ਜੱਜ ਨੇ ਲਾਲੂ ਨੂੰ ਕਿਹਾ: ਠੰਢ ਲੱਗਦੀ ਹੈ ਤਾਂ ਤਬਲਾ ਵਜਾਓ


ਰਾਂਚੀ, 5 ਜਨਵਰੀ (ਪੋਸਟ ਬਿਊਰੋ)- ਦੇਵਘਰ ਦੇ ਜਿ਼ਲਾ ਖਜ਼ਾਨੇ ਤੋਂ ਨਾਜਾਇਜ਼ ਢੰਗ ਨਾਲ ਪੈਸੇ ਕਡਵਾਉਣ ਦੇ ਇੱਕ ਚਾਰਾ ਘੁਟਾਲਾ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਕੱਲ੍ਹ ਆਪਣੇ ਅੰਦਾਜ਼ ਵਿੱਚ ਦਿਸੇ। ਵਿਅੰਗ ਦੇ ਅੰਦਾਜ਼ ਵਿੱਚ ਬਿਆਨ ਦੇਣ ਲਈ ਜਾਣੇ ਜਾਂਧੇ ਲਾਲੂ ਪ੍ਰਸਾਦ ਯਾਦਵ ਨੇ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਵੀ ਕਈ ਅਜਿਹੀਆਂ ਗੱਲਾਂ ਕਹੀਆਂ, ਜਿਸ ਨਾਲ ਕੋਰਟ ਰੂਮ ਵਿੱਚ ਠਹਾਕੇ ਲੱਗੇ। ਲਾਲੂ ਦੇ ਸ਼ਬਦਾਂ ਨੂੰ ਸੁਣ ਕੇ ਵਕੀਲ ਠਹਾਕਾ ਲਾਉਣ ਲਈ ਮਜਬੂਰ ਹੋ ਗਏ।
ਇਸ ਮੌਕੇ ਕੋਰਟ ‘ਚ ਮੌਜੂਦ ਵਕੀਲਾਂ ਮੁਤਾਬਕ ਲਾਲੂ ਪ੍ਰਸਾਦ ਦੀਆਂ ਗੱਲਾਂ ‘ਤੇ ਜੱਜ ਨੇ ਜ਼ਬਾਨੀ ਟਿੱਪਣੀ ਨਾਲ ਉਨ੍ਹਾਂ ਨੂੰ ਉਸੇ ਅੰਦਾਜ਼ ਵਿੱਚ ਜਵਾਬ ਦਿੱਤਾ। ਲਾਲੂ ਨੇ ਕਿਹਾ, ਹਜ਼ੂਰ, ਜੇਲ ਵਿੱਚ ਬਹੁਤ ਠੰਢ ਲੱਗਦੀ ਹੈ। ਇਸ ਉੱਤੇ ਜੱਜ ਨੇ ਕਿਹਾ, ਕੋਈ ਗੱਲ ਨਹੀਂ, ਹਾਰਮੋਨੀਅਮ ਅਤੇ ਤਬਲਾ ਵਜਾਓ ਤੇ ਟੈਂਸ਼ਨ ਮੁਕਤ ਰਹੋ। ਲਾਲੂ ਨੇ ਕਿਹਾ ਕਿ ਜੇਲ ‘ਚ ਕਿਸੇ ਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ। ਇਸ ‘ਤੇ ਜੱਜ ਨੇ ਕਿਹਾ ਕਿ ਤੁਹਾਨੂੰ ਕੋਰਟ ‘ਚ ਬੁਲਾਇਆ ਜਾਂਦਾ ਹੈ ਤਾਂ ਜੋ ਤੁਸੀਂ ਆਪਣੇ ਲੋਕਾਂ ਨੂੰ ਮਿਲ ਸਕੋ। ਲਾਲੂ ਨੇ ਸਜ਼ਾ ਘੱਟ ਕਰਨ ਲਈ ਕਿਹਾ ਕਿ ‘ਜੱਜ ਸਾਹਬ ਕੂਲ ਮਾਈਂਡ ਨਾਲ ਸੋਚਣਾ। ਮੈਂ ਬੇਗੁਨਾਹ ਹਾਂ।’ ਜੱਜ ਨੇ ਕਿਹਾ ਕਿ ‘ਉਸ ਸਮੇਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਤਾਂ ਤੁਸੀਂ ਹੀ ਸੀ। ਤੁਹਾਡਾ ਪੂਰਾ ਰਿਕਾਰਡ ਪੜ੍ਹਿਆ ਹੈ, ਵਿਜੀਲੈਂਸ ਟਾਈਟ ਰਹਿੰਦਾ ਤਾਂ ਇਸ ਤਰ੍ਹਾਂ ਨਾ ਹੁੰਦਾ।’ ਜੱਜ ਨੇ ਜਗਦੀਸ਼ ਸ਼ਰਮਾ ਅਤੇ ਡੀ ਪੀ ਓਝਾ ਨੂੰ ਜ਼ਿੰਮੇਵਾਰ ਦੱਸਦੇ ਹੋਏ ਲਾਲੂ ਨੂੰ ਕਿਹਾ ਕਿ ਤੁਹਾਡੀ ਗਲਤੀ ਹੈ ਕਿ ਸ਼ਿਵਸ਼ੰਕਰ ਨੇ ਜਾਂਚ ਕੀਤੀ ਅਤੇ ਡੀ ਸੀ ਸੁਖਦੇਵ ਸਿੰਘ ਨੂੰ ਰਿਪੋਰਟ ਦਿੱਤੀ। ਉਨ੍ਹਾਂ ਨੇ ਵਿੱਤ ਸਕੱਤਰ ਨੂੰ ਭੇਜਿਆ। ਜਗਦੀਸ਼ ਸ਼ਰਮਾ ਏਨੇ ਪਾਵਰਫੁੱਲ ਸਨ ਕਿ ਉਨ੍ਹਾਂ ਨੇ ਪੱਤਰ ਲਿਖ ਕੇ ਇਸ ਨੂੰ ਡਾਈਵਰਟ ਕਰ ਦਿੱਤਾ। ਤੁਸੀਂ ਤੁਰੰਤ ਕਾਰਵਾਈ ਨਹੀਂ ਕੀਤੀ।