ਜੋਬਨ ਰੁੱਤ ਹੀ ਜ਼ਿੰਦਗੀ ਦਾ ਧੁਰਾ


-ਪ੍ਰੋ. ਵੀਰਪਾਲ ਕੌਰ ਕਮਲ
ਇਨਸਾਨ ਦੀ ਪੂਰੀ ਉਮਰ ਵਿੱਚ ਸਭ ਤੋਂ ਮਹੱਤਵ ਪੂਰਨ ਸਮਾਂ ਜਵਾਨੀ ਦਾ ਹੀ ਹੁੰਦਾ ਹੈ। ਇਹ ਸਮਾਂ ਕੁਦਰਤ ਵੱਲੋਂ ਬਖਸ਼ਿਆ ਹੋਇਆ ਵੱਡਾ ਵਰਦਾਨ ਹੈ। ਜਵਾਨੀ ਵਿੱਚ ਕੀਤੇ ਕੰਮਾਂ ਦਾ ਲੇਖਾ ਪੂਰੀ ਉਮਰ ਭੁਗਤਣਾ ਪੈਂਦਾ ਹੈ। ਜ਼ਿੰਦਗੀ ਨੂੰ ਬਚਾਉਣ ਅਤੇ ਵਿਗਾੜਨ ਵਿੱਚ ਜੋਬਨ ਰੁੱਤ ਦਾ ਮਹੱਤਵ ਪੂਰਨ ਰੋਲ ਹੁੰਦਾ ਹੈ। ਇਹ ਉਹ ਸਮਾਂ ਹੈ, ਜਿਸ ਦਾ ਲਾਭ ਉਠਾ ਲਓ ਜਾਂ ਗਵਾ ਲਓ। ਜਿਨ੍ਹਾਂ ਨੇ ਜਵਾਨੀ ਵੇਲੇ ਅਨੁਸ਼ਾਸਨ ਭਰਪੂਰ, ਜ਼ਿੰਮੇਵਾਰੀ, ਮਿਹਨਤੀ, ਆਗਿਆਕਾਰੀ, ਸ਼ੁੱਧ ਅਚਾਰ, ਅਮਨ ਪਸੰਦ, ਲੋਕ ਸੇਵਾ, ਪਰ ਸੁਆਰਥੀ ਜੀਵਨ ਸ਼ੈਲੀ ਅਪਣਾਈ ਹੁੰਦੀ ਹੈ, ਇਹੋ ਜਿਹੇ ਨੌਜੁਆਨਾਂ ਦਾ ਭਵਿੱਖ ਜ਼ਰੂਰ ਸੰਵਰਦਾ ਹੈ। ਜਿਹੜੇ ਜੋਬਨ ਰੁੱਤੇ ਨੇਮ-ਬੱਧ ਜੀਵਨ ਜਿਉਂਦੇ ਹਨ, ਉਨ੍ਹਾਂ ਦੇ ਵੱਡੀ ਉਮਰ ਵਿੱਚ ਸਥਿਰ ਵਿਚਾਰ, ਸਪੱਸ਼ਟ ਦਿ੍ਰਸ਼ਟੀਕੋਣ, ਸਪੱਸ਼ਟ ਤੇ ਸ਼ਾਂਤਮਈ ਜੀਵਨ ਹੁੰਦਾ ਹੈ। ਜੋ ਨੌਜੁਆਨ ਜਵਾਨੀ ਦੇ ਇਸ ਵਡਮੁੱਲੇ ਸਮੇਂ ਨੂੰ ਬਰਾਬਦ ਕਰ ਗਏ, ਉਹ ਭਵਿੱਖ ਦੇ ਆਪ ਦੁਸ਼ਮਣ ਬਣ ਗਏ। ਅਜਿਹੇ ਨੌਜੁਆਨ ਆਪਣਾ ਕਰੀਅਰ ਤਾਂ ਦਾਅ ‘ਤੇ ਲਾ ਹੀ ਗਏ, ਨਾਲ ਹੀ ਸਮਾਜ ਲਈ ਵੀ ਸਮੱਸਿਆ ਬਣਦੇ ਹਨ। ਇਨ੍ਹਾਂ ਦੀ ਪੂਰੀ ਜ਼ਿੰਦਗੀ ਵਿੱਚ ਵਿਗਾੜ ਆ ਜਾਂਦਾ ਹੈ। ਜਵਾਨੀ ਬਰਬਾਦ ਕਰਨ ਵਾਲੇ ਲੋਕ ਬਿਮਾਰ, ਅਵਿਵਸਤਿਤ, ਸੁਸਤ ਤਾਂ ਰਹਿੰਦੇ ਹੀ ਹਨ, ਨਾਲ ਹੀ ਸਾਰੀ ਉਮਰ ਸ਼ਿਕਵੇ ਵੀ ਕਰਦੇ ਰਹਿੰਦੇ ਹਨ।
ਜੋਬਨ ਰੁੱਤ ਜ਼ਿੰਦਗੀ ਦੀ ਅਜਿਹੀ ਸਟੇਜ ਹੈ, ਜਦੋਂ ਸੰਤੁਲਿਤ ਜੀਵਨ ਜਿਊਣ ਦੀ ਲੋੜ ਹੁੰਦੀ ਹੈ, ਤਦੇ ਹੀ ਉਜਲ ਭਵਿੱਖ ਸੰਭਵ ਹੈ। ਜ਼ਿੰਦਗੀ ਦੇ ਕਿਸੇ ਵੀ ਪਹਿਲੂ ਦਾ ਇਧਰ ਉਧਰ ਹੋ ਜਾਣਾ ਜ਼ਿੰਦਗੀ ‘ਚ ਵਿਗਾੜ ਪੈਦਾ ਕਰਦਾ ਹੈ।
ਜਵਾਨੀ ਦਾ ਅਰਥ ਜੋਸ਼ ਅਤੇ ਧੜਕਣਾ ਹੈ। ਨੌਜੁਆਨ ਕਿਸੇ ਵੀ ਮਸਲੇ ਨੂੰ ਲੈ ਕੇ ਜਲਦੀ ਉਤੇਜਿਤ ਹੁੰਦੇ ਹਨ, ਪਰ ਇਸ ਸਮੇਂ ਮਿਲੀ ਹੋਈ ਪ੍ਰੇਰਨਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਜ਼ਿੰਦਗੀ ਦਾ ਬਣਨਾ, ਵਿਗੜਨਾ, ਸੰਵਰਨਾ ਇਸ ਰੁੱਤੇ ਹੀ ਸੰਭਵ ਹੁੰਦਾ ਹੈ। ਅਫਸੋਸ ਕਿ ਸਾਡੀ ਨੌਜੁਆਨ ਪੀੜ੍ਹੀ ਅੱਜ ਕੱਲ੍ਹ ਆਪਣੇ ਜੀਵਨ ਦੇ ਮਕਸਦ ਤੇ ਆਦਰਸ਼ ਭੁੱਲ ਕੇ ਬਿੱਖਰੀਆਂ ਰਾਹਾਂ ਦੀ ਪਾਂਧੀ ਬਣ ਰਹੀ ਹੈ। ਨੌਜੁਆਨ ਪੜ੍ਹਾਈ, ਕਰਤੱਵ ਇਥੋਂ ਤੱਕ ਕਿ ਸਿਹਤ ਪ੍ਰਤੀ ਅਵੇਸਲੇ ਹੋ ਗਏ ਹਨ। ਤਕਦੀਰ ਦੀ ਸਿਰਜਣਹਾਰ ਕਹੀ ਜਾਣ ਵਾਲੀ ਜਵਾਨੀ ਅੱਜ ਤਕਦੀਰ ਨੂੰ ਵਿਗਾੜ ਰਹੀ ਹੈ। ਜਿਸ ਜਵਾਨੀ ਨੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰ ਦਿੱਤੀਆਂ, ਅੱਜ ਉਹੀ ਜਵਾਨੀ ਹੱਥਾਂ ਵਿੱਚ ਹਥਿਆਰ ਲੈ ਕੇ ਆਪਣਾ ਕੀਮਤੀ ਸਮਾਂ ਲੜਾਈ ਝਗੜਿਆਂ ਵਿੱਚ ਬਿਤਾ ਰਹੀ ਹੈ। ਪੜ੍ਹਾਈ ਤੋਂ ਬੇਮੁੱਖ ਇਹ ਨੌਜੁਆਨ ਪੀੜ੍ਹੀ ਆਪਣਾ, ਆਪਣੇ ਪਰਵਾਰ ਅਤੇ ਦੇਸ਼ ਸਮਾਜ ਦਾ ਭਵਿੱਖ ਖਰਾਬ ਕਰ ਰਹੀ ਹੈ। ਇਸ ਸਮੇਂ ਜਦੋਂ ਨੌਜੁਆਨਾਂ ਨੇ ਚਾਰੇ ਤਰਫ ਖੁਸ਼ੀ ਤੇ ਖੇੜੇ ਵੰਡਣੇ ਹੁੰਦੇ ਹਨ, ਇਨ੍ਹਾਂ ਫੁੱਲਾਂ ਨੇ ਖਿੜ ਕੇ ਮਹਿਕਾਂ ਵੰਡਣੀਆਂ ਹੁੰਦੀਆਂ ਹਨ। ਚਾਵਾਂ ਤੇ ਲਾਡਾਂ ਨਾਲ ਪਾਲ ਪਲੋਸ ਕੇ ਸੱਧਰਾਂ ਦਾ ਪਾਣੀ ਦੇ ਕੇ ਜਵਾਨ ਕੀਤੇ ਇਨ੍ਹਾਂ ਫੁੱਲਾਂ ਨੂੰ ਦੇਖ ਕੇ ਸੱਧਰਾਂ ਦਾ ਪਾਣੀ ਸੰਪੂਰਨ ਅਤੇ ਖੁਸ਼ੀ ਮਹਿਸੂਸ ਕਰਨਾ ਹੁੰਦਾ ਹੈ। ਜਦੋਂ ਇਹ ਮਹਿਕਾਂ ਕਿਧਰੇ ਉਡ ਪੁੱਡ ਜਾਣ ਤਾਂ ਅਫਸੋਸ ਹੁੰਦਾ ਹੈ। ਜਿਨ੍ਹਾਂ ‘ਤੇ ਸਮਾਜ ਨੇ ਮਾਣ ਕਰਨਾ ਹੈ, ਉਨ੍ਹਾਂ ਤੋਂ ਹੀ ਸਮਾਜ ਨੂੰ ਖਤਰਾ ਪੈਦਾ ਹੋ ਜਾਵੇ।
ਅੱਜ ਜ਼ਮਾਨੇ ਦੀ ਹਵਾ ਦਾ ਰੁਖ਼ ਅਜਿਹਾ ਹੋ ਗਿਆ ਹੈ ਕਿ ਨੌਜੁਆਨ ਸੰਸਕਾਰ ਅਤੇ ਸੱਭਿਆਚਾਰ ਤੋਂ ਦੂਰ ਹੋ ਰਹੇ ਹਨ। ਕੰਮ ਕਰਨ ਦੀ ਸ਼ਰਮ ਮਹਿਸੂਸ ਕਰਨ ਲੱਗੇ ਹਨ। ਖਾਲੀ ਸਮਾਂ ਹੋਣ ਕਰਕੇ ਉਹ ਕੁਰਾਹੇ ਪੈ ਰਹੇ ਹਨ। ਅੱਜ ਲੜਾਈ ਝਗੜੇ, ਫਜ਼ੂਲ ਖਰਚੀ ਤੇ ਬੇਢੰਗਾ ਪਹਿਰਾਵਾ ਨੌਜੁਆਨਾਂ ਦੀ ਸ਼ਾਨ ਦਾ ਕੇਂਦਰ ਬਣਿਆ ਹੋਇਆ ਹੈ। ਮਾਂ ਬਾਪ ਦੀ ਗੱਲ ਨੂੰ ਨਾ ਮੰਨਣਾ, ਵੱਡਿਆਂ ਦਾ ਸਤਿਕਾਰ ਨਾ ਕਰਨਾ ਅੱਜ ਦੇ ਨੌਜੁਆਨਾਂ ਦਾ ਸੱਭਿਆਚਾਰ ਬਣ ਗਿਆ ਹੈ।
ਵਧ ਰਹੀ ਤਕਨਾਲੋਜੀ ਦੀ ਵਰਤੋਂ ਨਾਲ ਜਿਥੇ ਕੁਝ ਸੁੱਘੜ ਨੌਜੁਆਨ ਲਾਹਾ ਲੈ ਕੇ ਪ੍ਰਾਪਤੀਆਂ ਵੀ ਕਰ ਰਹੇ ਹਨ, ਉਥੇ ਬਹੁਤ ਸਾਰੇ ਨੌਜੁਆਨ ਇਸ ਦੀ ਗਲਤ ਵਰਤੋਂ ਕਰਦੇ ਹਨ। ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰਕੇ ਆਪਣਾ ਸਮਾਂ ਬਰਬਾਦ ਕਰ ਰਹੇ ਹਨ। ਚੰਗਾ ਸਹਿਤ ਪੜ੍ਹਨ ਦੀ ਰੁਚੀ ਨੌਜਵਾਨ ਵਰਗ ਵਿੱਚ ਖਤਮ ਹੋ ਜਾਣ ਕਰਕੇ ਉਹ ਮਹਾਨ ਲੋਕਾਂ ਦੇ ਜੀਵਨ ‘ਚ ਕੀਤੇ ਕਾਰਜਾਂ ਦੀ ਪ੍ਰੇਰਨਾ ਤੋਂ ਵਾਂਝੇ ਰਹਿ ਰਹੇ ਹਨ। ਪੜ੍ਹਨ ਵਿੱਚ ਰੁਚੀ ਨਾ ਦਿਖਾਉਣਾ ਤੇ ਅਧਿਆਪਕਾਂ ਦਾ ਆਦਰ ਨਾ ਕਰਨਾ ਨੌਜੁਆਨਾਂ ਨੂੰ ਨਿਘਾਰ ਵੱਲ ਲਿਜਾ ਰਿਹਾ ਹੈ। ਉਹ ਸੁਆਰਥੀ ਹੋ ਰਹੇ ਹਨ।
ਜਿਥੇ ਅਜੌਕੀ ਨੌਜੁਆਨੀ ਦਾ ਆਪਹੁਦਰਾ ਹੋਣਾ ਮਾਂ ਬਾਪ ਦੇ ਦੁੱਖਾਂ ਦਾ ਕਾਰਨ ਬਣ ਰਿਹਾ ਹੈ, ਉਥੇ ਵਿੱਦਿਅਕ ਸੰਸਥਾਵਾਂ ਵੀ ਇਸ ਅੱਗ ਦੇ ਸੇਕ ਤੋਂ ਝੁਲਸ ਰਹੀਆਂ ਹਨ। ਖੁਦ ਭਟਕਿਆ ਹੋਇਆ ਨੌਜੁਆਨ ਸਮਾਜ ਨੂੰ ਵੀ ਪਤਨ ਵੱਲ ਲਿਜਾ ਰਿਹਾ ਹੈ। ਜੇ ਅਸੀਂ ਨੌਜੁਆਨਾਂ ਨੂੰ ਸਹੀ ਰਸਤੇ ਪਾਉਣ ਦਾ ਯਤਨ ਨਾ ਕਰਾਂਗੇ ਤਾਂ ਸਾਨੂੰ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਅਜਿਹੀ ਜ਼ਹਿਰੀਲੀ ਹਵਾ ਦੇ ਰੁਖ਼ ਤੋਂ ਕੋਈ ਵਾਂਝਾ ਨਹੀਂ ਰਹਿ ਸਕੇਗਾ। ਜ਼ਰੂਰਤ ਹੈ ਜਵਾਨੀਆਂ ਨੂੰ ਸੰਭਾਲਣ ਤੇ ਸਹੀ ਰਸਤਾ ਦਿਖਾਉਣ ਦੀ। ਇਸ ਸਬੰਧੀ ਅਜਿਮ ਭੂਮਿਕਾ ਟੀ ਵੀ ਚੈਨਲ ਅਤੇ ਅਖਬਾਰ ਨਿਭਾ ਸਕਦੇ ਹਨ। ਸਾਰਿਆਂ ਦੇ ਸਾਂਝੇ ਉਪਰਾਲਿਆਂ ਨਾਲ ਅਸੀਂ ਕੁਝ ਹਾਸਲ ਜ਼ਰੂਰ ਕਰ ਸਕਦੇ ਹਾਂ।
ਨੌਜੁਆਨਾਂ ਨੂੰ ਖੁਦ ਹੰਭਲਾ ਮਾਰਨ ਦੀ ਲੋੜ ਹੈ। ਬੈਠ ਕੇ ਸੋਚਣ ਦੀ ਲੋੜ ਹੈ, ਬਜ਼ੁਰਗਾਂ ਦਾ ਸਾਥ ਮਾਣਨ ਦੀ ਲੋੜ ਹੈ। ਇਸ ਉਮਰੇ ਚੰਗੇ ਆਦਰਸ਼ ਬਣਾਉਣ ਅਤੇ ਉਨ੍ਹਾਂ ‘ਤੇ ਚੱਲਣ ਨਾਲ ਸਹੀ ਸੇਧ ਪ੍ਰਾਪਤ ਕਰ ਸਕਦੇ ਹਨ। ਅੱਜ ਦੀ ਜ਼ਰੂਰਤ ਦੇਸ਼ ਤੇ ਸਮਾਜ ਦੇ ਭਵਿੱਖ ਨੂੰ ਸਹੀ ਰਸਤੇ ਪੈਣ ਦੀ ਤੇ ਇਨ੍ਹਾਂ ਨੂੰ ਕੁਰਾਹੇ ਪੈਣ ਤੋਂ ਰੋਕਣ ਦੀ ਹੈ।