ਜੋਗਾ ਸਿੰਘ ਜੋਗੀ ਦਾ ਅਕਾਲ ਚਲਾਣਾ ‘ਕਵਿਸ਼ਰੀ ਜਗਤ’ ਨੂੰ ਨਾ ਪੂਰਾ ਹੋਣ ਵਾਲਾ ਘਾਟਾ- ਅਮਰਜੀਤ ਸਿੰਘ ਰਾਏ

ਟੋਰਾਂਟੋ ਪੋਸਟ ਬਿਉਰੋ: ‘ਪੰਜਾਬੀ ਅਤੇ ਸਿੱਖ ਜਗਤ ਦੀ ਉੱਘੀ ਸਖਸ਼ੀਅਤ ਅਤੇ ਉਸਤਾਦ ਕਵਿਸ਼ਰ ਜੋਗਾ ਸਿੰਘ ਜੋਗੀ ਦਾ ਅਕਾਲ ਚਲਾਣਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ” ਇਹ ਸ਼ਬਦ ਜੋਗਾ ਸਿੰਘ ਜੋਗੀ ਨਾਲ ਲੰਬਾ ਸਮਾਂ ਕਵਿਸ਼ਰੀ ਕਰਨ ਵਾਲੇ ਅਤੇ ਉਹਨਾਂ ਨੂੰ ਉਸਤਾਦ ਮੰਨਣ ਵਾਲੇ ਏਕਮ ਮੀਡੀਆ ਤੋਂ ਅਮਰਜੀਤ ਸਿੰਘ ਰਾਏ ਨੇ ਆਖੇ। ਭਾਈ ਜੋਗਾ ਸਿੰਘ “ਜੋਗੀ” ਜੀ ਮਿਤੀ 09 ਨਵੰਬਰ 2017 ਦਿਨ ਵੀਰਵਾਰ ਨੂੰ ਸਵੇਰੇ ਪੌਣੇ ਕੁ ਸੱਤ (6:45) ਵਜੇ ਜਲੰਧਰ ਵਿਖੇ ਕੁਝ ਦਿਨ ਬੀਮਾਰ ਰਹਿਣ ਪਿਛੋ ਤਕਰੀਬਨ 85 ਕੁ ਸਾਲ ਦੀ ਉਮਰ ਵਿੱਚ ਸਾਨੂੰ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਗਏ ਹਨ।

ਉਹਨਾ ਦਾ ਅੰਤਮ ਸੰਸਕਾਰ ਬਾਬਾ ਬਕਾਲਾ ਦੇ ਇੱਕ ਗੁਰਦਵਾਰਾ ਸਾਹਿਬ ਵਿਖੇ ਪੂਰੀਆਂ ਸਿੱਖ ਰਸਮਾ ਅਨੁਸਾਰ ਕੀਤਾ ਗਿਆ। ਇਸ ਮੌਕੇ `ਤੇ ਕਵੀਸ਼ਰ ਢਾਡੀ, ਲੋਕ ਗਾਇਕ, ਰਾਜਨੀਤਕ ਅਤੇ ਬਹੁਤ ਸਾਰੀਆਂ ਧਾਰਮਿਕ ਅਤੇ ਹੋਰ ਉੱਘੀਆ ਸ਼ਖਸੀਅਤਾਂ ਨੇ “ਜੋਗੀ” ਜੀ ਨੂੰ ਅੰਤਿਮ ਵਿਦਾਇਗੀ ਦਿੱਤੀ। “ਜੋਗੀ” ਜੀ ਦੇ ਇਸ ਸਦੀਵੀ ਵਿਛੋੜੇ ਨਾਲ ਪੂਰੇ ਪੰਜਾਬੀ ਖ਼ਾਸ ਤੌਰ ਤੇ ਸਿੱਖ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

“ਜੋਗੀ” ਜੀ ਦਾ ਜਨਮ 11 ਨਵੰਬਰ 1932 ਨੂੰ ਪਿੰਡ ਤੁਗਲਵਾਲ ਜ਼ਿਲਾ (ਗੁਰਦਾਸਪੁਰ ਬਟਾਲਾ) ਵਿਖੇ ਪਿਤਾ ਸਰਦਾਰ ਜਵੰਦ ਸਿੰਘ ਅਤੇ ਮਾਤਾ ਦਲੀਪ ਕੌਰ ਦੇ ਘਰ ਹੋਇਆ। ਓਹ ਭਾਈ ਬਲੀ ਸਿੰਘ ਜੀ ਗੰਡੀਵਿੰਡ ਵਾਲਿਆਂ ਦੇ ਸ਼ਾਗਿਰਦ ਸਨ। ਸਕੂਲੀ ਤਾਲੀਮ ਤੋ ਕੋਰੇ ਅਨਪੜ ਹੋਣ ਦੇ ਬਾਵਜੂਦ ਓਹਨਾ ਨੇ ਕਵੀਸ਼ਰੀ ਦੀਆਂ 20 ਤੋ ਜ਼ਿਅਦਾ ਕਿਤਾਬਾਂ ਲਿਖੀਆਂ, 200 ਦੇ ਕਰੀਬ ਆਡੀਓ, ਵੀਡੀਓ ਕੈਸਟਾ ਅਤੇ 150 ਤੋ ਵੱਧ ਸ਼ਗਿਰਦ ਬਣਾਏ। ਪੰਜਾਬੀ ਸੂਬੇ ਦੇ ਮੋਰਚੇ ਸਮੇ ਓਹ ਕਾਫੀ ਸਮਾ ਜੇਲ `ਚ ਵੀ ਰਹੇ। ਦੁਨੀਆਂ ਦੇ ਲੋਕ “ਜੋਗੀ” ਜੀ ਨੂੰ ਉਹਨਾ ਦੀ ਕਵੀਸ਼ਰੀ ਸਦਕਾ ਸਦਾ ਯਾਦ ਰੱਖਣਗੇ।