ਜੱਗੀ ਜੌਹਲ ਦੀ ਗ੍ਰਿਫਤਾਰੀ ਦਾ ਮਾਮਲਾ ਇੰਗਲੈਂਡ ਵਿੱਚ ਭਖਿਆ

ਜੱਗੀ ਜੌਹਲ

ਜਲੰਧਰ, 14 ਨਵੰਬਰ (ਪੋਸਟ ਬਿਊਰੋ)- ਜਿ਼ਲਾ ਜਲੰਧਰ ਦੇ ਜੰਡਿਆਲਾ ਮੰਜਕੀ ਦੇ ਪਰਵਾਸੀ ਪੰਜਾਬੀ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਨੂੰ ਹਿੰਦੂ ਆਗੂਆਂ ਦੇ ਕਤਲ ਦੇ ਦੋਸ਼ ਹੇਠ ਮੋਗਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਮੁੱਦਾ ਇੰਗਲੈਂਡ ਵਿੱਚ ਕਾਫੀ ਭਖ ਗਿਆ ਹੈ। ਜੱਗੀ ਦੇ ਇੰਗਲੈਂਡ ਰਹਿੰਦੇ ਪਰਵਾਰ ਨੇ ਉਸ ਨੂੰ ਰਿਹਾਅ ਕਰਾਉਣ ਵਾਸਤੇ ਚਲਾਈ ਜਾ ਰਹੀ ਮੁਹਿੰਮ ਹੇਠ ਉਥੋਂ ਦੇ 50 ਪਾਰਲੀਮੈਂਟ ਮੈਂਬਰਾਂ ਤੱਕ ਪਹੁੰਚ ਕੀਤੀ ਹੈ। ਜੌਹਲ ਪਰਵਾਰ ਨੇ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਦਿੱਲੀ ਵਿੱਚ ਬ੍ਰਿਟੇਨ ਦੇ ਹਾਈ ਕਮਿਸ਼ਨ ਨਾਲ ਲਗਾਤਾਰ ਸੰਪਰਕ ਰੱਖਿਆ ਹੋਇਆ ਹੈ। ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ 50 ਪਾਰਲੀਮੈਂਟ ਮੈਂਬਰਾਂ ਨਾਲ ਗੱਲ ਹੋ ਚੁੱਕੀ ਹੈ ਤੇ 100 ਪਾਰਲੀਮੈਂਟ ਮੈਂਬਰਾਂ ਤੱਕ ਪਹੁੰਚ ਕਰ ਲੈਣ ਦੀ ਉਨ੍ਹਾਂ ਨੂੰ ਪੂਰੀ ਉਮੀਦ ਹੈ।
ਜੌਹਲ ਪਰਵਾਰ ਵੱਲੋਂ ਸੋਸ਼ਲ ਮੀਡੀਆ ਉੱਤੇ ‘ਫ੍ਰੀ ਜੱਗੀ ਨਾਓ’ ਦੇ ਬੈਨਰ ਹੇਠ ਮੁਹਿੰਮ ਵਿੱਢੀ ਗਈ ਹੈ। ਸਿੱਖ ਯੂਥ ਫੈਡਰੇਸ਼ਨ ਦੇ ਆਗੂਆਂ ਦੇ ਮੁਤਾਬਕ ਪਾਰਲੀਮੈਂਟ ਮੈਂਬਰ ਮਾਰਟਿਨ ਡੌਹੈਰੀ ਨੇ ਪਹਿਲਾਂ ਹੀ ਜੱਗੀ ਦੀ ਗ੍ਰਿਫਤਾਰੀ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕੇਸ ਨੂੰ ਸੁਲਝਾਉਣ ਲਈ ਪਰਵਾਰ ਦੀ ਮਦਦ ਕਰਨਗੇ। ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਪੁਲਸ ਉਨ੍ਹਾਂ ਨੂੰ ਅਤੇ ਪਰਵਾਰ ਨੂੰ ਧਮਕੀਆਂ ਦੇ ਰਹੀ ਹੈ। ਇਸ ਬਾਰੇ ਵੀ ਭਾਰਤੀ ਹਾਈ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਗਈ ਹੈ। ਇਕ ਵੀਡੀਓ ਵਿੱਚ ਜਗਤਾਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ ਜਗਤਾਰ ਸਿੰਘ ਦਾ ਪਾਸਪੋਰਟ ਹਾਸਲ ਕਰਨ ਲਈ ਉਸ ਦੇ ਪਿੱਛੇ ਪਈ ਹੋਈ ਸੀ। ਉਹ ਖੁਦ ਪੰਜਾਬ ਤੋਂ ਇੰਗਲੈਂਡ ਮੁੜ ਆਇਆ ਸੀ, ਕਿਉਂਕਿ ਉਸ ਨੂੰ ਡਰ ਸੀ ਕਿ ਪੁਲਸ ਉਨ੍ਹਾਂ ਦੇ ਹੋਰ ਪਰਵਾਰਕ ਮੈਂਬਰਾਂ ਨੂੰ ਪਰੇਸ਼ਾਨ ਨਾ ਕਰੇ। ਪਰਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਆਰਥਿਕ ਮਦਦ ਦੀ ਲੋੜ ਨਹੀਂ ਤੇ ਨਾ ਕੋਈ ਜੱਗੀ ਦੀ ਰਿਹਾਈ ਲਈ ਪੈਸੇ ਇਕੱਠੇ ਕਰੇ।