ਝੁਰਲੂ

-ਸਿਕੰਦਰ ਸਿੰਘ ਨਿਆਮੀਵਾਲਾ

ਕਦੇ ਨਾਦਰ ਆਉਂਦੇ ਸਨ
ਕਦੇ ਬਾਬਰ ਆਉਂਦੇ ਸਨ
ਕਦੇ ਗੋਰੇ ਆਉਂਦੇ ਸਨ
ਪਰ ਜਾਬਰ ਆਉਂਦੇ ਸਨ

ਲੁੱਟਦੇ ਸਨ ਦੌਲਤ ਨੂੰ
ਪੁੱਟਦੇ ਸਨ ਸ਼ੋਹਰਤ ਨੂੰ
ਰਾਜੇ ਅਖਵਾਉਂਦੇ ਸਨ..

ਬੁੱਤ ਮਿੱਟੀ ਦੇ ਵੇਖੀ ਜਾਂਦੇ
ਸਿਰ ‘ਤੇ ਰੱਖੇ ਤਾਜ ਸੁਨਹਿਰੀ
ਹਿੱਤ ਉਨ੍ਹਾਂ ਦੇ ਵੇਚੀ ਜਾਂਦੇ

ਵਰ੍ਹੇ ਬੀਤ ਗਏ ਸਾਲ ਬੀਤ ਗਏ
ਆਦਿ ਮੱਧ ਸਭ ਕਾਲ ਬੀਤ ਗਏ
ਨਵੇਂ ਸਮੇਂ ਦੀਆਂ ਨਵੀਆਂ ਗੱਲਾਂ
ਕਹਿ ਕੇ ਹਾੜ੍ਹ ਸਿਆਲ ਬੀਤ ਗਏ

ਹੁਣ ਰਬੜਾਂ ਦੇ ਬਣੇ ਖਿਡਾਉਣੇ
ਸੋਚਾਂ ਦੀ ਥਾਂ ਸਵਿੱਚਾਂ ਲੱਗੀਆਂ
ਜੈਸੀ ਚਿੱਪ ਇਨ੍ਹਾਂ ਵਿੱਚ ਪਾਓ
ਤੈਸਾ ਰੂਪ ਸ਼ਿੰਗਾਰਨ ਨੱਢੀਆਂ

ਹੁਣ ਬਾਬਰ ਨਾ ਜਾਬਰ ਆਵਣ
ਜਾਦੂਗਰ ਆ ਸਿਰ ਮੰਡਰਾਵਣ
ਸੁਹਣੇ ਨਾਮ ਧਰਾ ਕੇ ਆਵਣ
ਸੁਹਣਾ ਵੇਸ ਬਣਾ ਕੇ ਆਵਣ

ਕੋਈ ਟੋਪੀ ਪਾ ਕੇ ਆਵੇ
ਕੋਈ ਸਿਰ ਮੁੰਨਵਾ ਕੇ ਆਵੇ
ਕੋਈ ਦਾਹੜੀ ਲਾ ਕੇ ਆਵੇ
ਕੋਈ ਦਾਹੜੀ ਲਾਹ ਕੇ ਆਵੇ

ਉਹ ਲੋਚਾਂ ਦੱਸਦੇ ਨੇ
ਉਹੀ ਐਸ਼ ਪੁਗਾਉਂਦੇ ਨੇ
ਉਹੀ ਸੋਚਾਂ ਘੜਦੇ ਨੇ
ਉਹੀਓ ਆਕਾਰ ਬਣਾਉਂਦੇ ਨੇ

ਕਈ ਡਮ-ਡਮ ਵੱਜਦੇ ਨੇ
ਕਈ ਰਾਗ ਸੁਣਾਉਂਦੇ ਨੇ
ਕਈ ਸੋਹਿਲੇ ਪੜ੍ਹਦੇ ਨੇ
ਕਈ ਮਰਸੀਆ ਗਾਉਂਦੇ ਨੇ

ਸ਼ਾਹਕਾਰ ਇਬਾਰਤ ਘੜਦੇ ਨੇ
ਤਰ੍ਹਾਂ-ਤਰ੍ਹਾਂ ਦੇ ਸੱਪ ਕੱਢਦੇ ਨੇ

ਮੇਰਾ ਕੰਮ ਕੋਈ ਨ੍ਹੀਂ ਹੁੰਦਾ
ਮੈਂ ਤਾਂ ਬੱਸ ਇਕ ਹੱਸਣਾ ਹੁੰਦੈ
ਮੂੰਹੋਂ ਬੋਲ ਕੇ ਦੱਸਣਾ ਹੁੰਦੈ

ਉਹ ਅੰਬਰੋਂ ਤਾਰੇ ਤੋੜ ਲਿਆਵੇ
ਸਿਰ ਮੇਰੇ ਨੂੰ ਖੂਬ ਸਜਾਵੇ
ਮੈਥੋਂ ਇਕ ਆਵਾਜ਼ ਲੁਆਵੇ
ਕਹਿ ‘ਝੁਰਲੂ’

ਇਕ ਵਾਰ ਮੈਂ ਝੁਰਲੂ ਕਹਿਣੈ
ਪੰਜ ਸਾਲ ਫਿਰ ਤੱਕਦੇ ਰਹਿਣੈ
ਉਹਨੇ ਝੁਰਲੂ ਕਹਿੰਦੇ ਰਹਿਣੈ

ਹੁਣ ਬਾਬਰ ਨਹੀਂ
ਜਾਦੂਗਰ ਆਉਂਦੇ ਨੇ!
ਹੁਣ ਜਾਬਰ ਨਹੀਂ
ਜਾਦੂਗਰ ਆਉਂਦੇ ਨੇ!