ਟਰੂਡੋ ਦੀ ਅਲਬਰਟਾ ਫੇਰੀ ਦੌਰਾਨ ਕਿੰਡਰ ਮੌਰਗਨ ਦੇ ਸਮਰਥਕਾਂ ਨੇ ਪਾਈਪਲਾਈਨ ਦੇ ਨਿਰਮਾਣ ਦੀ ਕੀਤੀ ਮੰਗ


ਓਟਵਾ, 15 ਮਈ (ਪੋਸਟ ਬਿਊਰੋ) : ਕੈਲਗਰੀ ਵਿੱਚ ਟਰਾਂਜਿ਼ਟ ਫੰਡਿੰਗ ਦਾ ਐਲਾਨ ਕਰਨ ਗਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਕੇ ਕਿੰਡਰ ਮੌਰਗਨ ਪੱਖੀ ਮੁਜ਼ਾਹਰਾਕਾਰੀਆਂ ਨੇ ਪਾਈਪ ਦੇ ਨਿਰਮਾਣ ਦੀ ਮੰਗ ਕੀਤੀ।
ਫੰਡਿੰਗ ਦਾ ਐਲਾਨ ਕਰਨ ਮੌਕੇ ਕੈਲਗਰੀ ਦੇ ਮੇਅਰ ਨਾਹੀਦ ਨੈਂਸ਼ੀ, ਫੈਡਰਲ ਇਨਫਰਾਸਟ੍ਰਕਚਰ ਮੰਤਰੀ ਅਤੇਂ ਅਲਬਰਟਾ ਤੋਂ ਐਮਪੀ ਅਮਰਜੀਤ ਸੋਹੀ ਟਰੂਡੋ ਦੇ ਨਾਲ ਸਨ। ਇਸ ਮੌਕੇ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਸਮਰਥਕ ਪਾਈਪਲਾਈਨ ਦੇ ਪਸਾਰ ਲਈ ਜ਼ੋਰ ਜ਼ੋਰ ਦੀ ਮੰਗ ਕਰਦੇ ਰਹੇ। ਪਾਈਪਲਾਈਨ ਦੇ ਸਮਰਥਕ ਆਖ ਰਹੇ ਸਨ ਕਿੰਡਰ ਮੌਰਗਨ ਦਾ ਨਿਰਮਾਣ ਕਰੋ ਤੇ ਪਾਈਪ ਦਾ ਪਸਾਰ ਕਰੋ। ਜਿਵੇਂ ਹੀ ਟਰੂਡੋ ਉੱਥੇ ਦਾਖਲ ਹੋਏ ਤਾਂ ਉਨ੍ਹਾਂ ਇਨ੍ਹਾਂ ਸਮਰਥਕਾਂ ਦਾ ਧੰਨਵਾਦ ਸੱਭ ਤੋਂ ਪਹਿਲਾਂ ਕੀਤਾ।
ਸਿਰਫ ਉਹ ਲੋਕ ਹੀ ਇਹ ਜਾਨਣ ਲਈ ਕਾਹਲੇ ਨਹੀਂ ਸਨ ਕਿ ਫੈਡਰਲ ਸਰਕਾਰ ਕੀ ਕਰ ਰਹੀ ਹੈ, ਜਿਵੇਂ ਜਿਵੇਂ 31 ਮਈ ਦੀ ਡੈੱਡਲਾਈਨ ਕੋਲ ਆ ਰਹੀ ਹੈ ਟੈਕਸਸ ਸਥਿਤ ਕੰਪਨੀ ਵੀ ਇਹ ਤਸੱਲੀ ਕਰਨਾ ਚਾਹੁੰਦੀ ਹੈ ਕਿ 7.4 ਬਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਪ੍ਰੋਜੈਕਟ ਅੱਗੇ ਵੱਧ ਸਕਦਾ ਹੈ। ਪੱਤਰਕਾਰਾਂ ਨੇ ਪ੍ਰਧਾਨ ਮੰਤਰੀ ਤੋਂ ਇਹ ਜਾਨਣ ਦੀ ਕੋਸਿ਼ਸ਼ ਕੀਤੀ ਕਿ ਪਾਈਪਲਾਈਨ ਦੀ ਇਸ ਖੜੋਤ ਨੂੰ ਖਤਮ ਕਰਨ ਲਈ ਫੈਡਰਲ ਸਰਕਾਰ ਕੀ ਕਰ ਰਹੀ ਹੈ। ਉਹ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਕੀ ਡੈੱਡਲਾਈਨ ਤੱਕ ਸੱਭ ਕੁੱਝ ਸਹੀ ਹੋ ਜਾਵੇਗਾ।
ਇਸ ਉੱਤੇ ਟਰੂਡੋ ਨੇ ਆਖਿਆ ਕਿ ਅਸੀਂ ਸਾਹਮਣੇ ਰਹਿ ਕੇ ਜਾਂ ਅੰਦਰਖਾਤੇ ਇਸ ਪਾਸੇ ਲਗਾਤਾਰ ਸਖ਼ਤ ਮਿਹਨਤ ਕਰ ਰਹੇ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਸਾਰੀਆਂ ਲੋੜੀਂਦੀਆਂ ਪਾਰਟੀਆਂ ਇਸ ਮਾਮਲੇ ਨਾਲ ਸਿਰ ਜੋੜੀ ਬੈਠੀਆਂ ਹਨ। ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ ਪ੍ਰੀਮੀਅਰਜ਼ ਨਾਲ ਮੀਟਿੰਗ ਕਰਨ ਤੋਂ ਬਾਅਦ ਟਰੂਡੋ ਨੇ ਦੱਸਿਆ ਕਿ ਵਿੱਤੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਤੇ ਉਨ੍ਹਾਂ ਵਾਅਦਾ ਕੀਤਾ ਕਿ ਇਸ ਸਬੰਧ ਵਿੱਚ ਜਲਦ ਹੀ ਵਿਧਾਨਕ ਮਾਪਦੰਡ ਵੀ ਅਪਨਾਏ ਜਾਣਗੇ।