ਜੱਗੀ ਕੇਸ ਵਿੱਚ ਨੁਕਤਾਚੀਨੀ ਕਰਨ ਵਾਲਿਆਂ ਤੋਂ ਤਨਮਨਜੀਤ ਢੇਸੀ ਤੰਗ ਆਏ


ਲੰਡਨ, 19 ਨਵੰਬਰ (ਪੋਸਟ ਬਿਊਰੋ)- ਬ੍ਰਿਟੇਨ ਦੇ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਹੁਣ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਕੇਸ ਬਾਰੇ ਵਿਵਾਦਾਂ ਵਿੱਚ ਹਨ। ਫੇਸਬੁੱਕ ਉੱਤੇ ਆਪਣੀ ਗੱਲ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ਉਹ ਸਿਰਫ ਸਿੱਖਾਂ ਦੇ ਪਾਰਲੀਮੈਂਟ ਮੈਂਬਰ ਨਹੀਂ, ਉਨ੍ਹਾਂ ਨੂੰ ਹੋਰਨਾਂ ਬਾਰੇ ਵੀ ਸੋਚਣਾ ਪੈਂਦਾ ਹੈ।
ਫੇਸਬੁੱਕ ਉੱਤੇ ਤਨਮਨਜੀਤ ਸਿੰਘ ਢੇਸੀ ਨੇ ਲਿਖਿਆ ਹੈ ਕਿ ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਣੇ ਬਿਨਾਂ ਪਾਰਲੀਮੈਂਟ ਮੈਂਬਰ ਵਜੋਂ ਕੰਮ ਕਰਨਾ ਬੜਾ ਮੁਸ਼ਕਲ ਹੈ, ਜੋ ਇਹ ਸੋਚਦੇ ਹਨ ਕਿ ਮੈਂ ਸਿਰਫ ਆਪਣੀ ਕੌਮ ਦੀਆਂ ਗੱਲਾਂ ਕਰਦਾ ਹਾਂ ਭਾਵੇਂ ਉਹ ਖਾੜਕੂ ਹੋਣ ਜਾਂ ਕੋਈ ਹੋਰ, ਮੇਰੀ ਹੀ ਕੌਮ ਦੇ ਲੋਕ ਮੇਰੀਆਂ ਕੋਸ਼ਿਸ਼ਾਂ ਨੂੰ ਕਾਫੀ ਨਹੀਂ ਮੰਨਦੇ। ਢੇਸੀ ਨੇ ਲਿਖਿਆ ਹੈ ਕਿ ਜਦੋਂ ਲੋਕ ਸਾਨੂੰ ਗਾਲ੍ਹਾਂ ਕੱਢਦੇ ਹਨ ਤਾਂ ਉਹ ਅਸਲ ਵਿੱਚ ਆਪਣੇ ਹੀ ਕੰਮ ਦਾ ਨੁਕਸਾਨ ਕਰਦੇ ਹਨ। ਮੈਂ ਉਹੀ ਕੰਮ ਕਰਾਂਗਾ, ਹੋ ਮੈਂ ਠੀਕ ਸਮਝਦਾ ਹਾਂ, ਬਜਾਏ ਇਸ ਦੇ ਕਿ ਕੋਈ ਮੈਨੂੰ ਆਪਣੀ ਸੋਚ ਮੁਤਾਬਕ ਚਲਾਵੇ। ਉਨ੍ਹਾਂ ਅੱਗੇ ਲਿਖਿਆ ਹੈ ਕਿ ਕੁਝ ਲੋਕ ਇਕ ਮੁੱਦੇ ਨੂੰ ਲੈ ਕੇ ਸਾਨੂੰ ਗਾਲ੍ਹਾਂ ਦਿੰਦੇ ਹਨ। ਇਕ ਪਾਰਲੀਮੈਂਟ ਮੈਂਬਰ ਹੋਣ ਦੇ ਨਾਤੇ ਸਾਡੇ ਕੋਲ ਇਕੋ ਵਕਤ ਕਈ ਅਜਿਹੇ ਮੁੱਦੇ ਹੁੰਦੇ ਹਨ, ਜਿਨ੍ਹਾਂ ਬਾਰੇ ਅਸੀਂ ਸੋਚ ਰਹੇ ਹੁੰਦੇ ਹਾਂ, ਜਿਵੇਂ ਬੇਸਹਾਰਾ ਲੋਕ, ਗਰੀਬੀ ਨੂੰ ਦੂਰ ਕਰਨਾ, ਬੱਚਿਆਂ ਦਾ ਮੋਟਾਪਾ, ਚੌਗਿਰਦਾ, ਆਰਥਿਕ ਤਰੱਕੀ, ਮਜ਼ਦੂਰਾਂ ਦੇ ਹੱਕ, ਭੇਦਭਾਵ, ਜਾਤਵਾਦ, ਸੈਕਸ ਦੇ ਮੁੱਦੇ, ਕ੍ਰਿਸ਼ਚੀਅਨ, ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੇ ਮੁੱਦੇ, ਇਨਫ੍ਰਾਸਟਰੱਕਚਰ ਦੇ ਮੁੱਦੇ। ਇਹ ਸਭ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ। ਅਸਲ ਵਿੱਚ ਇਹ ਮੁੱਦੇ ਕਈ ਸਾਲਾਂ ਤਕ ਸਾਡੇ ਪਾਰਲੀਮੈਂਟ ਖੇਤਰ ਨੂੰ ਵੀ ਪ੍ਰਭਾਵਿਤ ਕਰਦੇ ਹਨ। ਮੈਂ ਤੁਹਾਨੂੰ ਆਪਣੀ ਕੌਮ ਦੀ ਉਦਾਹਰਣ ਦਿੰਦਾ ਹਾਂ। ਜੋ ਲੋਕ ਚਾਹੁੰਦੇ ਹਨ ਕਿ ਪਾਰਲੀਮੈਂਟਰੀ ਨਿਯਮਾਂ ਨੂੰ ਜਾਣੇ ਮੈਂ ਸਕਾਟਲੈਂਡ ਦੇ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਮੁੱਦਾ ਉਠਾਵਾਂ, ਉਨ੍ਹਾਂ ਨੂੰ ਦੱਸ ਦੇਵਾਂ ਕਿ ਇਹ ਵੱਡਾ ਮਸਲਾ ਹੈ, ਜਗਤਾਰ ਸਿੰਘ ਜੌਹਲ ਦੇ ਇਲਾਕੇ ਦੇ ਇਕ ਸਥਾਨਕ ਐੱਮ ਪੀ ਨੇ ਪਹਿਲਾਂ ਹੀ ਬੁੱਧਵਾਰ ਨੂੰ ਬਹੁਤ ਵਧੀਆ ਢੰਗ ਨਾਲ ਇਕ ਜ਼ਰੂਰੀ ਸਵਾਲ ਤੇ ਮੁੱਦਾ ਉਠਾਇਆ ਹੈ। ਸਿਰਫ ਉਸ ਦਾ ਆਪਣਾ ਪਾਰਲੀਮੈਂਟ ਮੈਂਬਰ ਹੀ ਸਭ ਤੋਂ ਪਹਿਲਾਂ ਪਾਰਲੀਮੈਂਟ ਵਿਚ ਸਵਾਲ ਕਰ ਸਕਦਾ ਹੈ, ਉਹ ਵੀ ਸਪੀਕਰ ਨੂੰ ਬੇਨਤੀ ਕਰਨ ਪਿੱਛੋਂ। ਮੈਂ ਫਿਰ ਵੀ ਲਗਾਤਾਰ ਇਸ ਦਾ ਸਮਰਥਨ ਕਰਦਾ ਹਾਂ, ਕਿਉਂਕਿ ਮੈਂ ਜਗਤਾਰ ਸਿੰਘ ਦਾ ਭਲਾ ਚਾਹੁਣ ਵਾਲਾ ਹਾਂ ਤੇ ਚਾਹੁੰਦਾ ਹਾਂ ਕਿ ਨਿਰਪੱਖ ਢੰਗ ਨਾਲ ਉਸ ਦੀ ਕਾਨੂੰਨੀ ਸਹਾਇਤਾ ਹੋਵੇ। ਜਦੋਂ ਤੋਂ ਇਹ ਮੁੱਦਾ ਸਾਹਮਣੇ ਆਇਆ ਹੈ, ਮੇਰਾ ਸਟਾਫ ਅਤੇ ਮੈਂ ਵੀਕੈਂਡ ਉੱਤੇ ਵੀ ਇਸ ਬਾਰੇ ਲੋਕਾਂ ਨਾਲ ਸਲਾਹ ਕਰਦੇ ਅਤੇ ਉਸ ਨੂੰ ਮੀਡੀਆ ਵਿੱਚ ਸਮਾਜਿਕ ਮੁੱਦੇ ਵਜੋਂ ਉਠਾਉਂਦੇ ਹਾਂ। ਵਿਦੇਸ਼ ਸਕੱਤਰ ਤੇ ਹਾਈ ਕਮਿਸ਼ਨ ਨੂੰ ਐਕਸ਼ਨ ਲੈਣ ਲਈ ਅਪੀਲ ਕਰਦੇ ਹਾਂ। ਇਨ੍ਹਾਂ ਸਭ ਜ਼ੋਰਦਾਰ ਕੋਸ਼ਿਸ਼ਾਂ ਦੇ ਬਾਵਜੂਦ ਐਤਵਾਰ ਨੂੰ ਜਦੋਂ ਬਾਕੀ ਲੋਕ ਆਪਣੇ ਪਰਿਵਾਰਾਂ ਨਾਲ ਸਨ, ਅਸੀਂ ਆਨਲਾਈਨ ਲੋਕਾਂ ਤੋਂ ਗਾਲ੍ਹਾਂ ਖਾ ਰਹੇ ਸੀ ਕਿ ਸਿੱਖ ਐੱਮ ਪੀ ਕੁਝ ਨਹੀਂ ਕਰ ਰਿਹਾ। ਲੋਕਾਂ ਦਾ ਕਹਿਣਾ ਸੀ ਕਿ ਪਾਰਲੀਮੈਂਟ ਮੈਂਬਰ ਦਾ ਕੰਮ ਪ੍ਰਧਾਨ ਮੰਤਰੀ ਤੋਂ ਕੰਮ ਬਾਰੇ ਹੀ ਸਵਾਲ ਪੁੱਛਣਾ ਹੈ। ਸੰਯੋਗ ਨਾਲ ਮੇਰਾ ਪਹਿਲਾ ਸਵਾਲ, ਜਿਸ ਨੂੰ ਪੁੱਛਣ ਦਾ ਮੈਂ ਮਹੀਨਿਆਂ ਤੋਂ ਯਤਨ ਕਰ ਰਿਹਾ ਸੀ, ਵੱਡੇ ਲੋਕਲ ਇਨਫ੍ਰਾਸਟਰੱਕਚਰ ਦਾ ਪ੍ਰਾਜੈਕਟ ਸੀ। ਇਸ ਸਵਾਲ ਨੂੰ ਮੇਰੇ ਸਾਹਮਣੇ ਮੇਰੇ ਹੀ ਇਲਾਕੇ ਦੇ ਲੋਕਾਂ ਵਲੋਂ ਬਹੁਤ ਵਾਰ ਪੇਸ਼ ਕੀਤਾ ਗਿਆ, ਕਿਉਂਕਿ ਇਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੁੰਦੇ ਹਨ। ਅਸਲ ਵਿਚ ਹੀਥਰੋ ਨੂੰ ਜਾਣ ਵਾਲਾ ਵੈਸਟਰਨ ਰੇਲ ਲਿੰਕ, ਇਹ 800 ਮਿਲੀਅਨ ਪੌਂਡ ਦੀ ਆਰਥਿਕ ਡੀਲ ਸੀ, ਜਿਸ ਨਾਲ 42 ਹਜ਼ਾਰ ਨਵੇਂ ਰੋਜ਼ਗਾਰ ਪੈਦਾ ਹੋਣਗੇ ਅਤੇ ਇਸ ਨਾਲ ਵਾਤਾਵਰਣ ਵਿੱਚੋਂ ਕਾਰਬਨ ਡਾਈਆਕਸਾਈਡ ਦੀ ਇੰਨੀ ਬੱਚਤ ਹੋਵੇਗੀ, ਜਿੰਨੀ ਲੱਗਭਗ 30 ਮਿਲੀਅਨ ਮੀਲ ਰੋਡ ਉੱਤੇ ਇਕ ਸਾਲ ਵਿੱਚ ਪੈਦਾ ਹੁੰਦੀ ਹੈ।
ਇਹ ਗੱਲ ਸੱਚ ਹੈ ਕਿ ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ, ਚਾਹੇ ਜਿੰਨੀ ਮਰਜ਼ੀ ਮਿਹਨਤ ਕਰ ਲਓ। ਮੈਂ ਬਹੁਤ ਥੋੜ੍ਹੇ ਸਮੇਂ ਵਿਚ ਬਹੁਤ ਸਾਰੇ ਸਿੱਖ ਮਸਲਿਆਂ ਉੱਤੇ ਕੰਮ ਕੀਤਾ ਤੇ ਮੈਂ ਇਨ੍ਹਾਂ ਮਸਲਿਆਂ ਉੱਤੇ ਆਪਣੇ ਢੰਗ ਨਾਲ ਕੰਮ ਕਰਦਾ ਰਹਾਂਗਾ। ਇਨ੍ਹਾਂ ਹਾਲੀਆ ਗਾਲ੍ਹਾਂ ਦੇ ਸਬੰਧ ਵਿਚ ਜ਼ੋਰ ਦੇ ਕੇ ਮੈਸੇਜ ਦੇਣਾ ਚਾਹਾਂਗਾ ਕਿ ਪਿਛਲੇ 10 ਸਾਲਾਂ ਤੋਂ ਮੈਂ ਲੋਕਾਂ ਦੀ ਸੇਵਾ ਵਿਚ ਹਾਂ ਅਤੇ ਮੈਂ ਸਿਰਫ ਸਿੱਖਾਂ ਦਾ ਐੱਮ ਪੀ ਨਹੀਂ ਕਿ ਸਿਰਫ ਸਿੱਖਾਂ ਦੇ ਮਸਲੇ ਉਠਾਵਾਂ। ਅਜਿਹੀਆਂ ਨਾਂਹ-ਪੱਖੀ ਗੱਲਾਂ ਮੈਨੂੰ ਸਰਬੱਤ ਦਾ ਭਲਾ ਕਰਨ ਤੋਂ ਰੋਕ ਨਹੀਂ ਸਕਦੀਆਂ।