ਝੂਠਾ ਪੁਲਸ ਮੁਕਾਬਲਾ ਕਰਨ ਵਾਲਾ ਯੂ ਪੀ ਦਾ ਥਾਣੇਦਾਰ ਗ੍ਰਿਫਤਾਰ


ਨੋਇਡਾ, 5 ਫਰਵਰੀ (ਪੋਸਟ ਬਿਊਰੋ)- ਨੋਇਡਾ ਵਿੱਚ ਯੂ ਪੀ ਪੁਲਸ ਦੇ ਇੱਕ ਥਾਣੇਦਾਰ ਨੇ ਮਾਮੂਲੀ ਝਗੜੇ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਮਾਰ ਕੇ ਇਸ ਨੂੰ ਪੁਲਸ ਮੁਕਾਬਲੇ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਹੁਣ ਸਬ ਇੰਸਪੈਕਟਰ ਵਿਜੇ ਦਰਸ਼ਨ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਯੂ ਪੀ ਪੁਲਸ ਨੇ ਇਸ ਘਟਨਾ ਦੇ ਪੁਲਸ ਮੁਕਾਬਲੇ ਹੋਣ ਤੋਂ ਨਾਂਹ ਕੀਤੀ ਹੈ। ਪੁਲਸ ਅਨੁਸਾਰ ਇਹ ਸ਼ਰਾਬ ਦੇ ਨਸ਼ੇ ਵਿੱਚ ਦੋ ਵਿਅਕਤੀਆਂ ਦੇ ਝਗੜੇ ਦਾ ਮਾਮਲਾ ਹੈ। ਜਿਸ ਵਿਅਕਤੀ ਨੂੰ ਗੋਲੀ ਵੱਜੀ ਹੈ, ਉਹ ਜਿੰਮ ਟ੍ਰੇਨਰ ਹੈ ਅਤੇ ਉਸ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਨੋਇਡਾ ਪੁਲਸ ਨੇ ਕੇਸ ਵਿੱਚ ਆਪਣੀ ਰਿਪੋਰਟ ਡੀ ਜੀ ਪੀ ਹੈਡਕੁਆਰਟਰ ਨੂੰ ਭੇਜ ਦਿੱਤੀ ਹੈ। ਇਸ ਕੇਸ ਵਿੱਚ ਚਾਰ ਹੋਰ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਨੋਇਡਾ ਦੇ ਡੀ ਆਈ ਜੀ ਲਵ ਕੁਮਾਰ ਨੇ ਕਿਹਾ ਕਿ ਇਹ ਕੋਈ ਪੁਲਸ ਮੁਕਾਬਲਾ ਨਹੀਂ ਸੀ। ਵਰਣਨ ਯੋਗ ਹੈ ਕਿ ਨੋਇਡਾ ਵਿੱਚ ਬੀਤੀ ਰਾਤ ਲਗਭਗ 10 ਵਜੇ ਨੋਇਡਾ ਫੇਜ਼-3 ਥਾਣੇ ਦੇ ਏ ਐਸ ਆਈ ਵਿਜੇ ਦਰਸ਼ਨ ਨੇ ਮਾਮੂਲੀ ਝਗੜੇ ਵਿੱਚ ਸਕਾਰਪੀਓ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ। ਇੱਕ ਨੌਜਵਾਨ ਜਤਿੰਦਰ ਯਾਦਵ ਦੀ ਧੌਣ ਤੇ ਦੂਸਰੇ ਨੌਜਵਾਨ ਸੁਨੀਲ ਦੇ ਪੈਰ ਵਿੱਚ ਗੋਲੀ ਵੱਜੀ। ਜ਼ਖਮੀ ਜਤਿੰਦਰ ਨੂੰ ਫੋਰਟਿਸ ਹਸਪਤਾਲ ਦੇ ਆਈ ਸੀ ਯੂ ਵਿੱਚ ਦਾਖਲ ਕਰਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।