ਟਰੂਡੋ ਨੂੰ ਅਮਰੀਕਾ ਦੀ ਨੁਕਤਾਚੀਨੀ ਮਹਿੰਗੀ ਪਵੇਗੀ : ਟਰੰਪ

ਸਿੰਗਾਪੁਰ, 12 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਦੀ ਜਿਹੜੀ ਨੁਕਤਾਚੀਨੀ ਕੀਤੀ ਜਾ ਰਹੀ ਹੈ ਉਹ ਉਨ੍ਹਾਂ ਨੂੰ ਭਾਰੀ ਪਵੇਗੀ।
ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਨਾਲ ਸਿੰਗਾਪੁਰ ਵਿੱਚ ਸਿਖਰ ਵਾਰਤਾ ਕਰਨ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਈ ਮੁੱਦਿਆਂ ਨੂੰ ਛੋਹਿਆ। ਟਰੂਡੋ ਖਿਲਾਫ ਟਵਿੱਟਰ ਉੱਤੇ ਵਿੱਢੀ ਜੰਗ ਦੀ ਗੱਲ ਕਰਦਿਆਂ ਟਰੰਪ ਨੇ ਆਖਿਆ ਕਿ ਟਰੂਡੋ ਵੱਲੋਂ ਜੀ 7 ਦੀ ਸਮਾਪਤੀ ਮੌਕੇ ਜਿਹੜੀਆਂ ਗੱਲਾਂ ਆਖੀਆਂ ਗਈਆਂ ਉਨ੍ਹਾਂ ਨੂੰ ਸਿੰਗਾਪੁਰ ਜਾਂਦੇ ਸਮੇਂ ਉਨ੍ਹਾਂ ਨੇ ਸੁਣਿਆ। ਇਸ ਤੋਂ ਉਨ੍ਹਾਂ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਟਰੂਡੋ ਨਾਲ ਉਨ੍ਹਾਂ ਦੀ ਗੱਲਬਾਤ ਕਾਫੀ ਸਕਾਰਾਤਮਕ ਰਹੀ ਸੀ।
ਟਰੰਪ ਨੇ ਆਖਿਆ ਕਿ ਸ਼ਾਇਦ ਟਰੂਡੋ ਨੂੰ ਇਹ ਨਹੀਂ ਪਤਾ ਕਿ ਏਅਰ ਫੋਰਸ ਵੰਨ ਵਿੱਚ 20 ਟੈਲੀਵਿਜ਼ਨ ਹਨ। ਇਹ ਕਾਨਫਰੰਸ ਉਨ੍ਹਾਂ ਰਾਹ ਵਿੱਚ ਵੇਖੀ। ਜਦੋਂ ਅਸੀਂ ਜੀ 7 ਮੀਟਿੰਗ ਖ਼ਤਮ ਕੀਤੀ ਸੀ ਤਾਂ ਹਰ ਕੋਈ ਖੁਸ਼ ਸੀ। ਪਰ ਹੁਣ ਟਰੂਡੋ ਨੂੰ ਪਤਾ ਲੱਗੇਗਾ ਕਿ ਉਹ ਕੀ ਕੁੱਝ ਆਖ ਗਏ ਹਨ ਤੇ ਇਸ ਦੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਹੋਵੇਗੀ।