਲਈ ਸਰਕਾਰ ਵੱਲੋਂ ਟੈਕਸ ਸਿਸਟਮ ਵਿੱਚ ਤਬਦੀਲੀ ਲਈ ਲਾਏ ਜਾ ਰਹੇ ਜੋਰ ਬਾਰੇ ਵੀ ਟਰੂਡੋ ਨੂੰ ਸਵਾਲ ਕੀਤੇ ਗਏ। ਇਨ੍ਹਾਂ ਤਬਦੀਲੀਆਂ ਦੇ ਸਬੰਧ ਵਿੱਚ ਸਰਕਾਰ ਨੂੰ ਲਿਬਰਲ ਕਾਕਸ ਦੇ ਨਾਲ ਨਾਲ ਨਿੱਕੇ ਕਾਰੋਬਾਰੀਆਂ ਤੋਂ ਵੀ ਇਤਰਾਜ਼ ਸੁਣਨੇ ਪੈ ਰਹੇ ਹਨ।
ਟਰੂਡੋ ਨੇ ਇਸ ਉੱਤੇ ਆਖਿਆ ਕਿ ਨਿੱਕੇ ਕਾਰੋਬਾਰੀਆਂ ਸਮੇਤ ਮੱਧ ਵਰਗ ਦੀ ਮਦਦ ਕਰਨ ਲਈ ਅਸੀਂ ਹਰ ਵੇਲੇ ਤਿਆਰ ਹਾਂ। ਦੂਜੇ ਪਾਸੇ ਅਸੀਂ ਤਾਂ ਅਮੀਰ ਲੋਕਾਂ ਨੂੰ ਹੀ ਆਪਣਾ ਬਣਦਾ ਹਿੱਸਾ ਥੋੜ੍ਹਾ ਜਿਆਦਾ ਦੇਣ ਲਈ ਆਖ ਰਹੇ ਹਾਂ। ਅਗਲੇ ਹਫਤੇ ਸੁ਼ਰੂ ਹੋਣ ਜਾ ਰਹੀ ਪਾਰਲੀਆਮੈਂਟ ਦੀ ਕਾਰਵਾਈ ਦੌਰਾਨ ਹਾਵੀ ਰਹਿਣ ਵਾਲੇ ਮੁੱਦੇ, ਜਿਵੇਂ ਕਿ ਜੁਲਾਈ 2018 ਤੱਕ ਸਰਕਾਰ ਵੱਲੋਂ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੀ ਯੋਜਨਾ ਤੇ ਨਾਫਟਾ ਬਾਰੇ ਚੱਲ ਰਹੀ ਗੱਲਬਾਤ, ਵੀ ਟਰੂਡੋ ਨੇ ਉਠਾਏ। ਹਾਊਸ ਆਫ ਕਾਮਨਜ਼ ਦੀ ਕਾਰਵਾਈ 18 ਸਤੰਬਰ ਤੇ ਸੈਨੇਟ ਦੀ ਕਾਰਵਾਈ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।