ਜੋਧਪੁਰ ਜੇਲ ਵਾਲੇ ਸਿੱਖ ਨਜ਼ਰਬੰਦਾਂ ਨੂੰ ਤਿੰਨ ਦਹਾਕਿਆਂ ਪਿੱਛੋਂ ਨਿਆਂ ਮਿਲਿਆ

ਜੋਧਪੁਰ ਜੇਲ ਦੇ ਨਜ਼ਰਬੰਦਾਂ ਦੀ ਪੈਰਵੀ ਕਰਨ ਵਾਲੇ ਵਕੀਲ ਤੇ ਹੋਰ

ਜੋਧਪੁਰ ਜੇਲ ਦੇ ਨਜ਼ਰਬੰਦਾਂ ਦੀ ਪੈਰਵੀ ਕਰਨ ਵਾਲੇ ਵਕੀਲ ਤੇ ਹੋਰ

ਅੰਮ੍ਰਿਤਸਰ, 13 ਅਪ੍ਰੈਲ (ਪੋਸਟ ਬਿਊਰੋ)- ਅਪਰੇਸ਼ਨ ਬਲਿਊ ਸਟਾਰ ਦੌਰਾਨ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਫੌਜੀ ਕਾਰਵਾਈ ਦੌਰਾਨ ਫੌਜ ਵੱਲੋਂ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਤੇ ਸ਼ਰਧਾਲੂਆਂ ਨੂੰ ਜੋਧਪੁਰ ਦੀ ਜੇਲ ‘ਚ ਬਿਨਾਂ ਵਜ੍ਹਾ ਪੰਜ ਸਾਲ ਰੱਖਣ ਦੇ ਮਾਮਲੇ ‘ਚ ਉਨ੍ਹਾਂ ਵੱਲੋਂ ਮੁਆਵਜ਼ੇ ਲਈ ਪਾਈਆਂ ਸਮੂਹਿਕ ਅਪੀਲਾਂ ਨੂੰ ਮਨਜ਼ੂਰ ਕਰਦਿਆਂ ਕੱਲ੍ਹ ਅਦਾਲਤ ਨੇ ਇਤਿਹਾਸਕ ਫੈਸਲਾ ਦਿੰਦਿਆਂ ਹਰ ਅਪੀਲ ਕਰਤਾ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਸਣੇ ਵਿਆਜ ਦਿੱਤੇ ਜਾਣ ਦਾ ਹੁਕਮ ਸੁਣਾਇਆ ਹੈ।
ਲੰਬੇ ਸਮੇਂ ਤੋਂ ਮੁਆਵਜ਼ਾ ਲੈਣ ਲਈ ਜੱਦੋ ਜਹਿਦ ਕਰ ਰਹੇ ਸਿੱਖ ਨਜ਼ਰਬੰਦਾਂ ਨੂੰ ਜ਼ਿਲਾ ਸੈਸ਼ਨ ਜੱਜ ਅੰਮ੍ਰਿਤਸਰ ਗੁਰਬੀਰ ਸਿੰਘ ਦੀ ਅਦਾਲਤ ਵੱਲੋਂ ਕੱਲ੍ਹ ਮੁਆਵਜ਼ੇ ਬਾਰੇ ਦਿੱਤੇ ਗਏ ਫੈਸਲੇ ਨਾਲ ਜੋਧਪੁਰ ਬੰਦੀਆਂ ਨੂੰ ਲਗਭਗ ਤਿੰਨ ਦਹਾਕਿਆਂ ਬਾਅਦ ਵੱਡੀ ਰਾਹਤ ਮਿਲੀ ਹੈ। ਇਥੇ ਅਦਾਲਤ ‘ਚ ਜੋਧਪੁਰ ਦੇ ਸਿੱਖ ਨਜ਼ਰਬੰਦਾਂ ਵੱਲੋਂ ਪੈਰਵੀ ਕਰ ਰਹੇ ਸੀਨੀਅਰ ਸਿੱਖ ਵਕੀਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਛੇ ਜੂਨ 1984 ਨੂੰ ਫੌਜ ਵੱਲੋਂ ਕੀਤੀ ਕਾਰਵਾਈ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ 364 ਦੇ ਕਰੀਬ ਸਿੱਖ ਨੌਜਵਾਨਾਂ ਤੇ ਸ਼ਰਧਾਲੂਆਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਨ੍ਹਾਂ ਨੂੰ ਕੁਝ ਸਮਾਂ ਫੌਜੀ ਛਾਉਣੀ ‘ਚ ਰੱਖ ਕੇ ਰਾਜਸਥਾਨ ਦੀ ਜੋਧਪੁਰ ਜੇਲ ‘ਚ ਡੱਕ ਦਿੱਤਾ ਗਿਆ, ਪਰ ਇਨ੍ਹਾਂ ਖਿਲਾਫ ਨਾ ਕੋਈ ਕੇਸ ਚੱਲਿਆ ਤੇ ਨਾ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਬਿਨਾਂ ਵਜ੍ਹਾ ਪੰਜ ਸਾਲ ਜੇਲ ‘ਚ ਡੱਕੀ ਰੱਖਣ ਮਗਰੋਂ ਛੇ ਮਾਰਚ 1989 ਨੂੰ ਛੱਡ ਦਿੱਤਾ ਗਿਆ। ਇਸ ਕੇਸ ਬਾਰੇ ਹੇਠਲੀ ਅਦਾਲਤ ਵੱਲੋਂ ਦਿੱਤੇ ਫੈਸਲੇ ਖਿਲਾਫ 40 ਸਿੱਖ ਨਜ਼ਰਬੰਦਾਂ ਵੱਲੋਂ ਉਚ ਅਦਾਲਤ ‘ਚ ਅਪੀਲਾਂ ਪਾਈਆਂ ਗਈਆਂ ਸਨ, ਜੋ ਇਥੇ ਉਕਤ ਜ਼ਿਲਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਦੇ ਵਿਚਾਰ ਅਧੀਨ ਸਨ, ਜਿਨ੍ਹਾਂ ਵੱਲੋਂ ਕੱਲ੍ਹ ਇਤਿਹਾਸਕ ਫੈਸਲਾ ਦਿੰਦਿਆਂ ਹਰ ਅਪੀਲ ਕਰਤਾ ਨੂੰ ਚਾਰ ਲੱਖ ਮੁਆਵਜ਼ਾ ਤੇ ਛੇ ਫੀਸਦੀ ਵਿਆਜ (ਕੇਸ ਦਾਇਰ ਕਰਨ ਤੋਂ ਮਿਲਣ ਵਾਲੇ ਸਮੇਂ ਤੱਕ) ਸਣੇ ਦੇਣ ਦਾ ਹੁਕਮ ਸੁਣਾਇਆ ਗਿਆ ਹੈ।