ਟਰੂਡੋ ਨੇ ਟਰਾਂਸ ਮਾਊਨਟੇਨ ਲਈ ਨਵਾਂ ਕਾਨੂੰਨ ਲਿਆਉਣ ਤੇ ਵਿੱਤੀ ਮਦਦ ਦਾ ਪ੍ਰਗਟਾਇਆ ਤਹੱਈਆ


ਓਟਵਾ, 15 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੈਕਸਦਾਤਾਵਾਂ ਦਾ ਪੈਸਾ ਉੱਥੇ ਲਾ ਰਹੇ ਹਨ ਜਿੱਥੇ ਉਨ੍ਹਾਂ ਦੀ ਸਰਕਾਰ ਦੀ ਦਿਲਚਸਪੀ ਹੈ। ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦਰਮਿਆਨ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਨੂੰ ਯਕੀਨੀ ਬਣਾਉਣ ਲਈ ਟਰੂਡੋ ਵੱਲੋਂ ਵਿੱਤੀ ਤੇ ਵਿਧਾਨਕ ਹਰ ਤਰ੍ਹਾਂ ਦਾ ਹਥਿਆਰ ਵਰਤਣ ਦਾ ਵਾਅਦਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਟਰੂਡੋ ਨੇ ਅਲਬਰਟਾ ਤੇ ਬੀਸੀ ਦੇ ਪ੍ਰੀਮੀਅਰਜ਼ ਨਾਲ ਐਤਵਾਰ ਨੂੰ ਮੁਲਾਕਾਤ ਕਰਨ ਤੋਂ ਬਾਅਦ ਆਖਿਆ ਕਿ ਬੀਸੀ ਦੇ ਤੱਟੀ ਇਲਾਕੇ ਨੂੰ ਕਿਸੇ ਵੀ ਸੰਭਾਵੀ ਤੇਲ ਦੇ ਰਿਸਾਅ ਵਾਲੀ ਸਥਿਤੀ ਤੋਂ ਸੁਰੱਖਿਅਤ ਰੱਖਣ ਲਈ ਲਿਬਰਲ ਸਰਕਾਰ ਪੂਰਾ ਜੋ਼ਰ ਲਾਵੇਗੀ। ਦੇਸ਼ ਦੀ ਰਾਜਧਾਨੀ ਵਿੱਚ ਟਰੂਡੋ ਆਪਣਾ ਵਿਸ਼ਵ ਦੌਰਾ ਵਿਚਾਲੇ ਛੱਡ ਕੇ ਅੱਠ ਘੰਟੇ ਲਈ ਰੁਕੇ। ਬੀਸੀ ਦੇ ਪ੍ਰੀਮੀਅਰ ਜੌਹਨ ਹੌਰਗਨ, ਜੋ ਕਿ ਇਸ ਪਾਈਪਲਾਈਨ ਦਾ ਵਿਰੋਧ ਕਰ ਰਹੇ ਹਨ, ਤੇ ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ, ਜਿਨ੍ਹਾਂ ਦੇ ਪ੍ਰੋਵਿੰਸ ਦੀ ਆਰਥਿਕ ਸਿਹਤ ਇਸ ਪਾਈਪਲਾਈਨ ਉੱਤੇ ਟਿਕੀ ਹੈ, ਨਾਲ ਟਰੂਡੋ ਨੇ ਖੁੱਲ੍ਹ ਕੇ ਗੱਲਬਾਤ ਕੀਤੀ।
ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਟਰੂਡੋ ਨੇ ਆਖਿਆ ਕਿ ਟਰਾਂਸ ਮਾਊਨਟੇਨ ਪਾਈਪਲਾਈਨ ਦਾ ਪਸਾਰ ਕੈਨੇਡਾ ਲਈ ਬੇਹੱਦ ਜ਼ਰੂਰੀ ਹੈ। ਇਹ ਬਣ ਕੇ ਰਹੇਗੀ। ਮੀਟਿੰਗ ਤੋਂ ਬਾਅਦ ਨੌਟਲੇ ਤੇ ਟਰੂਡੋ ਨੇ ਭਰੋਸਾ ਜਤਾਇਆ ਕਿ ਸਮਾਂ ਸੀਮਾਂ ਦਾ ਖਿਆਲ ਰੱਖਦਿਆਂ ਹੋਇਆਂ ਪਾਈਪਲਾਈਨ ਦਾ ਨਿਰਮਾਣ ਹੋਵੇਗਾ। ਦੂਜੇ ਪਾਸੇ ਹੌਰਗਨ ਨੂੰ ਇਸ ਗੱਲਬਾਤ ਤੋਂ ਕੋਈ ਬਹੁਤੀ ਤਸੱਲੀ ਨਹੀਂ ਮਿਲੀ। ਇਸੇ ਦੌਰਾਨ ਨੌਟਲੇ ਨੇ ਆਖਿਆ ਕਿ ਇਸ ਹਫਤੇ ਅਲਬਰਟਾ ਦੀ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਬੀਸੀ ਨੂੰ ਕੀਤੀ ਜਾਣ ਵਾਲੀ ਤੇਲ ਦੀ ਸਪਲਾਈ ਵਿੱਚ ਕਟੌਤੀ ਕਰਨ ਦਾ ਪ੍ਰਾਵਧਾਨ ਹੋਵੇਗਾ, ਇਸ ਨਾਲ ਬੀਸੀ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਜਾਵੇਗਾ।
ਦੂਜੇ ਪਾਸੇ ਹੌਰਗਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵੀ ਅਦਾਲਤ ਵਿੱਚ ਇਹ ਚੁਣੌਤੀ ਦਿੱਤੀ ਗਈ ਹੈ ਕਿ ਕੀ ਇਹ ਬੀਸੀ ਦੇ ਅਧਿਕਾਰ ਖੇਤਰ ਵਿੱਚ ਹੈ ਕਿ ਪਾਈਪਲਾਈਨ ਦੇ ਪਸਾਰ ਰਾਹੀਂ ਕਿਹੜੀ ਚੀਜ਼ ਉੱਥੋਂ ਲੰਘ ਸਕਦੀ ਹੈ ਜਾਂ ਨਹੀਂ। ਇਸ ਦੌਰਾਨ ਟਰੂਡੋ ਨੇ ਆਖਿਆ ਕਿ ਉਨ੍ਹਾਂ ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਹਦਾਇਤ ਦਿੱਤੀ ਹੈ ਕਿ ਉਹ ਕਿੰਡਰ ਮੌਰਗਨ ਨਾਲ ਬੈਠ ਕੇ ਨਿਵੇਸ਼ਕਾਂ ਦੀ ਰਾਹਤ ਲਈ ਇਸ ਦਾ ਕੋਈ ਵਿੱਤੀ ਹੱਲ ਕੱਢਣ।