ਟਰੂਡੋ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਮਨੀਲਾ, ਫਿਲੀਪੀਨਜ, 13 ਨਵੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਸੀਆਨ ਸਿਖਰ ਵਾਰਤਾ ਦੌਰਾਨ ਵੱਖਰੇ ਤੌਰ ਉੱਤੇ ਨਿਊਜ਼ੀਲੈਂਡ ਦੀ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨਾਲ ਮੁਲਾਕਾਤ ਕੀਤੀ।
ਇਹ ਮੀਟਿੰਗ ਮਨੀਲਾ ਵਿੱਚ ਦੱਖਣਪੂਰਬੀ ਅਸੀਆਨ ਸਿਖਰ ਵਾਰਤਾ ਦੌਰਾਨ ਹੋਈ। ਜਿ਼ਕਰਯੋਗ ਹੈ ਕਿ ਟਰੂਡੋ ਮਨੀਲਾ ਵਿੱਚ ਹੋਈ ਸਿਖਰ ਵਾਰਤਾ ਵਿੱਚ ਸਕਿਊਰਿਟੀ ਤੇ ਵਪਾਰ ਦੇ ਖੇਤਰ ਵਿੱਚ ਕੈਨੇਡਾ ਦੀ ਹੋਂਦ ਨੂੰ ਵਧਾਉਣ ਦੀ ਕੋਸਿ਼ਸ਼ ਕਰ ਰਹੇ ਹਨ। ਦੋਵਾਂ ਦੇਸ਼ਾਂ ਤੋਂ ਆਏ ਪੱਤਰਕਾਰਾਂ ਦੇ ਸਾਹਮਣੇ ਰੱਖੀ ਗਈ ਇਸ ਮੀਟਿੰਗ ਦੌਰਾਨ ਦੋਵਾਂ ਜਵਾਨ ਪ੍ਰਧਾਨ ਮੰਤਰੀਆਂ ਨੇ ਇੱਕ ਦੂਜੇ ਦਾ ਨਿੱਘਾ ਸਵਾਗਤ ਕੀਤਾ। ਟਰੂਡੋ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਬਾਰੇ ਉਹ ਹੋਰ ਡੂੰਘਾਈ ਨਾਲ ਵਿਚਾਰ ਕਰਨ ਜਿਵੇਂ ਕਿ ਪ੍ਰੋਗਰੈਸਿਵ ਟਰੇਡ ਮੁੱਦੇ, ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਤੇ ਕੌਮਾਂਤਰੀ ਫੈਮੀਨਿਸਟ ਨੀਤੀ ਦਾ ਹੋਰ ਵਿਕਾਸ ਆਦਿ ਸ਼ਾਮਲ ਹਨ।
ਟਰੂਡੋ ਨੇ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਮੂਲਵਾਸੀਆਂ ਦਾ ਮੁੱਦਾ ਆਉਂਦਾ ਹੈ ਤਾਂ ਉਹ ਇੱਕ ਦੂਜੇ ਤੋਂ ਬਹੁਤ ਕੁੱਝ ਨਵਾਂ ਸਿੱਖ ਸਕਦੇ ਹਨ ਕਿਉਂਕਿ ਦੋਵਾਂ ਦੇਸ਼ਾਂ ਸਾਹਮਣੇ ਚੁਣੌਤੀਆਂ ਵੀ ਇੱਕ ਜਿਹੀਆਂ ਹਨ ਤੇ ਉਨ੍ਹਾਂ ਦੀ ਕਈ ਮੁੱਦਿਆਂ ਉੱਤੇ ਪਹੁੰਚ ਵੀ ਇੱਕੋ ਜਿਹੀ ਹੀ ਹੈ। 37 ਸਾਲਾ ਆਰਡਰਨ ਨੇ ਆਖਿਆ ਕਿ ਉਨ੍ਹਾਂ ਨੇ ਤੇ ਟਰੂਡੋ ਨੇ ਇਹ ਪਾਇਆ ਹੈ ਕਿ ਉਨ੍ਹਾਂ ਵਿੱਚ ਕਾਫੀ ਕੁੱਝ ਇੱਕੋ ਜਿਹਾ ਹੈ। ਇਹ ਸਾਰਾ ਕੁੱਝ ਦੇਸ਼ਾਂ, ਚੁਣੌਤੀਆਂ ਆਦਿ ਨਾਲ ਸਬੰਧਤ ਹੀ ਨਹੀਂ ਹੈ ਸਗੋਂ ਨਿਜੀ ਤੌਰ ਉੱਤੇ ਵੀ ਉਹ ਕਾਫੀ ਇੱਕੋ ਜਿਹੇ ਹਨ।