ਜੱਲ੍ਹਿਆਂਵਾਲਾ ਕਾਂਡ ਦੀ ਮੁਆਾਫ਼ੀ ਮੰਗਣ ਲਈ ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਮਤਾ ਪੇਸ਼


* ਪੰਜਾਬੀ ਮੂਲ ਦੇ ਐੱਮ ਪੀ ਵਰਿੰਦਰ ਸ਼ਰਮਾ ਨੇ ਪੇਸ਼ ਕੀਤਾ ਮਤਾ
ਲੰਡਨ, 21 ਅਕਤੂਬਰ, (ਪੋਸਟ ਬਿਊਰੋ)- ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਭਾਰਤ ਦੇ ਪੰਜਾਬੀ ਮੂਲ ਦੇ ਸਭ ਤੋਂ ਸੀਨੀਅਰ ਐੱਮ ਪੀ ਵੀਰੇਂਦਰ ਸ਼ਰਮਾ ਨੇ ਬ੍ਰਿਟੇਨ ਦੀ ਹਕੂਮਤ ਦੌਰਾਨ 1919 ਵਿੱਚ ਵਾਪਰੇ ਜੱਲ੍ਹਿਆਂਵਾਲਾ ਕਾਂਡ ਲਈ ਮੁਆਫ਼ੀ ਮੰਗੇ ਜਾਣ ਦਾ ਇਕ ਮਤਾ ਇਸ ਦੇਸ਼ ਦੀ ਪਾਰਲੀਮੈਂਟ ਵਿੱਚ ਪੇਸ਼ ਕੀਤਾ ਹੈ। ਇਸ ਵਿੱਚ ਪ੍ਰਧਾਨ ਮੰਤਰੀ ਥੈਰੇਸਾ ਮੇਅ ਉਤੇ ਉਸ ਵਹਿਸ਼ੀ ਕਤਲ ਕਾਂਡ ਲਈ ਮੁਆਫ਼ੀ ਮੰਗਣ ਉੱਤੇ ਜ਼ੋਰ ਦਿੱਤਾ ਗਿਆ ਹੈ।
ਪੰਜਾਬੀਆਂ ਅਤੇ ਹੋਰ ਪ੍ਰਵਾਸੀ ਲੋਕਾਂ ਦੀ ਭਰਪੂਰ ਵਸੋਂ ਵਾਲੇ ਈਲਿੰਗ ਸਾਊਥਾਲ ਹਲਕੇ ਤੋਂ ਲੇਬਰ ਪਾਰਟੀ ਦੇ ਐਮ ਪੀ ਵੀਰੇਂਦਰ ਸ਼ਰਮਾ ਨੇ ਇਹ ‘ਅਰਲੀ ਡੇਅ ਮੋਸ਼ਨ’ ਇਸੇ ਹਫ਼ਤੇ ਪੇਸ਼ ਕੀਤਾ ਹੈ, ਜਿਸ ਉਤੇ ਬ੍ਰਿਟਿਸ਼ ਪਾਰਲੀਮੈਂਟ ਦੇ ਪੰਜ ਹੋਰ ਮੈਂਬਰਾਂ ਨੇ ਵੀ ਦਸਖ਼ਤ ਕੀਤੇ ਹੋਏ ਹਨ। ਸਾਲ 1919 ਦੀ ਵਿਸਾਖੀ ਮੌਕੇ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਵਿੱਚ ਇਹ ਕਤਲੇਆਮ ਓਦੋਂ ਵਾਪਰਿਆ ਸੀ, ਜਦੋਂ ਉਥੇ ਆਜ਼ਾਦੀ ਪੱਖੀ ਬੈਠਕ ਕਰ ਰਹੇ ਸੈਂਕੜੇ ਲੋਕਾਂ ਨੂੰ ਕਰਨਲ ਰੈਗੀਨਾਲਡ ਡਾਇਰ ਦੀ ਅਗਵਾਈ ਹੇਠਲੀ ਫ਼ੌਜੀ ਟੁਕੜੀ ਨੇ ਗੋਲੀਆਂ ਨਾਲ ਭੁੰਨ ਸੁੱਟਿਆ ਸੀ। ਵੀਰੇਂਦਰ ਸ਼ਰਮਾ ਵੱਲੋਂ ਪੇਸ਼ ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਆਪਣੀ ਭਾਰਤ ਫੇਰੀ ਦੌਰਾਨ ਇਸ ਕਤਲੇਆਮ ਨੂੰ ‘ਸ਼ਰਮਨਾਕ ਕਾਰਵਾਈ’ ਕਰਾਰ ਦਿੱਤਾ ਸੀ। ਤਾਜ਼ਾ ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਜਦੋਂ ਉਸ ਕਾਂਡ ਦੀ ਪਹਿਲੀ ਸਦੀ ਹੁਣ ਨੇੜੇ ਆ ਰਹੀ ਹੈ ਤਾਂ ਇਸ ਨੂੰ ਚੇਤੇ ਕਰਨਾ ਚੰਗਾ ਰਹੇਗਾ। ਇਸ ਮਤੇ ਵਿੱਚ ਬ੍ਰਿਟੇਨ ਸਰਕਾਰ ਨੂੰ ਇਹ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ ਕਿ ਬ੍ਰਿਟਿਸ਼ ਬੱਚਿਆਂ ਨੂੰ ਇਸ ਸ਼ਰਮਨਾਕ ਦੌਰ ਬਾਰੇ ਪੜ੍ਹਾਇਆ ਤੇ ਦੱਸਿਆ ਜਾਵੇ ਕਿ ਮੌਜੂਦਾ ਬ੍ਰਿਟੇਨ ਦੀਆਂ ਕਦਰਾਂ-ਕੀਮਤਾਂ ਪੁਰਅਮਨ ਰੋਸ ਦੇ ਹੱਕ ਦਾ ਸਵਾਗਤ ਕਰਦੀਆਂ ਹਨ। ਇਸ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਸਰਕਾਰ ਇਸ ਕੰਮ ਲਈ ਪਾਰਲੀਮੈਂਟ ਵਿੱਚ ‘ਰਸਮੀ ਤੌਰ ਉੱਤੇ ਮੁਆਫ਼ੀ ਮੰਗੇ’ ਤੇ ਇਸ ਨੂੰ ਯਾਦ ਰੱਖਣ ਲਈ ਇਕ ਦਿਨ ਮਿਥਿਆ ਜਾਵੇ। ਵੀਰੇਂਦਰ ਸ਼ਰਮਾ ਨੇ ਇਸ ਮਤੇ ਵਿੱਚ ਕਿਹਾ ਹੈ, ‘ਇਹ ਭਾਰਤ ਵਿੱਚ ਬ੍ਰਿਟਿਸ਼ ਇਤਿਹਾਸ ਦੀ ਬੜੀ ਅਹਿਮ ਘਟਨਾ ਸੀ। ਅਨੇਕਾਂ ਲੋਕ ਆਖਦੇ ਹਨ ਕਿ ਇਹ ਅੰਤ ਦੀ ਸ਼ੁਰੂਆਤ ਸੀ। ਇਕ ਅਜਿਹੀ ਘਟਨਾ, ਜਿਸ ਨੇ ਆਜ਼ਾਦੀ ਦੀ ਲਹਿਰ ਨੂੰ ਹੁਲਾਰਾ ਦਿੱਤਾ। ਇਸ ਨੂੰ ਲਾਜ਼ਮੀ ਯਾਦ ਕੀਤਾ ਜਾਣਾ ਚਾਹੀਦਾ ਹੈ।’