ਜੈਟ ਏਅਰਵੇਜ਼ ਨੂੰ 1.35 ਲੱਖ ਰੁਪਏ ਜੁਰਮਾਨਾ


ਮਥੁਰਾ, 31 ਮਾਰਚ (ਪੋਸਟ ਬਿਊਰੋ)- ਜੈਟ ਏਅਰਵੇਜ਼ ਨੂੰ ਆਪਣੀ ਇਕ ਉਡਾਣ ਰੱਦ ਕਰਨ ਦਾ ਨੁਕਸਾਨ ਸਹਿਣਾ ਪੈ ਗਿਆ ਹੈ। ਜ਼ਿਲਾ ਖਪਤਕਾਰ ਫੋਰਮ ਨੇ ਜੈਟ ਏਅਰਵੇਜ਼ ‘ਤੇ ਕਰੀਬ ਡੇਢ ਲੱਖ ਰੁਪਏ ਜੁਰਮਾਨਾ ਲਾਇਆ ਹੈ। ਨਾਲ ਹੀ ਪੀੜਤ ਨੂੰ ਟਿਕਟ ਖਰਚ ਵੀ ਵਾਪਸ ਕਰਨ ਦੇ ਹੁਕਮ ਦਿੱਤੇ ਹਨ।
ਵ੍ਰਿੰਦਾਵਨ ਦੇ ਪ੍ਰਵੀਨ ਕੁਮਾਰ ਰਾਏ ਨੇ ਭਗਵਾਨ ਜਗਨਨਾਥ ਰਥ ਯਾਤਰਾ ਵਿੱਚ ਸ਼ਾਮਲ ਹੋਣ ਲਈ ਆਪਣੀ ਤੇ ਆਪਣੇ ਪਰਵਾਰਕ ਮੈਂਬਰਾਂ ਦੀਆਂ ਜੈਟ ਏਅਰਵੇਜ਼ ਦੀਆਂ 9 ਟਿਕਟਾਂ ਬੁੱਕ ਕਰਾਈਆਂ ਸਨ। ਉਹ ਦੋ ਜੁਲਾਈ 2011 ਨੂੰ ਦਿੱਲੀ ਏਅਰਪੋਰਟ ਤੈਅ ਸਮੇਂ ‘ਤੇ ਪਹੁੰਚ ਗਏ। ਇਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਫਲਾਈਟ ਰੱਦ ਕਰ ਦਿੱਤੀ ਗਈ ਹੈ। ਇਸ ਕਾਰਨ ਪ੍ਰਵੀਨ ਤੇ ਉਸ ਦੇ ਪਰਵਾਰਕ ਮੈਂਬਰ ਰਥ ਯਾਤਰਾ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਨੂੰ ਫਲਾਈਟ ਰੱਦ ਕਰਨ ਦਾ ਕਾਰਨ ਵੀ ਨਹੀਂ ਦੱਸਿਆ ਗਿਆ। ਪ੍ਰਵੀਨ ਨੇ 28 ਮਾਰਚ 2012 ਨੂੰ ਜ਼ਿਲਾ ਖਪਤਕਾਰ ਫੋਰਮ ਮਥੁਰਾ ਵਿੱਚ ਕੇਸ ਕੀਤਾ ਤਾਂ ਅਦਾਲਤ ਨੇ ਬੁਕਿੰਗ ਕਰਨ ਵਾਲੀ ਕੰਪਨੀ ਨੂੰ ਟਿਕਟ ਦੇ 70 ਹਜ਼ਾਰ ਰੁਪਏ ਵਾਪਸ ਕਰਨ ਅਤੇ ਜੈਟ ਏਅਰਵੇਜ਼ ਉੱਤੇ ਤੰਗ ਕਰਨ ਦੇ ਦੋਸ਼ ਵਿੱਚ 1.35 ਲੱਖ ਰੁਪਏ ਜੁਰਮਾਨਾ ਲਾਇਆ। ਇਸ ‘ਤੇ ਹਵਾਈ ਕੰਪਨੀ ਇਹ ਦਾਅਵਾ ਦਾਇਰ ਕਰਨ ਦੀ ਤਰੀਕ ਤੋਂ ਵਿਆਜ ਦੀ ਵੀ ਦੇਣਦਾਰ ਹੈ। ਨਾਲ ਹੀ 11200 ਰੁਪਏ ਹੋਟਲ ਬੁਕਿੰਗ ਤੇ 4000 ਰੁਪਏ ਵਾਦ ਖਰਚ ਦੇਣ ਦੇ ਹੁਕਮ ਪਾਸ ਕੀਤੇ ਹਨ।