ਝਲਕਾਰੀ ਦੇ ਰੂਪ ਵਿੱਚ ਦਮ ਦਿਖਾਏਗੀ ਅੰਕਿਤਾ


ਏਕਤਾ ਕਪੂਰ ਦੇ ਸੀਰੀਅਲ ‘ਪਵਿੱਤਰ ਰਿਸ਼ਤਾ’ ਨਾਲ ਘਰ ਘਰ ਵਿੱਚ ਪਛਾਣ ਬਣਾਉਣ ਵਾਲੀ ਅੰਕਿਤਾ ਲੋਖੰਡੇ ਕੁਝ ਸਾਲ ਦੀ ਬ੍ਰੇਕ ਤੋਂ ਬਾਅਦ ਫਿਲਮ ‘ਮਣੀਕਰਣਿਕਾ’ ਵਿੱਚ ਝਲਕਾਰੀ ਬਾਈ ਦੇ ਰੋਲ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਜ਼ਿਕਰ ਯੋਗ ਹੈ ਕਿ ਇਸ ਫਿਲਮ ਵਿੱਚ ਲਕਸ਼ਮੀ ਬਾਈ ਦਾ ਲੀਡ ਰੋਲ ਕੰਗਨਾ ਰਣੌਤ ਨਿਭਾ ਰਹੀ ਹੈ। ਅੰਕਿਤਾ ਦੱਸਦੀ ਹੈ, “ਜਦੋਂ ਕ੍ਰਿਸ਼ (ਨਿਰਦੇਸ਼ਕ) ਸਰ ਨੇ ਘਰ ਵਿੱਚ ਦੱਸਿਆ ਕਿ ‘ਮਣੀਕਰਣਿਕਾ’ ਵਿੱਚ ਮੇਰੇ ਨਾਲ ਕੰਮ ਕਰਨ ਜਾ ਰਹੇ ਹਨ ਤਾਂ ਉਸ ਦੇ ਪਰਵਾਰ ਵਿੱਚ ਸਾਰੇ ਬਹੁਤ ਖੁਸ਼ ਹੋ ਗਏ ਅਤੇ ਉਨ੍ਹਾਂ ਨਾਲ ਮਿਲਣਾ ਚਾਹੁੰਦੇ ਸਨ। ਛੋਟੇ ਪਰਦੇ ਦੀ ਪਹੁੰਚ ਬਹੁਤ ਵੱਡੀ ਹੈ। ਛੇ ਸਾਲ ਤੱਕ ਰੋਜ਼ ਰਾਤ ਨੌਂ ਵਜੇ ਮੈਂ ਉਨ੍ਹਾਂ ਦੇ ਟੀ ਵੀ ‘ਤੇ ਹੁੰਦੀ ਸੀ।”
ਅੰਕਿਤਾ ਨੇ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਸ਼ੁਰੂ ਕੀਤੀ ਸੀ ਅਤੇ ਇਨ੍ਹੀਂ ਦਿਨੀਂ ਸ਼ੂਟਿੰਗ ਦਾ ਅਗਲਾ ਹਿੱਸਾ ਪੂਰਾ ਕਰਨ ਵਿੱਚ ਬਿਜ਼ੀ ਹੈ। ਉਹ ਕਹਿੰਦੀ ਹੈ, ‘‘ਲੋਕ ਝਲਕਾਰੀ ਬਾਈ ਨੂੰ ਸਿਰਫ ਰਾਣੀ ਲਕਸ਼ਮੀ ਬਾਈ ਦੀ ਹਮਸ਼ਕਲ ਦੇ ਰੂਪ ਵਿੱਚ ਜਾਣਦੇ ਹਨ। ਇਸੇ ਵਜ੍ਹਾ ਨਾਲ ਇਹ ਰੋਲ ਹੋਰ ਜ਼ਿਆਦਾ ਚੁਣੌਤੀ ਪੂਰਨ ਬਣ ਗਿਆ ਸੀ। ਜਦੋਂ ਮੈਂ ਆਪਣੇ ਰੋਲ ਬਾਰੇ ਡੈਨੀ ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਇਸ ਨੂੰ ਆਪਣੇ ਅੰਦਾਜ਼ ਵਿੱਚ ਨਿਭਾਉਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਤਰੀਕੇ ਨਾਲ ਝਲਕਾਰੀ ਨੂੰ ਦਿਖਾਵਾਂ।”
ਇਸ ਰੋਲ ਲਈ ਅੰਕਿਤਾ ਨੇ ਘੋੜਸਵਾਰੀ ਅਤੇ ਤਲਵਾਰਬਾਜ਼ੀ ਸਿੱਖੀ ਹੈ। ਅੰਕਿਤਾ ਕਹਿੰਦੀ ਹੈ, ‘ਹਰ ਔਰਤ ਵਾਂਗ ਮੈਂ ਵੀ ਬਹਾਦਰ ਹਾਂ ਅਤੇ ਕਿਸੇ ਵੀ ਚੀਜ਼ ਨੂੰ ਸੰਭਾਲ ਸਕਦੀ ਹਾਂ। ਕਿਸੇ ਲਈ ਮੈਂ ਖੁਦ ਨੂੰ ਬਦਲਣਾ ਨਹੀਂ ਚਾਹੁੰਦੀ।’ ਉਸ ਅਨੁਸਾਰ ਕੰਗਨਾ ਉਸ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦੀ ਹੈ ਅਤੇ ਤਿਆਰੀ ‘ਚ ਉਸ ਨੇ ਉਸ ਦੀ ਕਈ ਵਾਰ ਮਦਦ ਕੀਤੀ ਹੈ। ਦੋਵਾਂ ਨੇ ਪ੍ਰੈਕਟਿਸ ਇਕੱਠਿਆਂ ਕੀਤੀ ਹੈ। ਛੋਟੇ ਪਰਦੇ ‘ਤੇ ਆਪਣੀ ਹਰਮਨ ਪਿਆਰਤਾ ਨੂੰ ਦੇਖਦਿਆਂ ਕੀ ਉਸ ਨੂੰ ਕਿਸੇ ਲੀਡ ਰੋਲ ਨਾਲ ਬਾਲੀਵੁੱਡ ਵਿੱਚ ਡੈਬਿਊ ਨਹੀਂ ਕਰਨਾ ਚਾਹੀਦਾ ਸੀ? ਅੰਕਿਤਾ ਕਹਿੰਦੀ ਹੈ, ‘‘ਅੱਗੇ ਚੱਲ ਕੇ ਮੈਂ ਲਵ ਸਟੋਰੀ ਵਾਲੀ ਫਿਲਮ ਵੀ ਕਰਨਾ ਚਾਹਾਂਗੀ, ਪਰ ਝਲਕਾਰੀ ਵਰਗਾ ਰੋਲ ਦੁਬਾਰਾ ਮੈਨੂੰ ਨਹੀਂ ਮਿਲੇਗਾ। ਆਸ ਹੈ ਕਿ ਇਸ ਰੋਲ ਤੋਂ ਬਾਅਦ ਲੋਕ ਮੈਨੂੰ ਇੱਕ ਦਮਦਾਰ ਅਭਿਨੇਤਰੀ ਦੇ ਰੂਪ ਵਿੱਚ ਸਵੀਕਾਰ ਕਰਨਗੇ।”