ਜੈੱਟ ਏਅਰਵੇਜ਼ ਦੇ ਇੰਨੇ ਘਪਲੇ ਨਿਕਲਣ ‘ਤੇ ਵੀ ਸਰਕਾਰ ਚੁੱਪ ਕਿਉਂ

-ਵਿਨੀਤ ਨਾਰਾਇਣ
ਪਿਛਲੇ ਸਾਲ ਤੋਂ ਅਸੀਂ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨਜ਼ ਜੈੱਟ ਏਅਰਵੇਜ਼ ਤੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਭਿ੍ਰਸ਼ਟ ਅਧਿਕਾਰੀਆਂ ਦੀ ਗੰਢਤੁੱਪ ਬਾਰੇ ਦੱਸ ਰਹੇ ਸਾਂ। ਇਸ ਘਪਲੇ ਦੀਆਂ ਤਾਰਾਂ ਬਹੁਤ ਦੂਰ ਤੱਕ ਜੁੜੀਆਂ ਹਨ। ਭਾਵੇਂ ਯਾਤਰੀਆਂ ਦੀ ਸੁਰੱਖਿਆ ਦੀ ਗੱਲ ਹੋਵੇ ਜਾਂ ਦੇਸ਼ ਦੀ ਸ਼ਾਨ ਮੰਨੇ ਜਾਣ ਵਾਲੇ ਏਅਰ ਇੰਡੀਆ ਦੀ ਵਿਕਰੀ ਦੀ, ਅਜਿਹੇ ਸਾਰੇ ਘਪਲਿਆਂ ਵਿੱਚ ਜੈੱਟ ਏਅਰਵੇਜ਼ ਦਾ ਕਿਸੇ ਨਾ ਕਿਸੇ ਤਰ੍ਹਾਂ ਕੋਈ ਹੱਥ ਜ਼ਰੂਰ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਘਪਲੇ ਨਿਕਲਣ ਪਿੱਛੋਂ ਵੀ ਸੱਤਾ ਦੇ ਗਲਿਆਰਿਆਂ ਤੇ ਮੀਡੀਆ ਵਿੱਚ ਉਫ ਤੱਕ ਨਹੀਂ ਹੋਈ, ਜਦ ਕਿ ਇਸ ਉੱਤੇ ਤੂਫਾਨ ਮੱਚ ਜਾਣਾ ਚਾਹੀਦਾ ਸੀ। ਪਿਛਲੇ ਦਿਨੀਂ ਦਿੱਲੀ ਹਾਈ ਕੋਰਟ ਦੀ ਐਕਟਿੰਗ ਚੀਫ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਸੀ. ਹਰੀਸ਼ੰਕਰ ਦੇ ਡਵੀਜ਼ਨ ਬੈਂਚ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਨਾਲ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (ਡੀ ਜੀ ਸੀ ਏ) ਅਤੇ ਜੈੱਟ ਏਅਰਵੇਜ਼ ਨੂੰ ‘ਕਾਲਚੱਕਰ’ ਬਿਊਰੋ ਦੇ ਸਮਾਚਾਰ ਸੰਪਾਦਕ ਰਜਨੀਸ਼ ਕਪੂਰ ਦੀ ਜਨਹਿਤ ਪਟੀਸ਼ਨ ‘ਤੇ ਨੋਟਿਸ ਦਿੱਤਾ ਸੀ। ਉਨ੍ਹਾਂ ਤਮਾਮ ਦੋਸ਼ਾਂ ‘ਤੇ ਇਨ੍ਹਾਂ ਤਿੰਨਾਂ ਤੋਂ ਜੁਆਬ ਮੰਗਿਆ ਸੀ, ਜਦੋ ‘ਕਾਲਚੱਕਰ’ ਮੈਗਜ਼ੀਨ ਨੇ ਇਨ੍ਹਾਂ ਵਿਰੁੱਧ ਦੋਸ਼ ਪੇਸ਼ ਕੀਤੇ ਹਨ। ਪਟੀਸ਼ਨ ‘ਚ ਇਨ੍ਹਾਂ ਤਿੰਨਾਂ ਧਿਰਾਂ ‘ਤੇ ਸਬੂਤਾਂ ਸਮੇਤ ਅਜਿਹੇ ਕਈ ਗੰਭੀਰ ਦੋਸ਼ ਲੱਗੇ ਹਨ, ਜਿਨ੍ਹਾਂ ਦੀ ਜਾਂਚ ਨਿਰਪੱਖ ਤੌਰ ‘ਤੇ ਹੁੰਦੀ ਹੈ ਤਾਂ ਇਸ ਮੰਤਰਾਲੇ ਦੇ ਕਈ ਮੌਜੂਦਾ ਤੇ ਸਾਬਕਾ ਸੀਨੀਅਰ ਅਧਿਕਾਰੀ ਸੰਕਟ ਵਿੱਚ ਆ ਜਾਣਗੇ।
ਇਸ ਪਟੀਸ਼ਨ ਦਾ ਇੱਕ ਦੋਸ਼ ਜੈੱਟ ਏਅਰਵੇਜ਼ ਦੇ ਇੱਕ ਅਜਿਹੇ ਅਧਿਕਾਰੀ ਕੈਪਟਨ ਅਜੇ ਸਿੰਘ ਦੇ ਵਿਰੁੱਧ ਹੈ, ਜੋ ਪਹਿਲਾਂ ਜੱੈਟ ਏਅਰਵੇਜ਼ ਵਿੱਚ ਉਚ ਅਹੁਦੇ ‘ਤੇ ਹੁੰਦਾ ਸੀ ਅਤੇ ਦੋ ਸਾਲ ਲਈ ਉਸ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧੀਨ ਡੀ ਜੀ ਸੀ ਏ ਵਿੱਚ ਜਾਇੰਟ ਸੈਕਟਰੀ ਦੇ ਅਹੁਦੇ ਦੇ ਬਰਾਬਰ ਨਿਯੁਕਤ ਕੀਤਾ ਗਿਆ ਸੀ। ਇਹ ਹੈਰਾਨੀ ਦੀ ਗੱਲ ਹੈ ਕਿ ਕਾਲਚੱਕਰ ਦੀ ਆਰ ਟੀ ਆਈ ਅਰਜ਼ੀ ਦੇ ਜਵਾਬ ਵਿੱਚ ਡੀ ਜੀ ਸੀ ਏ ਨੇ ਲਿਖਿਆ ਕਿ ਉਨ੍ਹਾਂ ਕੋਲ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਕੈਪਟਨ ਅਜੇ ਸਿੰਘ ਨੇ ਡੀ ਜੀ ਸੀ ਏ ਦੇ ਸੀ ਐੱਫ ਓ ਆਈ ਦੇ ਅਹੁਦੇ ਉਤੇ ਨਿਯੁਕਤ ਹੋਣ ਤੋਂ ਪਹਿਲਾਂ ਜੈੱਟ ਏਅਰਵੇਜ਼ ‘ਚ ਆਪਣਾ ਅਸਤੀਫਾ ਦਿੱਤਾ ਹੈ ਜਾਂ ਨਹੀਂ? ਕਾਨੂੰਨ ਦੇ ਜਾਣਕਾਰ ਇਸ ਨੂੰ ‘ਕਨਫਲਿਕਟ ਆਫ ਇੰਟਰੈਸਟ’ ਮੰਨਦੇ ਹਨ। ਸਮੇਂ ਸਮੇਂ ਉੱਤੇ ਕੈਪਟਨ ਅਜੇ ਸਿੰਘ ਨੇ ਸੀ ਐੱਫ ਓ ਆਈ ਦੇ ਅਹੁਦੇ ਉੱਤੇ ਰਹਿ ਕੇ ਜੈੱਟ ਏਅਰਵੇਜ਼ ਨੂੰ ਕਾਫੀ ਲਾਭ ਪਹੁੰਚਾਇਆ। ਜਦੋਂ ਕਾਲਚੱਕਰ ਨੇ ਇੱਕ ਹੋਰ ਆਰ ਟੀ ਆਈ ਅਰਜ਼ੀ ਵਿੱਚ ਡੀ ਜੀ ਸੀ ਏ ਤੋਂ ਇਹ ਪੁੱਛਿਆ ਕਿ ਕੈਪਟਨ ਅਜੇ ਸਿੰਘ ਨੇ ਸੀ ਐੱਫ ਓ ਆਈ ਦੇ ਅਹੁਦੇ ਤੋਂ ਕਿਸ ਦਿਨ ਅਸਤੀਫਾ ਦਿੱਤਾ, ਉਸ ਦਾ ਅਸਤੀਫਾ ਕਿਸ ਦਿਨ ਮਨਜ਼ੂਰ ਹੋਇਆ, ਉਨ੍ਹਾਂ ਨੂੰ ਇਸ ਅਹੁਦੇ ਤੋਂ ਕਿਸ ਦਿਨ ਮੁਕਤ ਕੀਤਾ ਗਿਆ ਅਤੇ ਅਸਤੀਫਾ ਦੇਣ ਤੇ ਅਹੁਦੇ ਤੋਂ ਮੁਕਤ ਹੋਣ ਵਿਚਾਲੇ ਕੈਪਟਨ ਅਜੇ ਸਿੰਘ ਨੇ ਡੀ ਜੀ ਸੀ ਏ ਵਿੱਚ ਜੈੱਟ ਏਅਰਵੇਜ਼ ਨਾਲ ਸੰਬੰਧਤ ਕਿੰਨੀਆਂ ਫਾਈਲਾਂ ਦਾ ਨਿਬੇੜਾ ਕੀਤਾ? ਇਸ ਦੇ ਜਵਾਬ ਵਿੱਚ ਇਹ ਪਤਾ ਲੱਗਾ ਕਿ ਅਸਤੀਫਾ ਦੇਣ ਅਤੇ ਅਹੁਦੇ ਤੋਂ ਮੁਕਤ ਹੋਣ ਵਿਚਾਲੇ ਕੈਪਟਨ ਸਿੰਘ ਨੇ ਜੈੱਟ ਏਅਰਵੇਜ਼ ਨਾਲ ਸੰਬੰਧਤ 66 ਫਾਈਲਾਂ ਦਾ ਨਿਬੇੜਾ ਕੀਤਾ। ਇਹ ਅਨੈਤਿਕ ਆਚਰਣ ਹੈ।
ਦਿੱਲੀ ਹਾਈ ਕੋਰਟ ਦੀ ਚੀਫ ਜਸਟਿਸ ਗੀਤਾ ਮਿੱਤਲ ਨੇ ਸੁਣਵਾਈ ਦੌਰਾਨ ਇਸ ਗੱਲ ‘ਤੇ ਸਰਕਾਰੀ ਵਕੀਲ ਨੂੰ ਖੂਬ ਝਾੜ ਪਾਈ ਤੇ ਕਿਹਾ ਕਿ ‘ਜੇ ਇਹ ਗੱਲ ਸੱਚ ਹੈ ਤਾਂ ਕਾਫੀ ਗੰਭੀਰ ਮਾਮਲਾ ਹੈ।’ ਕੋਈ ਨਿੱਜੀ ਏਅਰਲਾਈਨਜ਼ ਤੋਂ ਆਇਆ ਹੋਇਆ ਵਿਅਕਤੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਸੀ ਐੱਫ ਓ ਆਈ ਦੇ ਅਹੁਦੇ ‘ਤੇ ਨਿਯੁਕਤ ਹੁੰਦਾ ਹੈ ਤਾਂ ਇਹ ਗੱਲ ਸੁਭਾਵਿਕ ਹੈ ਕਿ ਉਸ ਦੀ ਵਫਾਦਾਰੀ ਆਪਣੀ ਏਅਰਲਾਈਨਜ਼ ਪ੍ਰਤੀ ਹੋਵੇਗੀ, ਨਾ ਕਿ ਸਰਕਾਰ ਪ੍ਰਤੀ। ਸੀ ਐੱਫ ਓ ਆਈ ਦਾ ਕੰਮ ਸਾਰੀਆਂ ਏਅਰਲਾਈਨਜ਼ ਦੇ ਆਪ੍ਰੇਸ਼ਨਜ਼ ਦੀ ਜਾਂਚ ਕਰਨਾ ਅਤੇ ਉਨ੍ਹਾਂ ‘ਚ ਖਾਮੀਆਂ ਮਿਲਣ ‘ਤੇ ਸਾਰੀ ਕਾਰਵਾਈ ਕਰਨਾ ਹੁੰਦਾ ਹੈ। ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਭਾਰਤ ਦੀ ਰਾਸ਼ਟਰੀ ਕੰਪਨੀ ਏਅਰ ਇੰਡੀਆ ਨੂੰ ਮੁਨਾਫੇ ਵਾਲੇ ਰੂਟ ਅਤੇ ਸਮਾਂ ਨਾ ਦੇ ਕੇ ਘਾਟੇ ਵੱਲ ਧੱਕਣ ਦਾ ਕੰਮ ਇਥੋਂ ਹੀ ਸ਼ੁਰੂ ਹੋਇਆ ਹੈ। ਜਦੋਂ ਏਅਰ ਇੰਡੀਆ ਦੇ ਵਿਨਿਵੇਸ਼ ਦੀ ਗੱਲ ਹੋ ਰਹੀ ਹੈ ਤਾਂ ਉਸ ਨੂੰ ਖਰੀਦਣ ਲਈ ਜੈੱਟ ਏਅਰਵੇਜ਼ ਨੇ ਦਿਲਚਸਪੀ ਦਿਖਾਈ ਹੈ।
ਇਹ ਗੱਲ ਵੱਖਰੀ ਹੈ ਕਿ ਕਾਲਚੱਕਰ ਵੱਲੋਂ ਦਾਇਰ ਪਟੀਸ਼ਨ ਅਤੇ ਲਗਭਗ 100 ਆਰ ਟੀ ਆਈ ਅਰਜ਼ੀਆਂ ਦੇਣ ਦੇ ਕਾਰਨ ਜੈੱਟ ਏਅਰਵੇਜ਼ ਨੇ ਏਅਰ ਇੰਡੀਆ ਦੇ ਵਿਨਿਵੇਸ਼ ਵਿੱਚ ‘ਕਾਫੀ ਸਖਤ ਨਿਯਮ ਅਤੇ ਕਾਨੂੰਨ’ ਦਾ ਹਵਾਲਾ ਦਿੰਦਿਆਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਕਾਲਚੱਕਰ ਦੀ ਪਟੀਸ਼ਨ ‘ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਡੀ ਜੀ ਸੀ ਏ ਅਤੇ ਜੈੱਟ ਏਅਰਵੇਜ਼ ਨੂੰ ਨੋਟਿਸ ਦੀ ਖਬਰ ਭਾਰਤ ਦੀ ਇੱਕ ਮੁੱਖ ਸਮਾਚਾਰ ਏਜੰਸੀ ਨੇ ਚਲਾਈ, ਪਰ ਕੁਝ ਅਖਬਾਰਾਂ ਨੂੰ ਛੱਡ ਕੇ ਇਹ ਖਬਰ ਸਭ ਥਾਵਾਂ ‘ਤੇ ਚਲਾਈ ਗਈ। ਇਹ ਸਾਨੂੰ ਹਵਾਲਾ ਕਾਂਡ ਦੇ ਦਿਨਾਂ ਦੀ ਯਾਦ ਦਿਵਾਉਂਦਾ ਹੈ। ਸਾਡੇ ਦੋਸ਼ਾਂ ਨੂੰ ਕੌਮੀ ਮੀਡੀਆ ਨੇ ਗੰਭੀਰਤਾ ਨਾਲ ਨਹੀਂ ਲਿਆ, ਪਰ ਜਦੋਂ 1996 ਵਿੱਚ 115 ਤਾਕਤਵਰ ਲੋਕਾਂ ਨੂੰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਚਾਰਜਸ਼ੀਟ ਕੀਤਾ ਗਿਆ ਤਾਂ ਪੂਰੀ ਦੁਨੀਆ ਦੇ ਮੀਡੀਆ ਨੂੰ ਇਸ ‘ਤੇ ਲਿਖਣਾ ਪਿਆ। ਜੈੱਟ ਦੇ ਕੇਸ ਵਿੱਚ ਕਾਲਚੱਕਰ ਦੀ ਪਟੀਸ਼ਨ ਤੇ ਨੋਟਿਸ ਨੂੰ ਲਗਭਗ ਤਿੰਨ ਹਫਤੇ ਹੋ ਚੁੱਕੇ ਹਨ ਤੇ ਮੀਡੀਆ ਦੇ ਕਈ ਅਜਿਹੇ ਮਿੱਤਰਾਂ ਨੇ ਸਾਡੇ ਤੋਂ ਇਸ ਕੇਸ ਦੀ ਪੂਰੀ ਜਾਣਕਾਰੀ ਤੇ ਪਟੀਸ਼ਨ ਦੀ ਕਾਪੀ ਲੈ ਲਈ ਹੈ ਤੇ ਇਹ ਭਰੋਸਾ ਦਿਵਾਇਆ ਕਿ ਉਹ ਇਸ ‘ਤੇ ਖਬਰ ਜ਼ਰੂਰ ਪ੍ਰਸਾਰਿਤ ਕਰਨਗੇ, ਪਰ ਉਨ੍ਹਾਂ ਦੀ ਖਬਰ ਰੁਕਵਾ ਦਿੱਤੀ ਗਈ।
ਪਤਾ ਲੱਗਾ ਹੈ ਕਿ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ ਦਾ ਪੀ ਆਰ ਵਿਭਾਗ ਉਨ੍ਹਾਂ ਸਾਰਿਆਂ ਨੂੰ, ਜੋ ਜ਼ਰਾ ਵੀ ਰੌਲਾ ਪਾਉਣ ਦੀ ਤਾਕਤ ਰੱਖਦੇ ਹਨ, ਮੁਫਤ ਹਵਾਈ ਟਿਕਟ ਜਾਂ ਹੋਰ ਲਾਲਚ ਦੇ ਕੇ ਸ਼ਾਂਤ ਕਰ ਦਿੰਦਾ ਹੈ। ਉਹ ਲੋਕ ਭਾਵੇਂ ਸਿਆਸਤਦਾਨ ਹੋਣ, ਭਾਵੇਂ ਵਕੀਲ ਜਾਂ ਮੀਡੀਆ ਦੇ ਸਾਥੀ, ਦੇਰ-ਸਵੇਰ ਇਸ ਦੇ ਅੱਗੇ ਗੋਡੇ ਟੇਕ ਦਿੰਦੇ ਹਨ, ਪਰ ‘ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ’ ਕਿਉਂਕਿ ਆਮ ਭਾਰਤੀ ਨੂੰ ਵੀ ਅੱਜ ਵੀ ਨਿਆਂ ਪਾਲਿਕਾ ‘ਤੇ ਪੂਰਾ ਵਿਸ਼ਵਾਸ ਹੈ ਅਤੇ ਉਹ ਨਿਆਂ ਪਾਲਿਕਾ ਦੇ ਸਾਹਮਣੇ ਸਾਰੇ ਤੱਥਾਂ ਨੂੰ ਰੱਖ ਕੇ ਉਸ ਦੇ ਫੈਸਲੇ ਦੀ ਉਡੀਕ ਕਰਦਾ ਹੈ। ਕਾਲਚੱਕਰ ਨੂੰ ਵੀ ਨਿਆਂ ਪਾਲਿਕਾ ਤੋਂ ਅਜਿਹੀ ਹੀ ਊਮੀਦ ਹੈ ਕਿ ਸਾਰੇ ਦਸਤਾਵੇਜ਼ ਅਤੇ ਦੋਸ਼ਾਂ ਦਾ ਮਿਲਾਨ ਕਰਨ ਤੋਂ ਬਾਅਦ, ਉਹ ਰਾਸ਼ਟਰ ਹਿੱਤ ‘ਚ ਹੀ ਆਪਣਾ ਫੈਸਲਾ ਸੁਣਾਏਗੀ।