ਟਰੂਡੋ ਨਾਲ ਗੱਲਬਾਤ ’ਚ ਟਰੰਪ ਨੇ ਨਾਫਟਾ ਡੀਲ ਜਲਦ ਸਿਰੇ ਚੜ੍ਹਾਉਣ ਦੀ ਉਮੀਦ ਪ੍ਰਗਟਾਈ

ਵਾਸਿ਼ੰਗਟਨ, 13 ਮਾਰਚ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੀਤੀ ਗਈ ਫੋਨ ਕਾਲ ਵਿੱਚ ਨਾਫਟਾ ਡੀਲ ਦੇ ਜਲਦ ਸਿਰੇ ਚੜ੍ਹਨ ਦੀ ਉਮੀਦ ਪ੍ਰਗਟਾਈ। ਇਹ ਕਨਸੋਆਂ ਵੀ ਹਨ ਕਿ ਅਮਰੀਕਾ ਇਸ ਬਹਾਰ ਤੱਕ ਇਸ ਡੀਲ ਨੂੰ ਸਿਰੇ ਚੜ੍ਹਾਉਣਾ ਚਾਹੁੰਦਾ ਹੈ।
ਟਰੂਡੋ ਨੇ ਆਪਣੇ ਹਮਰੁਤਬਾ ਅਮਰੀਕੀ ਅਧਿਕਾਰੀ ਨੂੰ ਕਿਊਬਿਕ ਦੌਰੇ ਦੌਰਾਨ ਫੋਨ ਕੀਤਾ ਸੀ। ਉਸ ਦਿਨ ਟਰੂਡੋ ਨੇ ਕੈਨੇਡਾ ਤੇ ਅਮਰੀਕਾ ਦੇ ਅਨਿੱਖੜਵੇਂ ਅਰਥਚਾਰੇ ਬਾਰੇ ਅਮਰੀਕੀ ਟੈਲੀਵਿਜ਼ਨ ਵਿੱਚ ਇੰਟਰਵਿਊਜ਼ ਦਿੱਤੀਆਂ ਸਨ। ਦੂਜੇ ਪਾਸੇ ਟਰੰਪ ਦੇ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਨੂੰ ਇਹੋ ਜਿਹੀਆਂ ਹੀ ਗੱਲਾਂ ਸੁਣਨ ਨੂੰ ਮਿਲੀਆਂ। ਅਮਰੀਕਾ ਦੇ ਟਰੇਡ ਜ਼ਾਰ ਨੇ ਪਿੱਛੇ ਜਿਹੇ ਇਹ ਆਖਿਆ ਹੈ ਕਿ ਉਹ ਚਾਹੁੰਦੇ ਹਨ ਕਿ ਨਾਫਟਾ ਡੀਲ ਕੁੱਝ ਹਫਤਿਆਂ ਦੇ ਅੰਦਰ ਅੰਦਰ ਹੀ ਸਿਰੇ ਚੜ੍ਹ ਜਾਣ। ਅਜਿਹਾ ਵੱਖ ਵੱਖ ਮੁਲਕਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਆਖਿਆ ਜਾ ਰਿਹਾ ਹੈ।
ਅਮਰੀਕਾ ਨੇ ਆਖਿਆ ਕਿ ਦੇਰ ਨਾਲ ਇਸ ਗੱਲਬਾਤ ਉੱਤੇ ਸੰਕਟ ਆ ਸਕਦਾ ਹੈ। ਇੱਕ ਪਾਸੇ ਮੈਕਸਿਕੋ ਵਿੱਚ ਪਹਿਲੀ ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਤੇ ਟਰੰਪ ਦੀ ਪਾਰਟੀ ਨੂੰ ਵੀ ਅਮਰੀਕੀ ਕਾਂਗਰਸ ਤੋਂ ਕੰਟਰੋਲ ਖੁੱਸਣ ਦਾ ਡਰ ਹੈ। ਇੱਕ ਇੰਟਰਵਿਊ ਵਿੱਚ ਟਰੂਡੋ ਨੇ ਆਖਿਆ ਕਿ ਅਸੀਂ ਇਹ ਸਮਝਦੇ ਹਾਂ ਕਿ ਨਾਫਟਾ ਬਾਰੇ ਮਤੇ ਨੂੰ ਜਲਤ ਤੋਂ ਜਲਦ ਅੱਗੇ ਲਿਜਾਣ ਲਈ ਅਮਰੀਕਾ ਕਾਹਲਾ ਪਿਆ ਹੋਇਆ ਹੈ। ਅਸੀਂ ਵੀ ਇਸ ਲਈ ਕਾਹਲੇ ਹਾਂ।
ਟਰੂਡੋ ਨੇ ਆਖਿਆ ਕਿ ਕੈਨੇਡਾ ਉੱਤੇ ਲਾਏ ਜਾਣ ਵਾਲੇ ਸੰਭਾਵੀ ਟੈਰਿਫਜ਼ ਕਾਰਨ ਇਸ ਡੀਲ ਨੂੰ ਸਿਰੇ ਚੜ੍ਹਾਉਣ ਵਿੱਚ ਮੁਸ਼ਕਲ ਹੋ ਸਕਦੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਹ ਮੁੱਦਾ ਉਹ ਰਾਸ਼ਟਰਪਤੀ ਕੋਲ ਵੀ ਉਠਾ ਚੁੱਕੇ ਹਨ। ਪਰ ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਟਰੰਪ ਇਨ੍ਹਾਂ ਟੈਰਿਫਜ਼ ਤੋਂ ਕੈਨੇਡਾ ਨੂੰ ਪਾਸੇ ਰੱਖਣ ਦੇ ਵਾਅਦੇ ਉੱਤੇ ਖਰੇ ਉਤਰ ਰਹੇ ਹਨ। ਟਰੂਡੋ ਨਾਲ ਟਰੰਪ ਵੱਲੋਂ ਸੋਮਵਾਰ ਨੂੰ ਕੀਤੀ ਗਈ ਗੱਲ ਬਾਰੇ ਵਾੲ੍ਹੀਟ ਹਾਉਸ ਵੱਲੋਂ ਆਖਿਆ ਗਿਆ ਕਿ ਹੁਣ ਹੋ ਸਕਦਾ ਹੈ ਕਿ ਨਾਫਟਾ ਸਬੰਧੀ ਗੱਲਬਾਤ ਹੁਣ ਤੀਬਰ ਹੋ ਸਕਦੀ ਹੈ। ਇਹ ਵੀ ਆਖਿਆ ਗਿਆ ਕਿ ਟਰੰਪ ਵੱਲੋਂ ਨਾਫਟਾ ਗੱਲਬਾਤ ਨੂੰ ਜਲਦ ਤੋਂ ਜਲਦ ਸਿਰੇ ਚੜ੍ਹਾਉਣ ਦੀ ਅਹਿਮੀਅਤ ਉੱਤੇ ਵੀ ਜੋ਼ਰ ਦਿੱਤਾ ਜਾ ਰਿਹਾ ਹੈ।
ਇਸ ਹਫਤੇ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਇਸ ਹਫਤੇ ਤਿੰਨ ਦਿਨਾਂ ਲਈ ਵਾਸਿ਼ੰਗਟਨ ਵਿੱਚ ਹੋਵੇਗੀ। ਉੱਥੇ ਉਹ ਅਮਰੀਕਾ ਦੇ ਟਰੇਡ ਨੁਮਾਇੰਦੇ ਰੌਬਰਟ ਲਾਈਥਜ਼ਰ, ਕਾਮਰਸ ਸੈਕਟਰੀ ਵਿਲਬਰ ਰੌਸ ਤੇ ਕਾਂਗਰਸ ਦੇ ਅਹਿਮ ਮੈਂਬਰਾਂ ਨਾਲ ਮੁਲਾਕਾਤ ਕਰੇਗੀ।