ਜੰਗਲੀ ਜੀਵਾਂ ਲਈ ਖਤਰੇ ਦੀ ਘੜੀ

urbanisation in india
-ਗੁਰਮੀਤ ਸਿੰਘ
ਹਰ ਸਾਲ ਜੰਗਲੀ ਜੀਵ ਸੁਰੱਖਿਆ ਸਪਤਾਹ ਭਾਰਤ ਵਿੱਚ ਦੋ ਤੋਂ ਅੱਠ ਅਕਤੂਬਰ ਤੱਕ ਮਨਾਇਆ ਜਾਂਦਾ ਹੈ। ਇਹ ਸਪਤਾਹ ਸਾਲ 1952 ਤੋਂ ਮਨਾਉਣਾ ਸ਼ੁਰੂ ਹੋਇਆ ਸੀ। ਜਿਵੇਂ-ਜਿਵੇਂ ਸਾਡੀ ਆਬਾਦੀ ਵਧਦੀ ਜਾ ਰਹੀ ਹੈ, ਅਸੀਂ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਘੱਟ ਤੋਂ ਘੱਟ ਥਾਂ ਛੱਡ ਰਹੇ ਹਾਂ। ਜੰਗਲੀ ਜੀਵਾਂ ਦੀ ਗਿਣਤੀ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਵਣ ਜੀਵਨ ਦੀ ਵੰਨ ਸੁਵੰਨਤਾ ਪੱਖੋਂ ਭਾਰਤ ਨੂੰ ਮਹੱਤਵ ਪੂਰਨ ਸਥਾਨ ਹਾਸਲ ਹੈ। ਦੁਨੀਆ ‘ਚ ਵਣ ਜੀਵਨ ਦੀ ਵੰਨ ਸੁਵੰਨਤਾ ਵਿੱਚ ਭਾਰਤ ਦਾ ਹਿੱਸਾ ਅੱਠ ਫੀਸਦੀ ਹੈ। ਕਈ ਕਾਰਨਾਂ ਕਰਕੇ, ਅੱਜ, ਭਾਰਤ ਦੀ ਜੈਵ ਵਿਭਿੰਨਤਾ ਖਤਰੇ ਵਿੱਚ ਹੈ, ਕਿਉਂਕਿ ਜੰਗਲੀ ਜੀਵਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਤੇਜ਼ੀ ਨਾਲ ਖਤਮ ਹੋ ਰਹੀਆਂ ਹਨ। ਅਣਗਿਣਤ ਨਸਲਾਂ ਦੀ ਗਿਣਤੀ ਪਹਿਲਾਂ ਹੀ ਖਤਮ ਹੋ ਚੁੱਕੀ ਹੈ ਅਤੇ ਬਾਕੀਆਂ ਦਾ ਵਿਨਾਸ਼ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਸਾਡੇ ਦੇਸ਼ ਵਿੱਚ ਜੰਗਲੀ ਜੀਵ ਜੰਤੂਆਂ ਦੀ ਤਬਾਹੀ ਦਾ ਮੁੱਖ ਕਾਰਨ ਹੈ, ਉਨ੍ਹਾਂ ਦੇ ਵਾਸ ਵਾਲੀਆਂ ਥਾਵਾਂ ਦਾ ਖਤਮ ਹੋਣਾ। ਆਈ ਯੂ ਸੀ ਐਨ ਅਨੁਸਾਰ ਜੰਗਲੀ ਜੀਵਾਂ ਦੇ ਟਿਕਣ ਦੀਆਂ ਥਾਵਾਂ ਘਟਣ ਕਾਰਨ ਸਭ ਤੋਂ ਵੱਧ ਪੰਛੀ ਪ੍ਰਭਾਵਿਤ ਹੋਏ ਹਨ। 89 ਫੀਸਦੀ ਜੰਗਲੀ ਜਾਨਵਰ, 83 ਫੀਸਦੀ ਪੰਛੀ ਤੇ 91 ਫੀਸਦੀ ਜੋਖਮ ਵਾਲੇ ਪੌਦੇ ਵਿਸ਼ਵ ਪੱਧਰ ‘ਤੇ ਖਤਮ ਹੋਣ ਕੰਢੇ ਹਨ। ਪੰਜਾਬ ਵਰਗੇ ਰਾਜ ਵਿੱਚ ਜੰਗਲੀ ਜੀਵਾਂ ਲਈ ਸੁਰੱਖਿਅਤ ਰੱਖਾਂ ਵੀ ਨਹੀਂ ਬਚੀਆਂ। ਜਿਹੜੀਆਂ ਬੀੜਾਂ ਬਚੀਆਂ ਹਨ, ਉਨ੍ਹਾਂ ਵਿੱਚ ਪਾਣੀ ਦੀ ਕਮੀ ਹੈ। ਰੁੱਖ ਸੁੱਕ ਰਹੇ ਹਨ ਅਤੇ ਪਸ਼ੂ ਪੰਛੀ ਉਥੋਂ ਨੇੜਲੇ ਮਨੁੱਖੀ ਆਬਾਦੀ ਵਾਲੇ ਖੇਤਰਾਂ ਵੱਲ ਪਰਵਾਸ ਕਰ ਗਏ ਹਨ। ਉਂਝ ਉਹ ਕੁਦਰਤੀ ਮਾਹੌਲ ਦੀ ਘਾਟ ਕਾਰਨ ਦਮ ਤੋੜਦੇ ਜਾ ਰਹੇ ਹਨ।
ਬਹੁਤੇ ਲੋਕ ਇਹ ਅਹਿਸਾਸ ਨਹੀਂ ਕਰਦੇ ਕਿ ਆਮ ਲੋਕ ਜੰਗਲੀ ਜੀਵਾਂ ਦਾ ਬਚਾਓ ਕਰਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ। ਪਹਿਲਾਂ ਤੋਂ ਮੌਜੂਦਾ ਕਾਨੂੰਨ ਦੀ ਪਾਲਣਾ ਕਰਨਾ ਵੀ ਇਸ ਪਾਸੇ ਸ਼ੁਰੂਆਤ ਦਾ ਚੰਗਾ ਤਰੀਕਾ ਹੈ। ਸਭ ਤੋਂ ਮਹੱਤਵ ਪੂਰਨ ਕੰਮ ਹੈ ਕਿ ਰੱਖਿਆ ਅਤੇ ਸਾਂਭ ਸੰਭਾਲ ਦੇ ਯਤਨਾਂ ਬਾਰੇ ਜਾਗਰੂਕਤਾ ਲਿਆਂਦੀ ਜਾਵੇ ਅਤੇ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਵਿੱਚ ਸ਼ਾਮਲ ਵੱਖ-ਵੱਖ ਸਮੂਹਾਂ ਅਤੇ ਸੰਗਠਨਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਜੰਗਲੀ ਜਾਨਵਰਾਂ ਨੂੰ ਮਾਰਨ ਵਰਗੇ ਕਦਮ ਚੁੱਕਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸੁਰੱਖਿਅਤ ਖੇਤਰ ਜਾਨਵਰਾਂ ਨੂੰ ਕਿਉਂ ਨਹੀਂ ਰੱਖ ਸਕਦੇ। ਕੀ ਉਹ ਜਾਨਵਰਾਂ ਨਾਲ ਜ਼ਿਆਦਾ ਭਰ ਗਏ ਹਨ ਜਾਂ ਕੀ ਯਤਨ ਕਰਨ ਦੀ ਲੋੜ ਹੈ? ਕੀ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਲੋੜੀਂਦੇ ਫੰਡ ਹਾਸਲ ਨਹੀਂ ਕਰਵਾਏ ਜਾਂਦੇ?
ਯੂਨੀਵਰਸਿਟੀਆਂ ਨੇ ਅਜਿਹੇ ਖੋਜ ਕਾਰਜਾਂ ਤੋਂ ਚੁੱਪ ਧਾਰੀ ਹੋਈ ਹੈ। ਜੰਗਲੀ ਜੀਵਾਂ ਦੀ ਸੁਰੱਖਿਆ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਦੀ ਲੋੜ ਹੈ। ਹਰੀਕੇ ਪੱਤਣ ਵਾਲੇ ਖੇਤਰਾਂ ਲਈ ਵਿਸ਼ੇਸ਼ ਧਿਆਨ ਦੀ ਲੋੜ ਹੈ, ਜਿਸ ਨੂੰ ਭੂਮੀ ਮਾਫੀਆ ਤੇ ਨਾਜਾਇਜ਼ ਕਾਬਜ਼ਕਾਰਾਂ ਤੋਂ ਖਤਰਾ ਹੈ। ਸਾਈਕਜ਼ ਨਾਈਟ ਜਾਰ ਤੇ ਸਲਾਰਾ ਕਬੂਤਰ, ਜੋ ਬਹੁਤ ਘੱਟ ਮਿਲਣ ਵਾਲੀਆਂ ਜੀਵ ਨਸਲਾਂ ਹਨ, 1998 ਤੋਂ ਹਰੀਕੇ ਝੀਲ ਵਿਖੇ ਗੇੜਾ ਲਾਉਣ ਨਹੀਂ ਪਰਤੀਆਂ। ਇਸ ਖਾਸ ਖੇਤਰ ਦਾ ਪੰਜਾਬ ਰਾਜ ਜੰਗਲੀ ਜੀਵ ਬੋਰਡ ਵਿੱਚ ਕੋਈ ਮੈਂਬਰ ਨਹੀਂ। ਸਾਡੀ ਦਿਲੀ ਕੋਸ਼ਿਸ਼ ਹੀ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸਾਂਭ ਸੰਭਾਲ ਵਿੱਚ ਮਦਦ ਕਰ ਸਕਦੀ ਹੈ।