ਟਰਾਮਾਡੋਲ ਦਵਾਈ ਆਈ ਐਸ ਆਈ ਐਸ ਅੱਤਵਾਦੀਆਂ ਦੇ ਹੱਥਾਂ ‘ਚ ਜਾ ਪੁੱਜੀ


* ਅੰਮ੍ਰਿਤਸਰ ਦੀਆਂ ਦੋ ਫਰਮਾਂ ਦੇ ਲਾਇਸੈਂਸ ਰੱਦ ਕੀਤੇ ਗਏ
ਚੰਡੀਗੜ੍ਹ, 13 ਜੂਨ (ਪੋਸਟ ਬਿਊਰੋ)- ਸਟੇਟ ਡਰੱਗ ਕੰਟਰੋਲਰ ਨੇ ਅੰਮ੍ਰਿਤਸਰ ਦੀਆਂ ਦੋ ਫਰਮਾਂ ਉਤੇ ‘ਟਰਾਮਾਡੋਲ’ ਗੋਲੀ ਬਣਾਉਣ ਅਤੇ ਇਸ ਨੂੰ ਐਕਸਪੋਰਟ ਕਰਨ ਉਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਟਰਾਮਾਡੋਲ ਦੀਆਂ ਦੋ ਕਰੋੜ ਚਾਲੀ ਲੱਖ ਗੋਲੀਆਂ ਦੀ ਦੁਬਈ ਨੂੰ ਭੇਜੀ ਗਈ ਖੇਪ ਗਲਤ ਰਸਤੇ ਰਾਹੀਂ ਲਿਬੀਆ ਵਿੱਚ ਆਈ ਐਸ ਆਈ ਐਸ ਦੇ ਹੱਥਾਂ ਵਿੱਚ ਪੁੱਜ ਜਾਣ ਦੀ ਸੂਚਨਾ ਮਿਲਣ ਦੇ ਬਾਅਦ ਲਾਈ ਗਈ ਹੈ।
ਟਰਾਮਾਡੋਲ ਵਿੱਚ ਅਫੀਮ ਦਾ ਸਤ ਦੱਸਿਆ ਜਾਂਦਾ ਹੈ ਅਤੇ ਆਈ ਐਸ ਆਈ ਐਸ ਦੇ ਅੱਤਵਾਦੀਆਂ ਵਿੱਚ ਇਹ ਬੇਹੱਦ ਹਰਮਨ ਪਿਆਰੀ ਹੈ। ਦਵਾਈ ਦੀ ਇਕ ਗੋਲੀ ਦੀ ਐਕਸਪੋਰਟ ਉਤੇ ਸਿਰਫ ਤਿੰਨ ਰੁਪਏ ਖਰਚ ਆਉਂਦਾ ਸੀ, ਇਸ ਨੂੰ ਅੱਤਵਾਦੀ ਅੱਗੇ ਲਿਬੀਆ ਅਤੇ ਯੂਰੋਪੀਅਨ ਦੇਸ਼ਾਂ ਵਿੱਚ ਨਸ਼ੇੜੀਆਂ ਨੂੰ ਦੋ ਸੌ ਰੁਪਏ ਪ੍ਰਤੀ ਗੋਲੀ ਵੇਚ ਕੇ ਮੋਟੀ ਰਕਮ ਬਟੋਰਦੇ ਸਨ। ਇਟਲੀ ਪੁਲਸ ਨੇ ਨਵੰਬਰ ਵਿੱਚ ਪਿਛਲੇ ਸਾਲ ਇਕ ਬੰਦਰਗਾਹ ਤੋਂ ਇਸ ਦਵਾਈ ਦੀ ਖੇਪ ਫੜੀ ਸੀ, ਜਿਸ ਤੋਂ ਪਤਾ ਲੱਗਾ ਕਿ ਦਵਾਈ ਅਸਲ ਵਿੱਚ ਭਾਰਤ ਵਿੱਚੋਂ ਖਰੀਦੀ ਗਈ ਹੈ, ਪਰ ਸ੍ਰੀਲੰਕਾ ਵਿੱਚ ਇਸ ਦੀ ਮੁੜ ਪੈਕਿੰਗ ਕੀਤੀ ਗਈ ਹੈ। ਇਸ ਨੂੰ ਕੱਪੜਿਆਂ ਵਿੱਚ ਰੱਖ ਕੇ ਲਿਬੀਆ ਪਹੁੰਚਾਇਆ ਗਿਆ ਸੀ।
ਪਿਛਲੇ ਸਾਲ ਇਕ ਅਖਬਾਰ ਨੇ ਇਸ ਬਾਰੇ ਰਿਪੋਰਟ ਛਾਪੀ ਸੀ ਕਿ ਅੰਮ੍ਰਿਤਸਰ ਦੀਆਂ ਦੋ ਦਵਾਈ ਕੰਪਨੀਆਂ ਇਸ ਬਾਰੇ ਸਵਾਲਾਂ ਦੇ ਘੇਰੇ ਵਿੱਚ ਹਨ। ਇਸ ਦੌਰਾਨ ਸਟੇਟ ਡਰੱਗ ਕੰਟਰੋਲਰ ਨੇ ਇਨ੍ਹਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਸਨ ਤੇ ਦਵਾਈ ਤਿਆਰ ਕਰਨ ਉਤੇ ਰੋਕ ਲਾ ਦਿੱਤੀ ਹੈ। ਸਟੇਟ ਡਰੱਗ ਕੰਟਰੋਲਰ ਪ੍ਰਦੀਪ ਕੁਮਾਰ ਮੱਟੂ ਨੇ ਕਿਹਾ, ਅੰਮ੍ਰਿਤਸਰ ਦੀ ਫਰਮ ਰਾਮਸੰਨਜ਼ ਰੈਮੇਡੀਜ਼ ਨੂੰ ਦਵਾਈ ਤਿਆਰ ਕਰਨ ਤੋਂ ਅਤੇ ਰੌਇਲ ਇੰਟਰਪ੍ਰਾਈਜਜ਼ ਨੂੰ ਦਵਾਈ ਦੀ ਐਕਸਪੋਰਟ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਡਿਪਟੀ ਡਰੱਗ ਕੰਟਰੋਲਰ ਗਰੁਬਿੰਦਰ ਸਿੰਘ, ਜਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ, ਨੇ ਦੱਸਿਆ ਕਿ ਭਾਵੇਂ ਦੋਵਾਂ ਫਰਮਾਂ ਕੋਲ ਪੂਰੇ ਦਸਤਾਵੇਜ਼ ਹਨ, ਪਰ ਉਨ੍ਹਾਂ ਵਿਰੁੱਧ ਇਹ ਸਵਾਲ ਉਠਿਆ ਹੈ ਕਿ ਉਹ ਆਪਣੇ ਆਰਡਰ ਨੂੰ ਸਹੀ ਹੱਥਾਂ ਵਿੱਚ ਨਹੀਂ ਪੁੱਜਦਾ ਕਰ ਸਕੇ।