ਟਰੂਡੋ ਨੂੰ ਅਜੇ ਵੀ ਨਾਫਟਾ ਸਬੰਧੀ ਡੀਲ ਸਿਰੇ ਚੜ੍ਹਨ ਦੀ ਆਸ

1
ਵਾਸਿੰ਼ਗਟਨ, 11 ਅਕਤੂਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬੁੱਧਵਾਰ ਵਾਲਾ ਦਿਨ ਕਾਫੀ ਰੁਝੇਵਿਆਂ ਭਰਿਆ ਰਿਹਾ। ਇਸ ਦਿਨ ਉਨ੍ਹਾਂ ਅਮਰੀਕਾ ਦੀ ਰਾਜਧਾਨੀ ਵਾਸਿੰ਼ਗਟਨ ਵਿੱਚ ਕਈ ਮੀਟਿੰਗਾਂ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਟਰੂਡੋ ਨੂੰ ਅਜੇ ਵੀ ਨਾਫਟਾ ਡੀਲ ਦੇ ਬਿਨਾਂ ਕਿਸੇ ਅੜਿੱਕੇ ਸਿਰੇ ਚੜ੍ਹਨ ਦੀ ਆਸ ਹੈ ਜਦਕਿ ਉਨ੍ਹਾਂ ਦੇ ਆਲੇ ਦੁਆਲੇ ਵਾਲੇ ਲੋਕਾਂ ਨੂੰ ਹੁਣ ਇਹ ਯਕੀਨ ਹੋ ਚੁੱਕਿਆ ਹੈ ਕਿ ਇਹ ਡੀਲ ਸਿਰੇ ਚੜ੍ਹਨ ਵਾਲੀ ਨਹੀਂ ਹੈ।
ਕੈਨੇਡੀਅਨ ਅੰਬੈਸੀ ਦੀ ਛੱਤ ਉੱਤੇ ਟਰੂਡੋ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਨ੍ਹਾਂ ਗੱਲਬਾਤ ਦੇ ਸਕਾਰਾਤਮਕ ਨਤੀਜੇ ਨਿਕਲਣ ਦੀ ਉਨ੍ਹਾਂ ਨੂੰ ਪੂਰੀ ਆਸ ਹੈ ਤੇ ਇਸ ਦੀ ਬਹੁਤੀ ਸੰਭਾਵਨਾ ਹੈ ਕਿ ਜਿੱਤ ਉਨ੍ਹਾਂ ਦੀ ਹੀ ਹੋਵੇਗੀ। ਉਨ੍ਹਾਂ ਆਖਿਆ ਕਿ ਹਾਲਾਤ ਬਹੁਤ ਹੀ ਚੁਣੌਤੀਪੂਰਨ ਹਨ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੇ ਫੈਸਲੇ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਅਸੀਂ ਤਿਆਰ ਵੀ ਹਾਂ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਰੂਡੋ ਨੂੰ ਵਾੲ੍ਹੀਟ ਹਾਊਸ ਵਿੱਚ ਬੁੱਧਵਾਰ ਸਵੇਰੇ ਹੋਈ ਮੀਟਿੰਗ ਵਿੱਚ ਹੀ ਸਮਝਾ ਦਿੱਤਾ ਹੈ ਕਿ ਇਸ ਡੀਲ ਨੂੰ ਸਿਰੇ ਚੜ੍ਹਾਉਣ ਵਿੱਚ ਕੁੱਝ ਨਹੀਂ ਪਿਆ।
ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਡੀਲ ਨੂੰ ਖਾਰਜ ਕਰਨਾ ਇੱਕ ਬਦਲ ਹੋ ਸਕਦਾ ਹੈ। ਇਸ ਸਬੰਧ ਵਿੱਚ ਅਤੀਤ ਵਿੱਚ ਟਰੰਪ ਇਹ ਵੀ ਆਖ ਚੁੱਕੇ ਹਨ ਕਿ ਇਸ ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਡੀਲ ਕਰਨੀ ਚਾਹੀਦੀ ਹੈ। ਇਹ ਵੀ ਹੋ ਸਕਦਾ ਹੈ ਕਿ ਟਰੰਪ ਨੇ ਕੈਨੇਡਾ ਤੇ ਮੈਕਸਿਕੋ ਨਾਲ ਵੱਖ ਵੱਖ ਦੁਵੱਲੇ ਸਮਝੌਤੇ ਕਰਨ ਦੀ ਪੇਸ਼ਕਸ਼ ਕੀਤੀ ਹੋਵੇ। ਪਰ ਬੁੱਧਵਾਰ ਨੂੰ ਵਾਸਿ਼ੰਗਟਨ ਤੋਂ ਨੇੜੇ ਹੀ ਅਲੈਗਜ਼ੈਂਡਰੀਆ ਵਿੱਚ ਸ਼ੁਰੂ ਹੋਈ ਗੱਲਬਾਤ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਗੱਲਬਾਤ ਨੂੰ ਐਨੀ ਜਲਦੀ ਛੱਡ ਦੇਣਾ ਕਾਹਲੀ ਵਾਲਾ ਕੰਮ ਹੋਵੇਗਾ। ਉਨ੍ਹਾਂ ਆਖਿਆ ਕਿ ਸਾਡੇ ਕੋਲ ਮੌਕਾ ਹੈ ਕਿ ਅਸੀਂ ਕੈਨੇਡਾ, ਮੈਕਸਿਕੋ ਤੇ ਅਮਰੀਕਾ ਲਈ ਕੁੱਝ ਸਿਰਜਣਾਤਮਕ ਕਰ ਸਕੀਏ।
ਜਿ਼ਕਰਯੋਗ ਹੈ ਕਿ ਵੀਰਵਾਰ ਨੂੰ ਟਰੂਡੋ ਆਪਣੇ ਪਹਿਲੇ ਸਰਕਾਰੀ ਦੌਰੇ ਉੱਤੇ ਮੈਕਸਿਕੋ ਰਵਾਨਾ ਹੋ ਜਾਣਗੇ। ਉਥੇ ਉਹ ਰਾਸ਼ਟਰਪਤੀ ਐਨਰਿਕ ਪੇਨਾ ਨਿਏਟੋ ਨਾਲ ਮੁਲਾਕਾਤ ਕਰਨਗੇ। ਇਹ ਵੀ ਪਤਾ ਲੱਗਿਆ ਹੈ ਕਿ ਮੈਕਸਿਕੋ ਦੇ ਅਧਿਕਾਰੀਆਂ ਨੂੰ ਨਾਫਟਾ ਡੀਲ ਖਤਮ ਹੋਣ ਦਾ ਡਰ ਹੈ।