ਜੱਲ੍ਹਿਆਂਵਾਲੇ ਬਾਗ ਆਏ ਗ੍ਰਹਿ ਮੰਤਰੀ ਨੇ ਕਿਹਾ: ਬੁੱਤ ਤੋੜਨੇ ਭਾਰਤੀ ਕਲਚਰ ਦਾ ਹਿੱਸਾ ਨਹੀਂ


* ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਰਦਾ ਚੁੱਕਿਆ ਗਿਆ
* ਜਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਮਨਾਉਣ ਦਾ ਐਲਾਨ
ਅੰਮ੍ਰਿਤਸਰ, 13 ਮਾਰਚ, (ਪੋਸਟ ਬਿਊਰੋ)- ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁੱਤ ਤੋੜਨ ਦੀਆਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਅੱਜ ਏਥੇ ਕਿਹਾ ਕਿ ਇਹ ਵਿਹਾਰ ਭਾਰਤੀ ਸੱਭਿਆਚਾਰ ਦਾ ਹਿੱਸਾ ਨਹੀਂ। ਉਨ੍ਹਾਂ ਦੱਸਿਆ ਕਿ ਸਬੰਧਤ ਰਾਜ ਸਰਕਾਰਾਂ ਨੂੰ ਬੁੱਤ ਤੋੜਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਵਾਸਤੇ ਹੁਕਮ ਦਿੱਤੇ ਗਏ ਹਨ। ਰਾਜਨਾਥ ਸਿੰਘ ਅੱਜ ਇੱਥੇ ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦ ਊਧਮ ਸਿੰਘ ਦੇ ਆਦਮਕੱਦ ਬੁੱਤ ਤੋਂ ਪਰਦਾ ਹਟਾਉਣ ਲਈ ਆਏ ਸਨ, ਜਿੱਥੇ ਉਨ੍ਹਾਂ ਨੇ ਸ਼ਹੀਦੀ ਸਮਾਰਕ ਉੱਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
ਜਲ੍ਹਿਆਂਵਾਲਾ ਬਾਗ ਵਿੱਚ ਕੌਮਾਂਤਰੀ ਸਰਵ ਕੰਬੋਜ ਸਮਾਜ ਵੱਲੋਂ ਕਰਵਾਏ ਸਮਾਗਮ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਰਦਾ ਹਟਾਉਣ ਮਗਰੋਂ ਇਕੱਠ ਨੂੰ ਸੰਬੋਧਨ ਕੀਤਾ। ਵਰਨਣ ਯੋਗ ਹੈ ਕਿ ਸ਼ਹੀਦ ਊਧਮ ਸਿੰਘ ਨੇ ਅੱਜ ਦੇ ਦਿਨ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਬ੍ਰਿਟੇਨ ਸਰਕਾਰ ਵੇਲੇ ਪੰਜਾਬ ਦੇ ਸਾਬਕਾ ਗਵਰਨਰ ਜਨਰਲ ਮਾਈਕਲ ਓਡਵਾਇਰ ਨੂੰ ਗੋਲੀ ਮਾਰੀ ਸੀ। ਓਡਵਾਇਰ ਦੇ ਹੁਕਮਾਂ ਉੱਤੇ ਹੀ 13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਵਿੱਚ ਇਕੱਠੇ ਹੋਏ ਲੋਕਾਂ ਉੱਤੇ ਗੋਲੀ ਚਲਾਈ ਗਈ ਸੀ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਸ਼ਹੀਦ ਊਧਮ ਸਿੰਘ ਨੇ 21 ਸਾਲ ਬਦਲੇ ਦੀ ਭਾਵਨਾ ਨੂੰ ਆਪਣੇ ਦਿਲ ਵਿੱਚ ਕਾਇਮ ਰੱਖਿਆ ਤੇ ਕੌਮੀ ਸਵੈਮਾਣ ਲਈ ਅੰਗਰੇਜ਼ ਅਫਸਰ ਨੂੰ ਉਸ ਦੇ ਦੇਸ਼ ਵਿੱਚ ਜਾ ਕੇ ਸ਼ਰ੍ਹੇਆਮ ਗੋਲੀ ਮਾਰੀ ਸੀ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੇ ਸਾਕੇ ਮਗਰੋਂ ਦੇਸ਼ ਦੇ ਨੌਜਵਾਨ ਕੌਮੀ ਸਵੈਮਾਣ ਲਈ ਆਜ਼ਾਦੀ ਦੀ ਜੰਗ ਵਿੱਚ ਕੁਦ ਪਏ ਸਨ ਅਤੇ ਏਸੇ ਘਟਨਾ ਨੇ ਸ਼ਹੀਦ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਅਸ਼ਫਾਕ ਉੱਲਾ ਖਾਨ, ਰਾਜਗੁਰੂ, ਸੁਖਦੇਵ ਤੇ ਕਈ ਹੋਰ ਘੁਲਾਟੀਏ ਪੈਦਾ ਕੀਤੇ ਸਨ। ਜਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਤਾਬਦੀ ਵਰ੍ਹੇ ਨੂੰ 2019 ਵਿੱਚ ਪੂਰਾ ਸਾਲ ਦੇਸ਼ ਵਿੱਚ ਮਨਾਉਣ ਦਾ ਐਲਾਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਸ਼ਹੀਦੀ ਮੈਮੋਰੀਅਲ ਦੇ ਸੁੰਦਰੀਕਰਨ ਲਈ ਕੇਂਦਰ ਸਰਕਾਰ ਵਿਸਥਾਰਤ ਯੋਜਨਾ ਬਣਾਵੇਗੀ।
ਭਾਰਤ ਦੇ ਕੁਝ ਰਾਜਾਂ ਵਿਚ ਬੁੱਤਾਂ ਨੂੰ ਤੋੜਨ ਦੀਆਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦੇਂਦੇ ਹੋਏ ਅੱਜ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਹਦਾਇਤ ਕੀਤੀ ਹੈ ਕਿ ਬੁੱਤ ਤੋੜਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਭਾਰਤੀ ਸੱਭਿਆਚਾਰ ਦਾ ਹਿੱਸਾ ਨਹੀਂ, ਕਿਸੇ ਨਾਲ ਵਿਚਾਰਧਾਰਾ ਮਿਲੇ ਜਾਂ ਨਾ ਮਿਲੇ, ਪਰ ਬੁੱਤ ਤੋੜਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।
ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੌਮਾਂਤਰੀ ਸਰਵ ਕੰਬੋਜ ਸਮਾਜ ਵੱਲੋਂ ਦਿੱਤੇ ਮੰਗ ਪੱਤਰ ਬਾਰੇ ਕਿਹਾ ਕਿ ਇਹ ਅਗਲੀ ਕਾਰਵਾਈ ਕਰਨ ਦੇ ਲਈ ਮੁੱਖ ਮੰਤਰੀ ਨੂੰ ਦਿੱਤਾ ਜਾਵੇਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸ਼ਹੀਦ ਊਧਮ ਸਿੰਘ ਚੇਅਰ ਸਥਾਪਤ ਕਰਨ ਦੀ ਮੰਗ ਦਾ ਸਮਰਥਨ ਕਰਦਿਆਂ ਉਨ੍ਹਾਂ ਆਖਿਆ ਕਿ ਇਹ ਮੰਗ ਵੀ ਮੁੱਖ ਮੰਤਰੀ ਕੋਲ ਰੱਖੀ ਜਾਵੇਗੀ। ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੰਦੇਸ਼ ਪੜ੍ਹਿਆ ਤੇ ਸਮਾਗਮ ਨੂੰ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਪਾਰਲੀਮੈਂਟ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰਨਾਂ ਨੇ ਸੰਬੋਧਨ ਕੀਤਾ।