ਜੋ ਵੀ ਮੈਂ ਸਿੱਖਿਆ ਹੈ ਫਿਲਮ ਦੇ ਸੈੱਟ ‘ਤੇ ਹੀ ਸਿਖਿਆ ਹੈ : ਸਿਧਾਰਥ


ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਇਤਫਾਕ’ ਵਿੱਚ ਸਿਧਾਰਥ ਮਲਹੋਤਰਾ ਨੇ ਅਹਿਮ ਕਿਰਦਾਰ ਨਿਭਾਇਆ ਹੈ। ਪਿਛਲੀਆਂ ਫਿਲਮਾਂ ਵਿੱਚ ਨਿਭਾਏ ਕਿਰਦਾਰਾਂ ਦੇ ਮੁਕਾਬਲੇ ਉਨ੍ਹਾਂ ਦਾ ਇਹ ਕਿਰਦਾਰ ਕਾਫੀ ਪਸੰਦ ਕੀਤਾ ਗਿਆ ਹੈ, ਜਿਸ ਨਾਲ ਉਹ ਬੇਹੱਦ ਖੁਸ਼ ਹੈ। ਸਿਧਾਰਥ ਦਾ ਕਹਿਣਾ ਹੈ ਕਿ ਜਿਸ ਫਿਲਮ ਨੂੰ ਕਰਨ ਲਈ ਮੁੰਬਈ ਆਇਆ ਸੀ, ਉਹ ਅੱਗੇ ਨਹੀਂ ਵਧ ਸਕੀ। ਇਸ ਦੌਰਾਨ ਮੈਨੂੁੰ ਕਰਣ ਜੌਹਰ ਨੂੰ ਅਸਿਸਟ ਕਰਨ ਦਾ ਮੌਕਾ ਮਿਲਿਆ। ਇਤਫਾਕ ਨਾਲ ਹੀ ਉਹ ਮੇਰੀ ਪਹਿਲੀ ਫਿਲਮ ਦੇ ਡਾਇਰੈਕਟਰ ਵੀ ਬਣੇ ਤੇ ਇਸ ਤੋਂ ਵੀ ਵੱਡਾ ਇਤਫਾਕ ਇਹ ਹੈ ਕਿ ਜਿਸ ਐਕਟਰ ਦੀ ਫਿਲਮ ਵਿੱਚ ਮੈਂ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਸੀ, ਅੱਜ ਉਨ੍ਹਾਂ ਦੇ ਪ੍ਰੋਡਕਸ਼ਨ ਵਿੱਚ ਬਣੀ ਫਿਲਮ ਵਿੱਚ ਐਕਟਿੰਗ ਕੀਤੀ ਹੈ। ਦੱਸਣ ਯੋਗ ਹੈ ਕਿ ਸ਼ਾਹਰੁਖ ਖਾਨ ਨੇ ਕਰਣ ਜੌਹਰ ਦੇ ਨਾਲ ਮਿਲ ਕੇ ‘ਇਤਫਾਕ’ ਨੂੰ ਪ੍ਰੋਡਿਊਸ ਕੀਤਾ ਹੈ ਅਤੇ ਸਿਧਾਰਥ ਨੇ ਸ਼ਾਹਰੁਖ ਦੀ ‘ਮਾਇ ਨੇਮ ਇਜ਼ ਖਾਨ’ ਵਿੱਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਸੀ।
ਸਿਧਾਰਥ ਨੇ ਦੱਸਿਆ, ‘‘ਜਦ ਮੈਂ ‘ਮਾਇ ਨੇਮ ਇਜ਼ ਖਾਨ’ ਵਿੱਚ ਕਰਣ ਜੌਹਰ ਨੂੰ ਅਸਿਸਟ ਕਰ ਰਿਹਾ ਸੀ ਤਾਂ ਮੈਂ ਸ਼ਾਹਰੁਖ ਨੂੰ ਮਿਲਿਆ ਸੀ। ਉਸ ਵਕਤ ਮੇਰੇ ਕੋਲ ਉਨ੍ਹਾਂ ਨਾਲ ਗੱਲ ਕਰਨ ਦੀ ਕੋਈ ਵਜ੍ਹਾ ਨਹੀਂ ਸੀ। ਇੱਕ ਦਿਨ ਸੈੱਟ ‘ਤੇ ਮੈਂ ਬਿਸਕੁਟ ਦਾ ਪੈਕੇਟ ਲੈ ਕੇ ਉਨ੍ਹਾਂ ਕੋਲ ਗਿਆ ਅਤੇ ਪੁੱਛਿਆ ਕਿ ਸਰ, ਕੀ ਤੁਸੀਂ ਬਿਸਕੁਟ ਖਾਓਗੇ? ਉਨ੍ਹਾਂ ਨੇ ਮਨ੍ਹਾ ਕਰ ਦਿੱਤਾ, ਪਰ ਮੇਰੇ ਬੋਲਣ ਦਾ ਸਟਾਈਲ ਦੇਖ ਕੇ ਉਹ ਬੋਲੇ, ਕਿਤੇ ਤੂੰ ਉਹ ਦਿੱਲੀ ਵਾਲਾ ਲੜਕਾ ਤਾਂ ਨਹੀਂ? ਮੈਂ ਜਵਾਬ ਦਿੱਤਾ, ਹਾਂ, ਮੈਂ ਦਿੱਲੀ ਦਾ ਹੀ ਹਾਂ। ਇੰਝ ਮੇਰੀ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਹੋਈ। ਇਸ ਦੇ ਬਾਅਦ ਮੈਂ ਉਨ੍ਹਾਂ ਨੂੰ ਮਿਲਣ-ਜੁਲਣ ਲੱਗਾ। ਮੈਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲਿਆ। ਮੈਂ ਸੈੱਟ ‘ਤੇ ਕਲੈਪ ਦਿੱਤਾ ਕਰਦਾ ਸੀ, ਪਰ ਜਦ ਵੀ ਸ਼ੂਟਿੰਗ ਦੇ ਵਿੱਚ ਵਕਤ ਮਿਲਦਾ ਸੀ, ਸ਼ਾਹਰੁਖ ਮੈਨੂੰ ਐਕਟਿੰਗ ਬਾਰੇ ਦੱਸਿਆ ਕਰਦੇ ਸਨ। ਉਹ ਮੇਰੇ ਨਾਲ ਆਪਣੇ ਅਨੁਭਵ ਵੀ ਸ਼ੇਅਰ ਕਰਦੇ ਸਨ। ਜੋ ਵੀ ਮੈਂ ਸਿਖਿਆ ਹੈ, ਫਿਲਮ ਦੇ ਸੈੱਟ ‘ਤੇ ਹੀ ਸਿਖਿਆ ਹੈ।”
ਮੁੰਬਈ ਆਉਣ ਬਾਰੇ ਪੁੱਛਣ ‘ਤੇ ਸਿਧਾਰਥ ਨੇ ਕਿਹਾ, ‘ਜਦ ਮੈਂ ਦਿੱਲੀ ਤੋਂ ਨਵਾਂ ਨਵਾਂ ਮੁੰਬਈ ਆਇਆ ਤਾਂ ਉਸ ਸਮੇਂ ਮੈਨੂੰ ਅਨੁਭਵ ਸਰ ਦੀ ਇੱਕ ਐਕਸ਼ਨ ਫਿਲਮ ਵਿੱਚ ਕਾਸਟ ਕੀਤਾ ਗਿਆ ਸੀ। ਉਸ ਫਿਲਮ ਵਿੱਚ ਮੇਰੇ ਨਾਲ ਵਿਧੁਤ ਜਮਵਾਲ ਵੀ ਨਜ਼ਰ ਆਉਣ ਵਾਲੇ ਸਨ। ਉਥੋਂ ਹੀ ਮੈਂ ਅਤੇ ਵਿਧੁਤ ਦੋਸਤ ਬਣੇ ਅਤੇ ਇਸ ਦੇ ਬਾਅਦ ਰੂਮ ਸ਼ੇਅਰਿੰਗ ਪਾਰਟਰ ਵੀ, ਕਿਉਂਕਿ ਮੁੰਬਈ ਵਿੱਚ ਬੈਚਲਰ ਲੋਕਾਂ ਨੂੰ ਇੰਜ ਸ਼ੇਅਰਿੰਗ ਕਰ ਕੇ ਘਰ ਲੈਣੇ ਪੈਂਦੇ ਹਨ। ਇਸ ਦੇ ਬਾਅਦ ਵਿਧੁੁਤ ਆਪਣੀਆਂ ਫਿਲਮਾਂ ਵਿੱਚ ਬਿਜ਼ੀ ਹੋ ਗਏ ਅਤੇ ਮੈਂ ਆਪਣੇ ਕਰੀਅਰ ਵਿੱਚ ਅੱਗੇ ਵਧ ਗਿਆ। ਹੁਣ ਅਸੀਂ ਰੂਮ ਤਾਂ ਸ਼ੇਅਰ ਨਹੀਂ ਕਰਦੇ ਹਾਂ, ਪਰ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ। ਵਿਧੁਤ ਦੇ ਕਰੀਅਰ ਗਰਾਫ ਤੋਂ ਮੈਂ ਬਹੁਤ ਖੁਸ਼ ਹਾਂ।”