ਟਰੂਡੋ ਦੀ ਭਾਰਤ ਫੇਰੀ ਤੋਂ ਉੱਠੇ ਸੁਆਲਾਂ ਵਿੱਚ ਉਲਝਿਆ ਸਿੱਖ ਭਾਈਚਾਰੇ ਦਾ ਅਕਸ

ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 17 ਫਰਵਰੀ ਤੋਂ 23 ਫਰਵਰੀ ਤੱਕ ਹੋਣ ਵਾਲੀ ਭਾਰਤ ਫੇਰੀ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਹੈ। ਇੱਕ ਅਤੀਅੰਤ ਵਿਕਸਿਤ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਇੱਕ ਤੇਜੀ ਨਾਲ ਵਿਕਾਸ ਕਰ ਰਹੇ, ਦੁਨੀਆਂ ਦੀ ਸੱਭ ਤੋਂ ਤੀਜੀ ਵੱਡੀ ਆਰਥਕਤਾ (ਵਸਤਾਂ ਖਰੀਦਣ ਦੀ ਸਮਰੱਥਾ ਮੁਤਾਬਕ) ਵਾਲੇ ਮੁਲਕ ਭਾਰਤ ਦੀ ਯਾਤਰਾ ਉੱਤੇ ਜਾਵੇ ਤਾਂ ਚਰਚਾ ਹੋਣਾ ਇੱਕ ਹਾਂ ਪੱਖੀ ਗੱਲ ਹੈ। ਪਰ ਜੇ ਇਸ ਯਾਤਰਾ ਨੂੰ ਪੰਜਾਬੀ ਖਾਸਕਰਕੇ ਸਿੱਖ ਭਾਈਚਾਰੇ ਦੇ ਪਰੀਪੇਖ ਤੋਂ ਲਿਆ ਜਾਵੇ ਤਾਂ ਕਈ ਮੁੱਦੇ ਹਨ ਜਿਹਨਾਂ ਨੂੰ ਲੈ ਕੇ ਦੋਵਾਂ ਮੁਲਕਾਂ ਦੀ ਚਰਚਾ ਦਾ ਵਿਸ਼ਾ ਵਸਤੂ ਤਾਂ ਪ੍ਰਭਾਵਿਤ ਹੋਵੇਗਾ ਹੀ ਸਗੋਂ ਕੈਨੇਡੀਅਨ ਸਿੱਖ ਕਮਿਉਨਿਟੀ ਨੂੰ ਖੁਦ ਕਈ ਸੁਆਲਾਂ ਦੇ ਜਵਾਬ ਵੀ ਲੱਭਣੇ ਪੈਣਗੇ।

ਪਹਿਲੀ ਗੱਲ ਇਹ ਕਿ ਜਦੋਂ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਜਾਂ ਪ੍ਰੀਮੀਅਰ ਜਾਂ ਕੋਈ ਹੋਰ ਨੇਤਾ ਭਾਰਤ ਫੇਰੀ ਉੱਤੇ ਜਾਂਦਾ ਹੈ ਤਾਂ ਸਿੱਖ ਕਮਿਊਨਿਟੀ ਨਾਲ ਸਬੰਧਿਤ ਗੱਲਬਾਤ ਵਿਵਾਦਤ ਸਿਆਸਤ ਦੀ ਚਰਚਾ ਤੱਕ ਹੀ ਮਹਿਦੂਦ ਹੋ ਕੇ ਕਿਉਂ ਰਹਿ ਜਾਂਦੀ ਹੈ। ਉਹ ਚਰਚਾ ਜਿਸ ਨਾਲ ਕਮਿਉਨਿਟੀ ਦਾ ਅਕਸ ਇੱਕ ਵੱਖਰੇ ਪਰੀਪੇਖ ਵਿੱਚ ਉਭਾਰਿਆ ਜਾਂਦਾ ਹੈ। ਮਿਸਾਲ ਵਜੋਂ ਭਾਰਤੀ ਮੀਡੀਆ ਵਿੱਚ ਪ੍ਰਧਾਨ ਮੰਤਰੀ ਦੀ ਫੇਰੀ ਅਤੇ ਇਸ ਫੇਰੀ ਨਾਲ ਜੁੜੇ ਖਾਲਸਤਾਨ ਦੇ ਮੁੱਦੇ ਨੂੰ ਚੁੱਕਿਆ ਗਿਆ ਹੈ। ਉਸਦੇ ਪ੍ਰਤੀਕਰਮ ਵਿੱਚ ਕੈਨੇਡੀਅਨ ਮੁੱਖ ਧਾਰਾ ਦਾ ਮੀਡੀਆ ਵੀ ਧੜਾਧੜ ਖਬਰਾਂ ਕਰ ਰਿਹਾ ਹੈ। ਹਾਲ ਵਿੱਚ ਹੀ ਕੈਨੇਡਾ ਦੇ ਕੁੱਝ ਗੁਰਦੁਆਰਿਆਂ ਵੱਲੋਂ ਭਾਰਤੀ ਮੁਲਾਜ਼ਮਾਂ ਅਤੇ ਸਿਆਸਤਦਾਨਾਂ ਨੂੰ ਕਿਸੇ ਅਧਿਕਾਰਤ ਰੂਪ ਵਿੱਚ ਦਾਖ਼ਲ ਨਾ ਹੋਣ ਦੇ ਫੈਸਲੇ ਕਾਰਣ ਭਾਰਤੀ ਮੀਡੀਆ ਨੂੰ ਚਰਚਾ ਕਰਨ ਦਾ ਘੜਿਆ ਘੜਾਇਆ ਮੌਕਾ ਮਿਲ ਗਿਆ ਹੈ।

ਭਾਰਤੀ ਮੀਡੀਆ ਵਿੱਚ ਉੱਭਰਦੀਆਂ ਕਈ ਖਬਰਾਂ ਕੈਨੇਡਾ ਦੀ ਜ਼ਮੀਨੀ ਹਕੀਕਤ ਤੋਂ ਕਾਫੀ ਹੱਟ ਕੇ ਹੁੰਦੀਆਂ ਹਨ ਪਰ ਇਹ ਵੀ ਨਹੀਂ ਕਿ ਉਹ ਨਿਰੀਆਂ ਪੁਰੀਆਂ ਕਿਆਸ-ਅਰਾਈਆਂ ਦੇ ਸਿਰ ਲਿਖੀਆਂ ਹੁੰਦੀਆਂ ਹਨ। ਮਿਸਾਲ ਵਜੋਂ ਗੁਰਦੁਆਰਾ ਸਾਹਿਬ ਵਿੱਚ ਦਾਖ਼ਲੇ ਬਾਰੇ ਬੈਨ ਦੇ ਮਤੇ ਤੋਂ ਬਾਅਦ ਬਹੁਤ ਸਾਰੇ ਗੁਦੁਆਰਿਆਂ ਅਤੇ ਅਹੁਦੇਦਾਰਾਂ ਨੇ ਇਸ ਫੈਸਲੇ ਤੋਂ ਵੱਖ ਦੇ ਐਲਾਨ ਕੀਤੇ। ਇਸ ਫੈਸਲੇ ਦੀ ਪਹਿਲੀ ਖਬਰ ਨੇ ਕੈਨੇਡੀਅਨ ਸਿੱਖਾਂ ਅਤੇ ਸਿੱਖੀ ਸਿਧਾਂਤਾਂ ਬਾਰੇ ਜੋ ਧਾਰਨਾ ਪਹਿਲੀ ਖਬਰ ਨੇ ਬਣਾ ਦਿੱਤੀ, ਬਾਅਦ ਦੇ ਸਪੱਸ਼ਟੀਕਰਣ ਅਤੇ ਸਪੱਸ਼ਟੀਕਰਣਾਂ ਨਾਲ ਜੁੜੀਆਂ ਖਬਰਾਂ ਉਸਨੂੰ ਮੱਧਮ ਪਾਉਣ ਵਿੱਚ ਬਹੁਤਾ ਸਹਾਈ ਨਹੀਂ ਹੋਈਆਂ। ਇਵੇਂ ਹੀ ਧਾਰਮਿਕ ਸਥਾਨਾਂ/ਨਗਰ ਕੀਰਤਨਾਂ ਵਿੱਚਂ ਪਟੀਸ਼ਨਾਂ ਉੱਤੇ ਦਸਤਖਤ ਕਰਵਾਉਣ ਦਾ ਮਾਮਲਾ ਹੈ। ਹੋ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਇਹਨਾਂ ਪਟੀਸ਼ਨਾਂ ਉੱਤੇ ਲੋਕੀ ਪਟੀਸ਼ਨਕਰਤਾ ਦੀ ਮੂੰਹ ਦੀ ਸੰਗ ਨੂੰ ਹੀ ਦਸਤਖਤ ਕਰ ਦੇਂਦੇ ਹੋਣ। ਬਿਲਕੁਲ ਉਵੇਂ ਜਿਵੇਂ ਸਾਡੇ ਲੋਕ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਅਤੇ ਸਾਰੇ ਉਮੀਦਵਾਰਾਂ ਦੇ ਬੈਨਰ ਆਪਣੇ ਮਕਾਨਾਂ ਸਾਹਮਣੇ ਲੁਆ ਲੈਂਦੇ ਹਨ। ਪਰ ਕਿਸੇ ਪਟੀਸ਼ਨ ਉੱਤੇ ਵੱਡੀ ਗਿਣਤੀ ਵਿੱਚ ਦਸਤਖਤ ਇੱਕ ਅੰਕੜਾ ਆਧਾਰਿਤ ਮੁਹਿੰਮ ਬਣ ਜਾਂਦੀ ਹੈ ਜਿਸ ਸਦਕਾ ਕੈਨੇਡੀਅਨ ਸਿੱਖਾਂ ਬਾਰੇ ਬਣੀ ਇੱਕ ਖਾਸ ਕਿਸਮ ਦੀ ਧਾਰਨਾ ਹੋਰ ਵੀ ਮਜ਼ਬੂਤ ਹੁੰਦੀ ਹੈ। ਬਿਲਕੁਲ ਉਵੇਂ ਹੀ ਜਿਵੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦਾ ਖਾਲਸਤਾਨ ਮੁਹਿੰਮ ਨਾਲ ਬੇਸ਼ੱਕ ਕੋਈ ਵੀ ਸਿੱਧਾ ਤਾਅਲੁੱਕ ਨਹੀਂ ਹੈ ਪਰ ਇੱਕ ਧਾਰਨਾ ਹੈ ਜੋ ਮੱਧਮ ਹੋਣ ਦਾ ਨਾਮ ਨਹੀਂ ਲੈ ਰਹੀ।

ਇਹ ਉਹੋ ਜਿਹੀ ਸਥਿਤੀ ਹੈ ਜਿਸ ਬਾਰੇ ਅਮਰੀਕਨ ਅਕਾਦਮੀ ਆਫ ਆਰਟਸ ਐਂਡ ਲੈਟਰਜ਼ ਅਵਾਰਡ ਜੇਤੂ ਲੇਖਕ Aldous Huxley ਆਖਦਾ ਹੈ, ‘ਕੁੱਝ ਚੀਜ਼ਾਂ ਹੁੰਦੀਆਂ ਹਨ ਜਿਹਨਾਂ ਬਾਰੇ ਅਸੀਂ ਜਾਣਦੇ ਹੁੰਦੇ ਹਾਂ ਅਤੇ ਕੁੱਝ ਚੀਜ਼ਾਂ ਉਹ ਹੁੰਦੀਆਂ ਬਾਰੇ ਅਸੀਂ ਨਹੀਂ ਜਾਣਦੇ ਹੁੰਦੇ, ਅਤੇ ਇਹਨਾਂ ਦੋਵਾਂ ਦੇ ਦਰਮਿਆਨ ਵਿੱਚੋਂ ‘ਧਾਰਨਾ’ ਬਣਨ ਦੇ ਦਰਵਾਜ਼ੇ ਖੁੱਲਦੇ ਹੁੰਦੇ ਹਨ।

ਜਾਨਣ ਅਤੇ ਨਾ ਜਾਨਣ ਦੇ ਮੱਧ ਵਿੱਚੋਂ ਖੁੱਲਦੇ ਦਰਵਾਜ਼ੇ ਕਿਹੋ ਜਿਹੀ ਧਾਰਨਾ ਪੈਦਾ ਕਰਦੇ ਹਨ, ਉਸਦਾ ਇੱਕ ਨਮੂਨਾ ਕੈਨੇਡਾ ਦੇ ਸਿੱਖ ਭਾਈਚਾਰੇ ਦੀ ਸਖਸ਼ੀਅਤ ਇੰਦਰਜੀਤ ਸਿੰਘ ਬੱਲ ਨੂੰ ਬੀਤੇ ਦਿਨੀਂ ਹੰਢਾਉਣਾ ਪਿਆ। ਇੱਕ ਟੈਲੀਵੀਜ਼ਨ ਮੁਲਕਾਤ ਵਿੱਚ ਬੱਲ ਹੋਰਾਂ ਨੇ ਗੁਰਦੁਆਰਾ ਸਾਹਿਬ ਵਿੱਚ ਦਾਖਲੇ ਦੇ ਬੈਨ ਬਾਰੇ ਟਿੱਪਣੀ ਕੀਤੀ ਕਿ ਇਹ ਫੈਸਲਾ ਲੰਬੇ ਸਮੇਂ ਦੇ ਦਾਈਏ ਵਜੋਂ ਸਿੱਖ ਭਾਈਚਾਰੇ ਲਈ ਸਹੀ ਨਹੀਂ ਹੈ। ਬੱਲ ਹੋਰਾਂ ਦਾ ਨੁਕਤਾ ਕੁੱਝ ਲੋਕਾਂ ਨੂੰ ਐਨਾ ਬੁਰਾ ਲੱਗਿਆ ਕਿ ਉਹਨਾਂ ਵਾਸਤੇ ਬਹੁਤ ਹੀ ਅਸੱਭਿਅਕ ਅਤੇ ਤਕਲੀਫ਼ਦੇਹ ਸ਼ਬਦ ਵਰਤੇ ਗਏ।

ਸਿੱਖ ਅਕਸ ਨੂੰ ਲੈ ਕੇ ਉੱਠਦੇ ਮਸਲੇ ਪ੍ਰਧਾਨ ਮੰਤਰੀ ਲਈ ਜਾਂ ਕੈਨੇਡਾ ਲਈ ਐਨੇ ਵੱਡੇ ਨਹੀਂ ਹਨ ਜਿੰਨੇ ਕਿ ਕੈਨੇਡੀਅਨ ਸਿੱਖ ਭਾਈਚਾਰੇ ਦੀ ਹੋਂਦ, ਅਕਸ ਅਤੇ ਭੱਵਿਖ ਬਾਰੇ ਹਨ। ਅੱਜ ਸਥਿਤੀ ਇਹ ਹੈ ਕਿ ਜਸਟਿਨ ਟਰੂਡੋ ਹੋਰਾਂ ਤੋਂ ਲੈ ਕੇ ਕਮਿਉਨਿਟੀ ਦੇ ਚੁਣੇ ਹੋਏ ਸਥਾਨਕ ਨੁਮਾਇੰਦਿਆਂ ਤੱਕ ਕੋਈ ਵੀ ਸਿੱਖ ਅਕਸ ਬਾਰੇ ਪੈਦਾ ਹੋਈ ਧਾਰਨਾ ਨੂੰ ਸਮਰੱਥਨ ਦੇਣ ਦੀ ਜੁਅਰੱਤ ਨਹੀਂ ਕਰ ਸਕਦਾ। ਸੀ ਬੀ ਸੀ ਉੱਤੇ ਟੈਰੀ ਮਿਲੇਸਕੀ ਵੱਲੋਂ ਐਨ ਡੀ ਪੀ ਆਗੂ ਜਗਮੀਤ ਸਿੰਘ ਨੂੰ ਪੁੱਛੇ ਗਏ ਸੁਆਲ ਅਤੇ ਉਸ ਸੁਆਲ ਤੋਂ ਬਾਅਦ ਜਗਮੀਤ ਸਿੰਘ ਲਈ ਉੱਭਰੀ ਦੋਚਿੱਤੀ ਇਸਦੀ ਸਪੱਸ਼ਟ ਉਦਾਹਰਣ ਹੈ।

ਇਵੇਂ ਹੀ ‘ਸੀ ਬੀ ਸੀ’ ਉੱਤੇ ਹਰਜੀਤ ਸਿੰਘ ਸੱਜਣ ਅਤੇ ਅਮਰਜੀਤ ਸਿੰਘ ਸੋਹੀ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਸਿੱਖ ਅਕਸ ਬਾਰੇ ਚੁੱਕੇ ਜਾਂਦੇ ਨੁਕਤੇ ਵੱਲ ਗੰਭੀਰ ਇਸ਼ਾਰਾ ਹਨ। ਗੱਲ ਨੂੰ ਜਸਟਿਨ ਟਰੂਡੋ ਹੋਰਾਂ ਦੀ ਭਾਰਤ ਫੇਰੀ ਦੇ ਪਰੀਪੇਖ ਤੋਂ ਥੋੜਾ ਹੱਟ ਕੇ ਕੈਨੇਡੀਅਨ ਮਸਲੇ ਵਜੋਂ ਵੇਖਣਾ ਦਿਲਚਸਪ ਹੋਵੇਗਾ। ਜੋ ਸਥਿਤੀ ਅੱਜ ਪੈਦਾ ਹੋ ਰਹੀ ਹੈ, ਉਹ ਕੱਲ ਅਜਿਹਾ ਵਾਤਾਵਰਣ ਸਿਰਜਣ ਦੀ ਸਮਰੱਥਾ ਰੱਖਦੀ ਹੈ ਜਿਸ ਬਦੌਲਤ ਕੈਨੇਡਾ ਵਿੱਚ ਵੱਸਦੇ ਸਿੱਖ ਭਾਈਚਾਰੇ ਅਤੇ ਇਸਦੀਆਂ ਦੀਆਂ ਆਉਣ ਵਾਲੀਆਂ ਪੀੜੀਆਂ ਦੀ ਕੈਨੇਡੀਅਨ ਸਿਆਸਤ ਦੇ ਲੈਂਡਸਕੇਪ ਵਿੱਚ ਭੂਮਿਕਾ ਬਹੁਤ ਹੀ ਸੁੰਗੜ ਕੇ ਰਹਿ ਸਕਦੀ ਹੈ।