ਜੋਗਿੰਦਰ ਨਾਥ ਮੰਡਲ ਸੀ ਪਾਕਿਸਤਾਨ ਦਾ ਪਹਿਲਾ ਹਿੰਦੂ ਮੰਤਰੀ

mandal

-ਬਲਰਾਜ ਸਿੰਘ ਸਿੱਧੂ, ਐਸ ਪੀ

ਨਵਾਜ਼ ਸ਼ਰੀਫ ਦੇ ਅਸਤੀਫਾ ਦੇਣ ਪਿੱਛੋਂ ਪਾਕਿਸਤਾਨ ਦੇ ਅੰਤਿ੍ਰਮ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੇ ਆਪਣੀ ਕੈਬਨਿਟ ਵਿੱਚ ਇੱਕ ਹਿੰਦੂ ਐੱਮ ਪੀ ਡਾਕਟਰ ਦਰਸ਼ਨ ਲਾਲ ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਹੈ। ਡਾਕਟਰ ਦਰਸ਼ਨ ਲਾਲ ਸਿੰਧ ਸੂਬੇ ਤੋਂ ਘੱਟ ਗਿਣਤੀਆਂ ਲਈ ਰਿਜ਼ਰਵ ਸੀਟ ਤੋਂ ਨਵਾਜ਼ ਸ਼ਰੀਫ ਦੀ ਪਾਰਟੀ ਮੁਸਲਿਮ ਲੀਗ ਦੀ ਟਿਕਟ ਉੱਤੇ ਲਗਾਤਾਰ ਦੂਸਰੀ ਵਾਰ ਐਮ ਪੀ ਬਣੇ ਹਨ। ਉਹ ਸਿੰਧ ਦੇ ਘੋਟਕੀ ਸ਼ਹਿਰ ਵਿੱਚ ਆਪਣਾ ਕਲੀਨਿਕ ਚਲਾਉਂਦੇ ਹਨ। ਅਸਲ ਵਿੱਚ ਡਾਕਟਰ ਦਰਸ਼ਨ ਲਾਲ ਪਾਕਿਸਤਾਨ ਵਿੱਚ ਪਹਿਲਾ ਕੇਂਦਰੀ ਹਿੰਦੂ ਮੰਤਰੀ ਨਹੀਂ, ਉਸ ਤੋਂ ਪਹਿਲਾਂ ਜੋਗਿੰਦਰ ਨਾਥ ਮੰਡਲ ਅਤੇ ਰਾਣਾ ਚੰਦਰ ਸਿੰਘ ਵੀ ਕੇਂਦਰੀ ਮੰਤਰੀ ਰਹਿ ਚੁੱਕੇ ਹਨ।
ਪਾਕਿਸਤਾਨ ਦਾ ਸਭ ਤੋਂ ਪਹਿਲਾ ਕੇਂਦਰੀ ਕੈਬਨਿਟ ਹਿੰਦੂ ਮੰਤਰੀ ਜੋਗਿੰਦਰ ਨਾਥ ਮੰਡਲ ਸੀ, ਜਿਸ ਦਾ ਜਨਮ 29 ਜਨਵਰੀ 1904 ਨੂੰ ਬ੍ਰਿਟਿਸ਼ ਰਾਜ ਦੌਰਾਨ ਬੰਗਾਲ ਦੇ ਜ਼ਿਲ੍ਹੇ ਬਰਸਾਲ ਦੇ ਇੱਕ ਗਰੀਬ ਮਜ਼ਦੂਰ ਪਰਵਾਰ ਵਿੱਚ ਹੋਇਆ ਸੀ। ਦਲਿਤ ਜਾਤੀ ਨਾਲ ਸੰਬੰਧ ਰੱਖਣ ਵਾਲਾ ਜੋਗਿੰਦਰ ਨਾਥ ਮੰਡਲ ਜਾਤ-ਪਾਤ ਦੇ ਭੇਦਭਾਵ ਤੋਂ ਦੁਖੀ ਹੋ ਕੇ ਛੋਟੀ ਉਮਰੇ ਸਮਾਜ ਸੇਵਾ ਵਿੱਚ ਕੁੱਦ ਪਿਆ। 1937 ਵਿੱਚ ਉਸ ਨੇ ਆਜ਼ਾਦ ਉਮੀਦਵਾਰ ਵਜੋਂ ਪਹਿਲੀ ਵਾਰ ਬੰਗਾਲ ਅਸੈਂਬਲੀ ਲਈ ਚੋਣ ਲੜੀ। ਉਹ ਗਰੀਬ ਜਨਤਾ ਵਿੱਚ ਇੰਨਾ ਹਰਮਨ ਪਿਆਰਾ ਸੀ ਕਿ ਉਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਰਲ ਕੁਮਾਰ ਦੱਤਾ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਮੰਡਲ ਮਹਾਨ ਬੰਗਾਲੀ ਕ੍ਰਾਂਤੀਕਾਰੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਆਪਣਾ ਰਹਿਨੁਮਾ ਮੰਨਦਾ ਸੀ। ਜਦੋਂ 1939 ਵਿੱਚ ਸੁਭਾਸ਼ ਚੰਦਰ ਬੋਸ ਨੂੰ ਕਾਂਗਰਸ ਵਿੱਚੋਂ ਕੱਢ ਦਿੱਤਾ ਗਿਆ ਤਾਂ ਮੰਡਲ ਦਾ ਕਾਂਗਰਸ ਤੋਂ ਮੋਹ ਭੰਗ ਹੋ ਗਿਆ। ਉਹ ਪਾਕਿਸਤਾਨ ਦੀ ਸਥਾਪਨਾ ਲਈ ਸੰਘਰਸ਼ ਕਰ ਰਹੀ ਮੁਸਲਿਮ ਲੀਗ ਨਾਲ ਜੁੜ ਗਿਆ। ਉਹ ਪਾਰਟੀ ਦੇ ਮੁਖੀ ਮੁਹੰਮਦ ਅਲੀ ਜਿੱਨਾਹ ਦੇ ਇੰਨਾ ਨੇੜੇ ਸੀ ਕਿ ਬੰਗਾਲ ਦੇ ਮੁੱਖ ਮੰਤਰੀ ਹੁਸੈਨ ਸ਼ਹੀਦ ਸੁਹਰਾਵਰਦੀ ਨੇ ਉਸ ਨੂੰ ਕੈਬਨਿਟ ਮੰਤਰੀ ਥਾਪ ਦਿੱਤਾ।
ਮੰਡਲ ਦੇ ਡਾਕਟਰ ਅੰਬੇਦਕਰ ਨਾਲ ਵੀ ਬਹੁਤ ਨਿੱਘੇ ਸੰਬੰਧ ਸਨ। ਉਸ ਨੇ ਮੰਤਰੀ ਬਣ ਕੇ ਦਲਿਤਾਂ ਦੀ ਭਲਾਈ ਵਾਸਤੇ ਬਹੁਤ ਸ਼ਲਾਘਾ ਯੋਗ ਕੰਮ ਕੀਤਾ। 1946 ਵਿੱਚ ਜਦੋਂ ਬੰਗਾਲ ਵਿੱਚ ਹਿੰਦੂ-ਮੁਸਲਿਮ ਦੰਗੇ ਫਸਾਦ ਭੜਕੇ ਤਾਂ ਉਸ ਨੇ ਇਨ੍ਹਾਂ ਨੂੰ ਰੋਕਣ ਲਈ ਪੂਰਬੀ ਬੰਗਾਲ ਵਿੱਚ ਦੂਰ ਦੂਰ ਤੱਕ ਦੌਰੇ ਕੀਤੇ। ਭਾਰਤ ਦੀ ਵੰਡ ਤੋਂ ਬਾਅਦ ਉਸ ਨੇ ਹੋਰ ਲੱਖਾਂ ਹਿੰਦੂਆਂ ਵਾਂਗ ਪਾਕਿਸਤਾਨ ਵਿੱਚ ਰਹਿਣ ਦਾ ਫੈਸਲਾ ਕੀਤਾ। ਜਿੱਨਾਹ ਨੇ ਉਸ ਨੂੰ ਪਾਕਿਸਤਾਨੀ ਪਾਰਲੀਮੈਂਟ ਦਾ ਮੈਂਬਰ ਤੇ ਆਰਜ਼ੀ ਸਪੀਕਰ ਨਿਯੁਕਤ ਕਰ ਦਿੱਤਾ। ਸਤੰਬਰ 1947 ਨੂੰ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਦੀ ਸਰਕਾਰ ਵਿੱਚ ਮੰਡਲ ਨੂੰ ਕਾਨੂੰਨ ਅਤੇ ਕਿਰਤ ਮੰਤਰੀ ਦੀ ਸਹੁੰ ਚੁਕਾਈ ਗਈ। ਇਸ ਤੋਂ ਇਲਾਵਾ ਉਸ ਕੋਲ ਕਾਮਨਵੈਲਥ ਅਤੇ ਕਸ਼ਮੀਰ ਮਾਮਲਿਆਂ ਦਾ ਕਾਰਜ ਭਾਰ ਸੀ। ਉਸ ਦੀ ਰਿਹਾਇਸ਼ ਕਰਾਚੀ ਵਿਖੇ ਸੀ, ਜੋ ਉਸ ਵੇਲੇ ਪਾਕਿਸਤਾਨ ਦੀ ਰਾਜਧਾਨੀ ਸੀ।
ਇਸ ਦੌਰਾਨ ਮੰਡਲ ਨੇ ਸੋਚਿਆ ਸੀ ਕਿ ਸ਼ਾਇਦ ਭਾਰਤ ਦੀ ਬਜਾਏ ਦਲਿਤਾਂ ਤੇ ਪਿਛੜੇ ਹੋਏ ਲੋਕਾਂ ਦਾ ਭਵਿੱਖ ਪਾਕਿਸਤਾਨ ਵਿੱਚ ਵੱਧ ਸੁਰੱਖਿਅਤ ਹੋਵੇਗਾ, ਪਰ ਛੇਤੀ ਹੀ ਹਾਲਾਤ ਬਦਲ ਗਏ ਤੇ ਕੱਟੜਵਾਦੀ ਅਨਸਰ ਸਰਕਾਰ ‘ਤੇ ਹਾਵੀ ਹੋ ਗਏ। ਜੋਗਿੰਦਰਨਾਥ ਮੰਡਲ ਆਪਣੇ ਆਪ ਨੂੰ ਇਕੱਲਾ ਅਤੇ ਬੇਵੱਸ ਮਹਿਸੂਸ ਕਰਨ ਲੱਗਾ। ਅੱਠ ਅਕਤੂਬਰ 1950 ਨੂੰ ਉਸ ਨੇ ਪਾਕਿਸਤਾਨੀ ਪ੍ਰਸ਼ਾਸਨ ਵਿੱਚ ਹਿੰਦੂਆਂ ਖਿਲਾਫ ਵਧ ਰਹੇ ਫਿਰਕੂ ਜ਼ਹਿਰ ਦੇ ਵਿਰੋਧ ਵਿੱਚ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ। ਉਹ ਪਰਵਾਰ ਸਮੇਤ ਭਾਰਤ ਹਿਜਰਤ ਕਰ ਗਿਆ ਤੇ ਪੱਛਮੀ ਬੰਗਾਲ ਦੇ ਸ਼ਹਿਰ ਬੰਗਾਉਂ ਵਿਖੇ ਵੱਸ ਗਿਆ। ਭਾਰਤ ਆ ਕੇ ਉਸ ਨੇ ਸਿਆਸਤ ਵਿੱਚ ਹਿੱਸਾ ਲੈਣਾ ਛੱਡ ਦਿੱਤਾ ਤੇ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲੱਗਾ। ਪੰਜ ਅਕਤੂਬਰ 1968 ਨੂੰ ਸਿਰਫ 64 ਸਾਲ ਦੀ ਉਮਰ ਵਿੱਚ ਕੈਂਸਰ ਕਾਰਨ ਉਸ ਦੀ ਮੌਤ ਹੋ ਗਈ।
ਪਾਕਿਸਤਾਨ ਦਾ ਦੂਸਰਾ ਹਿੰਦੂ ਮੰਤਰੀ ਬਣਨ ਵਾਲਾ ਵਿਅਕਤੀ ਸਿੰਧ ਦੀ ਮਸ਼ਹੂਰ ਰਿਆਸਤ ਉਮਰਕੋਟ ਦਾ 25ਵਾਂ ਜਾਗੀਰਦਾਰ ਰਾਣਾ ਚੰਦਰ ਸਿੰਘ ਸੀ। ਇਹ ਜਾਗੀਰ 50 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਹੈ। ਉਮਰਕੋਟ ਉਹ ਸ਼ਹਿਰ ਹੈ ਜਿੱਥੇ ਚੰਦਰ ਸਿੰਘ ਦੇ ਵਡੇਰੇ ਰਾਣਾ ਸ੍ਰੀ ਪ੍ਰਸ਼ਾਦ ਨੇ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਖਾ ਕੇ ਭੱਜੇ ਹਮਾਯੂੰ ਨੂੰ ਪਨਾਹ ਦਿੱਤੀ ਸੀ ਤੇ ਇਥੇ ਮੁਗਲ ਸਮਰਾਟ ਅਕਬਰ ਦਾ ਜਨਮ ਹੋਇਆ ਸੀ। ਰਾਣਾ ਚੰਦਰ ਸਿੰਘ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀਆਂ ਜ਼ੁਲਿਫਕਾਰ ਅਲੀ ਭੁੱਟੋ ਅਤੇ ਬੇਨਜ਼ੀਰ ਭੁੱਟੋ ਦੀ ਪੀਪਲਜ਼ ਪਾਰਟੀ ਦੀ ਟਿਕਟ ‘ਤੇ 1977 ਤੋਂ 1999 ਤੱਕ ਲਗਾਤਾਰ ਸੱਤ ਵਾਰ ਐੱਮ ਪੀ ਚੁਣਿਆ ਗਿਆ। ਇਹ ਪਾਕਿਸਤਾਨ ਵਿੱਚ ਕਿਸੇ ਘੱਟ ਗਿਣਤੀ ਭਾਈਚਾਰੇ ਦੇ ਵਿਅਕਤੀ ਵਾਸਤੇ ਬਹੁਤ ਵੱਡੀ ਪ੍ਰਾਪਤੀ ਹੈ। ਉਸ ਨੇ ਪੀਪਲਜ਼ ਪਾਰਟੀ ਦੀ ਸਰਕਾਰ ਵਿੱਚ ਕਈ ਵਾਰ ਖੇਤੀਬਾੜੀ, ਮਾਲ ਮਹਿਕਮਾ, ਸਾਇੰਸ ਅਤੇ ਟੈਕਨਾਲੋਜੀ ਆਦਿ ਵਿਭਾਗਾਂ ਦਾ ਚਾਰਜ ਸਫਲਤਾ ਨਾਲ ਸੰਭਾਲਿਆ। ਉਹ ਪਾਕਿਸਤਾਨ ਘੱਟ ਗਿਣਤੀ ਕਮਿਸ਼ਨ ਦਾ ਕਈ ਸਾਲ ਚੇਅਰਮੈਨ ਰਿਹਾ। ਇੱਕ ਅਗਸਤ 2009 ਨੂੰ 78 ਸਾਲ ਦੀ ਉਮਰ ਵਿੱਚ ਅਧਰੰਗ ਨਾਲ ਉਸ ਦੀ ਮੌਤ ਹੋ ਗਈ।
ਚੰਦਰ ਸਿੰਘ ਦੀ ਪਤਨੀ ਸੁਭੱਦਰਾ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਤੇ ਰਾਵਤਸਰ ਦੇ ਜਾਗੀਰਦਾਰ ਤੇਜ ਸਿੰਘ ਦੀ ਬੇਟੀ ਹੈ ਤੇ ਰਿਸ਼ਤੇ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵੀ ਪੀ ਸਿੰਘ ਦੀ ਪਤਨੀ ਦੀ ਭੈਣ ਲੱਗਦੀ ਹੈ। ਇਸ ਤਰ੍ਹਾਂ ਚੰਦਰ ਸਿੰਘ ਅਤੇ ਵੀ ਪੀ ਸਿੰਘ ਆਪਸ ਵਿੱਚ ਸਾਂਢੂ ਲੱਗਦੇ ਸਨ। ਉਸ ਦੀ ਬੇਟੀ ਸੰਗੀਤਾ ਵੀ ਭਾਰਤ ਵਿੱਚ ਜੈਪੁਰ ਸ਼ਾਹੀ ਘਰਾਣੇ ਵਿੱਚ ਵਿਆਹੀ ਹੋਈ ਹੈ। ਪਾਕਿਸਤਾਨ ਵਿੱਚ ਇਸ ਵੇਲੇ ਹਿੰਦੂਆਂ ਦੀ ਗਿਣਤੀ 35 ਲੱਖ ਦੇ ਕਰੀਬ ਹੈ ਤੇ ਸਭ ਤੋਂ ਵੱਧ ਉਹ ਸਿੰਧ ਸੂਬੇ ਵਿੱਚ ਵਸਦੇ ਹਨ। ਪਾਕਿਸਤਾਨੀ ਪਾਰਲੀਮੈਂਟ ਦੀਆਂ 343 ਸੀਟਾਂ ਵਿੱਚੋਂ 10 ਸੀਟਾਂ ਘੱਟ ਗਿਣਤੀਆਂ ਲਈ ਰਾਖਵੀਆਂ ਹਨ, ਜੋ ਜਨਸੰਖਿਆ ਦੇ ਅਨੁਪਾਤ ਮੁਤਾਬਕ ਹਿੰਦੂਆਂ, ਸਿੱਖਾਂ ਅਤੇ ਈਸਾਈਆਂ ਵਿੱਚ ਵੰਡੀਆਂ ਜਾਂਦੀਆਂ ਹਨ। ਵੱਧ ਆਬਾਦੀ ਹੋਣ ਕਾਰਨ ਇਸ ਵੇਲੇ 10 ਵਿੱਚੋਂ ਛੇ ਸੀਟਾਂ ਹਿੰਦੂ ਐਮ ਪੀਜ਼ ਦੇ ਕੋਲ ਹਨ। ਇਸ ਲਈ ਉਮੀਦ ਹੈ ਕਿ ਭਵਿੱਖ ਦੀਆਂ ਸਰਕਾਰਾਂ ਵਿੱਚ ਕੁਝ ਹਿੰਦੂ ਮੰਤਰੀ ਬਣਨ ਦੇ ਨਾਲ ਹੋਰ ਵੀ ਉਚੇ ਅਹੁਦੇ ਹਾਸਲ ਕਰਦੇ ਰਹਿਣਗੇ।