ਜੰਗਲ ਚਾਰ ਚੁਫੇਰੇ

-ਸੁਖਵਿੰਦਰ ਮਾਨ

ਕਦੇ-ਕਦੇ ਮੈਨੂੰ ਇੰਜ ਲੱਗਦਾ
ਜਿਉਂ ਜੰਗਲ ਚਾਰ ਚੁਫੇਰੇ,
ਮਨ ਤਾਂ ਮੰਨਦਾ ਫਿਰ ਵੀ ਨਾ
ਰੱਖਦਾ ਹੌਸਲੇ ਬਹੁਤ ਘਨੇਰੇ।

ਨਾਤਿਆਂ ਦੇ ਬੰਧਨ ਜਕੜਨ
ਦਮ ਘੁੱਟਦਾ ਜਿਹਾ ਜਾਪੇ,
ਕੋਲ ਨਾ ਆਉਂਦੇ ਲੋੜ ਪੈਣ ‘ਤੇ
ਉਂਜ ਜੱਫੇ ਪਾਉਣ ਬਥੇਰ।

ਕਦੇ-ਕਦੇ ਮੈਨੂੰ ਇੰਜ ਲੱਗਦਾ..
ਰੁਸ਼ਨਾਉਂਦਾ ਰੌਸ਼ਨੀਆਂ ‘ਚ
ਜੱਗ ਨਿੱਤ ਖੁਸ਼ੀਆਂ ਮਨਾਵੇ,
ਬੱਤੀ ਦੀਵੇ ਸਾਡੇ ਗੁੱਲ ਪਏ ਨੇ
ਤੇ ਚੜ੍ਹ-ਚੜ੍ਹ ਆਉਣ ਹਨੇਰੇ।

ਕਦੇ-ਕਦੇ ਮੈਨੂੰ ਇੰਜ ਲੱਗਦਾ..
ਰਾਤਾਂ ਕਾਲੀਆਂ ਬੋਲੀਆਂ ਨੇ
ਅੰਧਕਾਰ ਮੱਲੇ ਨੇ ਰਸਤੇ,
ਜੁਗਨੂੰ ਸਾਡੇ ਬਣ ਗਏ ਸਾਥੀ
ਅਸਾਂ ਲੱਭ ਲਏ ਅੰਤ ਸਵੇਰੇ।

ਕਦੇ-ਕਦੇ ਮੈਨੂੰ ਇੰਜ ਲੱਗਦਾ..
ਠੋਕਰਾਂ ਖਾ ਅਸੀਂ ਥੱਕੇ ਨਾਹੀਂ
ਨਾਹੀਂ ਹਟਦੇ ਨੇ ਮੇਰੇ ਦੋਖੀ,
ਉਹ ਵੀ ਬੈਠੇ ਕਰਨ ਸਲਾਹਾਂ
ਉਨ੍ਹਾਂ ਕਿੱਥੋਂ ਕੈਸੇ ਹਠੀ ਸਹੇੜੇ।
ਕਦੇ-ਕਦੇ ਮੈਨੂੰ ਇੰਜ ਲੱਗਦਾ..।