ਟਰੂਡੋ ਨੇ ਇਰਾਕ ਵਿੱਚ ਨਵੇਂ ਟਰੇਨਿੰਗ ਮਿਸ਼ਨ ਦਾ ਕੀਤਾ ਐਲਾਨ

ਬਰੱਸਲਜ਼, 11 ਜੁਲਾਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਰਾਕ ਵਿੱਚ ਨਾਟੋ ਟਰੇਨਿੰਗ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮਿਸ਼ਨ ਦੀ ਅਗਵਾਈ ਕੈਨੇਡਾ ਕਰੇਗਾ।
ਇਸ ਤਹਿਤ 2018 ਦੇ ਅੰਤ ਵਿੱਚ ਕੈਨੇਡੀਅਨ ਆਰਮਡ ਫੋਰਸਿਜ਼ ਦੇ 250 ਕਰਮਚਾਰੀਆਂ ਨੂੰ ਇੱਕ ਸਾਲ ਲਈ ਉੱਥੇ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਨੂੰ ਬਗਦਾਦ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਾਟੋ ਦੀਆਂ ਗਤੀਵਿਧੀਆਂ ਦਾ ਸਪੋਰਟ ਕਰਨ ਲਈ ਚਾਰ ਗ੍ਰਿਫਨ ਹੈਲੀਕਾਪਟਰ ਵੀ ਉੱਥੇ ਭੇਜੇ ਜਾਣਗੇ।
ਇਸ ਸਬੰਧ ਵਿੱਚ ਐਲਾਨ ਟਰੂਡੋ ਵੱਲੋਂ ਅੱਜ ਬਰੱਸਲਜ਼ ਵਿੱਚ ਨਾਟੋ ਸਿਖਰ ਵਾਰਤਾ ਦੌਰਾਨ ਕੀਤਾ ਗਿਆ। ਉਨ੍ਹਾਂ ਇਸ ਨੂੰ ਇਰਾਕ ਵਿੱਚ ਸੰਸਥਾਗਤ ਕੈਪੈਸਿਟੀ ਦੇ ਨਿਰਮਾਣ ਵਿੱਚ ਇਸਲਾਮਿਕ ਸਟੇਟ ਅੱਤਵਾਦੀਆਂ ਦੇ ਖਿਲਾਫ ਸੰਘਰਸ਼ ਵਿੱਚ ਕੈਨੇਡਾ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਦਾ ਅਗਲਾ ਪੜਾਅ ਦੱਸਿਆ। ਇਸ ਨਵੇਂ ਨਾਟੋ ਟਰੇਨਿੰਗ ਮਿਸ਼ਨ ਵਿੱਚ ਕੈਨੇਡਾ ਦੀ ਅਗਵਾਈ ਨਾਲ ਆਈਐਸਆਈਐਲ ਖਿਲਾਫ ਗਲੋਬਲ ਗੱਠਜੋੜ ਦੀਆਂ ਮੌਜੂਦਾ ਕੋਸਿ਼ਸ਼ਾਂ ਨੂੰ ਹੁਲਾਰਾ ਹੀ ਮਿਲੇਗਾ।
ਆਪਰੇਸ਼ਨ ਇੰਪੈਕਟ ਤਹਿਤ ਕੈਨੇਡੀਅਨ ਸੈਨਾ ਪਹਿਲਾਂ ਹੀ ਸਿਖਲਾਈ ਮੁਹੱਈਆ ਕਰਵਾ ਰਹੀ ਹੈ ਤੇ ਇਸ ਦੇ ਨਾਲ ਹੀ ਇਰਾਕੀ ਸਕਿਊਰਿਟੀ ਫੋਰਸਿਜ਼ ਨੂੰ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਰੀਜਨਲ ਸੈਨਾਵਾਂ ਆਪਣੀ ਸਮਰੱਥਾ ਵਧਾ ਸਕਣਗੀਆਂ।