ਟਰੂਡੋ ਟਰੰਪ ਮੁਲਾਕਾਤ ਦੌਰਾਨ ਕਾਰੋਬਾਰੀ ਤਣਾਅ ਬਾਰੇ ਵੀ ਹੋਵੇਗੀ ਚਰਚਾ : ਫਰੀਲੈਂਡ

Freeland9ਓਟਵਾ, 8 ਅਕਤੂਬਰ (ਪੋਸਟ ਬਿਊਰੋ) : ਇਸ ਹਫਤੇ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕਰਨਗੇ ਤਾਂ ਇਹ ਤੈਅ ਹੈ ਕਿ ਬੋਇੰਗ ਦੇ ਬੰਬਾਰਡੀਅਰ ਨਾਲ ਚੱਲ ਰਹੇ ਵਿਵਾਦ ਦਾ ਮੁੱਦਾ ਵੀ ਉਠਾਇਆ ਜਾਵੇਗਾ। ਇਹ ਗੱਲ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖੀ।
ਫਰੀਲੈਂਡ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਪ੍ਰਧਾਨ ਮੰਤਰੀ ਲਈ ਇਹ ਬਹੁਤ ਹੀ ਅਹਿਮ ਮੁੱਦਾ ਹੈ। ਉਨ੍ਹਾਂ ਆਖਿਆ ਕਿ ਉਹ ਇਹ ਮੁੱਦਾ ਟਰੰਪ ਕੋਲ ਜ਼ਰੂਰ ਉਠਾਉਣਗੇ। ਸ਼ੁੱਕਰਵਾਰ ਨੂੰ ਅਮਰੀਕਾ ਦੇ ਕਾਮਰਸ ਵਿਭਾਗ ਨੇ ਕਿਸੇ ਵੀ ਸੀ ਸੀਰੀਜ਼ ਦੇ ਜੈੱਟ ਲਈ 80 ਫੀ ਸਦੀ ਐਂਟੀ ਡੰਪਿੰਗ ਡਿਊਟੀ ਲਾ ਕੇ ਇਨ੍ਹਾਂ ਦੀਆਂ ਕੀਮਤਾਂ ਚੌਗੁਣੀਆਂ ਵਧਾ ਦਿੱਤੀਆਂ। ਇਸ ਤੋਂ ਪਹਿਲਾਂ ਪਿਛਲੇ ਹਫਤੇ 220 ਫੀ ਸਦੀ ਵਾਧੂ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ ਗਿਆ ਸੀ।
ਟਰੂਡੋ ਵੱਲੋਂ ਦੋ ਰੋਜ਼ਾ ਦੌਰੇ ਦੌਰਾਨ ਵਾਸਿ਼ੰਗਟਨ ਵਿੱਚ ਟਰੰਪ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਦੌਰਾਨ ਹੀ ਡੀਸੀ ਵਿੱਚ ਨਾਫਟਾ ਦੀ ਚੌਥੇ ਗੇੜ ਦੀ ਗੱਲਬਾਤ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਟਰੂਡੋ ਮੈਕਸਿਕੋ ਸਿਟੀ ਦਾ ਵੀ ਦੌਰਾ ਕਰਨਗੇ ਤੇ ਉੱਥੇ ਉਹ ਮੈਕਸਿਕੋ ਦੇ ਰਾਸ਼ਟਰਪਤੀ ਐਨਰਿਕ ਪੇਨਾ ਨਿਏਟੋ ਨਾਲ ਮੁਲਾਕਾਤ ਕਰਨਗੇ। ਫਰੀਲੈਂਡ ਨੂੰ ਉਮੀਦ ਹੈ ਕਿ ਜਦੋਂ ਟਰੰਪ ਨਾਲ ਟਰੂਡੋ ਮੁਲਾਕਾਤ ਕਰਨਗੇ ਤਾਂ ਉਹ ਸਾਫਟਵੁੱਡ ਲੰਬਰ ਤੇ ਨਾਫਟਾ ਬਾਰੇ ਵੀ ਜ਼ਰੂਰ ਗੱਲ ਕਰਨਗੇ। ਉਨ੍ਹਾਂ ਆਖਿਆ ਕਿ ਟਰੂਡੋ ਸੋਚ ਸਮਝ ਕੇ ਅਮਰੀਕਾ ਵਰਗੀ ਵੱਡੀ ਮੰਡੀ ਵਿੱਚ ਕੈਨੇਡਾ ਦੀ ਭੂਮਿਕਾ ਦਰਸਾਉਣ ਦੀ ਕੋਸਿ਼ਸ਼ ਕਰਨਗੇ।
ਦੂਜੀ ਗੱਲ ਇਹ ਕਿ ਟਰੰਪ ਨਾਲ ਮੁਲਾਕਾਤ ਕਰਕੇ ਟਰੂਡੋ ਇਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਕੈਨੇਡਾ ਅਸਲ ਵਿੱਚ ਅਮਰੀਕਾ ਦੀ ਸਮੱਸਿਆ ਨਹੀਂ ਹੈ। ਸਗੋਂ ਕੈਨੇਡਾ ਤਾਂ ਅਮਰੀਕਾ ਲਈ ਸੱਭ ਤੋਂ ਵੱਡੀ ਮੰਡੀ ਹੈ। ਸਟੈਟੇਸਟਿਕਸ ਕੈਨੇਡਾ ਅਨੁਸਾਰ ਅਗਸਤ ਵਿੱਚ ਕੈਨੇਡਾ ਦਾ ਅਮਰੀਕਾ ਨਾਲ ਟਰੇਡ ਸਰਪਲਸ 2.3 ਬਿਲੀਅਨ ਡਾਲਰ ਸੀ। ਰਾਸ਼ਟਰਪਤੀ ਟਰੰਪ ਇੱਕ ਕਾਰੋਬਾਰੀ ਹਨ ਤੇ ਅਸੀਂ ਉਨ੍ਹਾਂ ਨੂੰ ਇਹੋ ਸਮਝਾਉਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਸੱਭ ਤੋਂ ਵੱਡੇ ਗਾਹਕ ਹਾਂ।
ਕੈਨੇਡਾ ਵੱਲੋਂ ਬੋਇੰਗ ਸੁਪਰ ਹੌਰਨੈੱਟ ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਖੂਹ ਖਾਤੇ ਪੈ ਗਈ ਹੈ ਇਸ ਬਾਰੇ ਫਰੀਲੈਂਡ ਨੇ ਕੁੱਝ ਨਹੀਂ ਆਖਿਆ ਪਰ ਉਨ੍ਹਾਂ ਆਖਿਆ ਕਿ ਉਹ ਨਿਜੀ ਤੌਰ ਉੱਤੇ ਅਜਿਹਾ ਮਹਿਸੂਸ ਕਰਦੀ ਹੈ ਕਿ ਕੈਨੇਡੀਅਨ ਟੈਕਸਦਾਤਾਵਾਂ ਦੇ ਡਾਲਰ ਅਜਿਹੀ ਕੰਪਨੀ ਉੱਤੇ ਨਹੀਂ ਖਰਚ ਕੀਤੇ ਜਾਣੇ ਚਾਹੀਦੇ ਜਿਹੜੀ ਸਾਡੇ ਐਰੋਸਪੇਸ ਸੈਕਟਰ ਉੱਤੇ ਹੀ ਹਮਲਾ ਕਰ ਰਹੀ ਹੋਵੇ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਕਾਮਰਸ ਵਿਭਾਗ ਵੱਲੋਂ ਚੁੱਕਿਆ ਗਿਆ ਤਾਜ਼ਾ ਕਦਮ ਅਸਲ ਵਿੱਚ ਸੀ-ਸੀਰੀਜ਼ ਨੂੰ ਮਾਰਕਿਟ ਤੋਂ ਬਾਹਰ ਕਰਨ ਦੇ ਇਰਾਦੇ ਨਾਲ ਹੀ ਚੁੱਕਿਆ ਗਿਆ ਹੈ ਤੇ ਇਹ ਬਿਲਕੁਲ ਵੀ ਜਾਇਜ਼ ਨਹੀਂ ਹੈ। ਅਸੀਂ ਇਹ ਪੱਖ ਵੀ ਸਪਸ਼ਟ ਕਰ ਚੁੱਕੇ ਹਾਂ ਕਿ ਜੇ ਕੈਨੇਡੀਅਨ ਕੰਪਨੀਆਂ ਨਾਲ ਇਹੋ ਜਿਹਾ ਸਲੂਕ ਅਮਰੀਕਾ ਵਿੱਚ ਕੀਤਾ ਜਾਵੇਗਾ ਤਾਂ ਅਸੀਂ ਵੀ ਉਸ ਦਾ ਢੁਕਵਾਂ ਜਵਾਬ ਦੇਵਾਂਗੇ।