ਟਰਾਂਸ ਮਾਊਨਟੇਨ ਪਾਈਪਲਾਈਨ ਵਿੱਚ ਹਿੱਸੇਦਾਰੀ ਚਾਹੁੰਦਾ ਹੈ ਅਲਬਰਟਾ : ਨੌਟਲੇ

ਕੈਲਗਰੀ, 10 ਜੁਲਾਈ (ਪੋਸਟ ਬਿਊਰੋ) : ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਦਾ ਕਹਿਣਾ ਹੈ ਕਿ ਬਹੁਤੀ ਸੰਭਾਵਨਾ ਇਹ ਹੈ ਕਿ ਪ੍ਰੋਵਿੰਸ ਟਰਾਂਸ ਮਾਊਨਟੇਨ ਪਾਈਪਲਾਈਨ ਵਿੱਚ ਬਰਾਬਰ ਦੀ ਹਿੱਸੇਦਾਰੀ ਹਾਸਲ ਕਰੇਗੀ।
ਅਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਤੱਕ ਫੈਲੀ ਇਸ ਪਾਈਪਲਾਈਨ ਨੂੰ ਖਰੀਦਣ ਲਈ ਓਟਵਾ ਰਾਜ਼ੀ ਹੋ ਗਿਆ ਹੈ। ਅਮਰੀਕਾ ਦੀ ਕਿੰਡਰ ਮੌਰਗਨ ਕੰਪਨੀ ਨਾਲ ਇਸ ਸਬੰਧ ਵਿੱਚ ਇਨ੍ਹਾਂ ਗਰਮੀਆਂ ਵਿੱਚ ਇਹ ਸੌਦਾ 4.5 ਬਿਲੀਅਨ ਡਾਲਰ ਵਿੱਚ ਸਿਰੇ ਚੜ੍ਹਨ ਦੀ ਸੰਭਾਵਨਾ ਹੈ। ਜਿ਼ਕਰਯੋਗ ਹੈ ਕਿ ਕਿੰਡਰ ਮੌਰਗਨ ਨੇ ਇਸ ਪਾਈਪਲਾਈਨ ਦੇ ਪਸਾਰ ਉੱਤੇ ਆਉਣ ਵਾਲੀ 7.4 ਬਿਲੀਅਨ ਡਾਲਰ ਦੀ ਲਾਗਤ ਤੋਂ, ਬੀਸੀ ਸਰਕਾਰ ਵੱਲੋਂ ਪਾਈਪਲਾਈਨ ਦੇ ਵਿਰੋਧ ਕਾਰਨ, ਪਾਸਾ ਵੱਟਣ ਦੀ ਧਮਕੀ ਵੀ ਦਿੱਤੀ ਸੀ।
ਮਈ ਵਿੱਚ ਨੌਟਲੇ ਨੇ ਇਹ ਐਲਾਨ ਕੀਤਾ ਸੀ ਕਿ ਇਸ ਪ੍ਰੋਜੈਕਟ ਨੂੰ ਜਾਰੀ ਰੱਖਣ ਲਈ ਉਨ੍ਹਾਂ ਦੀ ਸਰਕਾਰ ਲੋੜ ਪੈਣ ਉੱਤੇ 2 ਬਿਲੀਅਨ ਡਾਲਰ ਦਾ ਸਹਿਯੋਗ ਦੇ ਸਕਦੀ ਹੈ। ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਇਸ ਟਰਾਂਸ ਮਾਊਨਟੇਨ ਪ੍ਰੋਜੈਕਟ ਨੂੰ ਇਸ ਲਈ ਵੀ ਜਾਰੀ ਰੱਖਣਾ ਚਾਹੁੰਦੀਆਂ ਹਨ ਕਿਉਂਕਿ ਇਸ ਨਾਲ ਅਮਰੀਕਾ ਦੀ ਮਾਰਕਿਟ ਉੱਤੇ ਨਿਰਭਰਤਾ ਨੂੰ ਘਟਾਉਣ ਲਈ ਤੇ ਕੈਨੇਡੀਅਨ ਕੱਚੇ ਤੇਲ ਨੂੰ ਹੋਰਨਾਂ ਦੇਸਾਂ ਵਿੱਚ ਵੇਚਣ ਦਾ ਰਾਹ ਪੱਧਰਾ ਹੋਵੇਗਾ।
ਕੈਲਗਰੀ ਵਿੱਚ ਪ੍ਰੀਮੀਅਰ ਦੇ ਸਾਲਾਨਾ ਸਟੈਂਪੀਡ ਪੈਨਕੇਕ ਬ੍ਰੇਕਫਾਸਟ ਵਿੱਚ ਨੌਟਲੇ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਪਾਈਪਲਾਈਨ ਵਿੱਚ ਨਿੱਕੀ ਜਿਹੀ ਹਿੱਸੇਦਾਰੀ ਚਾਹੁੰਦੀ ਹੈ। ਉਨ੍ਹਾਂ ਆਸ ਵੀ ਪ੍ਰਗਟਾਈ ਕਿ ਇਸ ਦੀ ਸੰਭਾਵਨਾ ਵੀ ਕਾਫੀ ਹੱਦ ਤੱਕ ਨਜ਼ਰ ਆ ਰਹੀ ਹੈ।