ਜੈਕਬ ਜ਼ੁਮਾ ਨੂੰ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਛੱਡਣਾ ਪਿਆ


ਕੈਪ ਟਾਊਨ, 15 ਫਰਵਰੀ, (ਪੋਸਟ ਬਿਊਰੋ)- ਜੈਕਬ ਜੁਮਾ ਵੱਲੋਂ ਅਸਤੀਫਾ ਦੇਣ ਪਿੱਛੋਂ ਦੱਖਣੀ ਅਫਰੀਕਾ ਨੂੰ ਸੀਰਿਲ ਰਮਫੋਸਾ ਨੂੰ ਨਵਾਂ ਰਾਸ਼ਟਰਪਤੀ ਬਣਾ ਲਿਆ ਹੈ। ਜੁਮਾ ਨੇ ਕੱਲ੍ਹ ਰਾਸ਼ਟਰਪਤੀ ਵਜੋਂ ਅਸਤੀਫਾ ਦੇ ਦਿੱਤਾ ਸੀ। 9 ਸਾਲਾਂ ਤੋਂ ਰਾਸ਼ਟਰਪਤੀ ਚਲੇ ਆ ਰਹੇ ਜੈਕਬ ਜੁਮਾ ਉੱਤੇ ਪਿਛਲੇ ਕੁਝ ਸਮੇਂ ਤੋਂ ਭ੍ਰਿਸ਼ਟਾਚਾਰ ਅਤੇ ਘੋਟਾਲਿਆਂ ਨੂੰ ਲੈ ਕੇ ਅਫਰੀਕਨ ਨੈਸ਼ਨਲ ਕਾਂਗਰਸ (ਏ ਐੱਨ ਸੀ) ਵੱਲੋਂ ਅਹੁਦਾ ਛੱਡਣ ਦਾ ਦਬਾਅ ਵਧਦਾ ਜਾਂਦਾ ਸੀ।
ਕੱਲ੍ਹ ਜੈਕਬ ਜੁਮਾ ਦੇ ਅਸਤੀਫਾ ਦੇਣ ਤੋਂ ਕੁਝ ਘੰਟੇ ਬਾਅਦ ਅੱਜ ਸੀਰਿਲ ਕਮਫੋਸਾ ਨੂੰ ਨਵਾਂ ਰਾਸ਼ਟਰਪਤੀ ਚੁਣ ਲਿਆ ਗਿਆ ਹੈ। ਦੱਖਣੀ ਅਫਰੀਕਾ ਦੀ ਨੈਸ਼ਨਲ ਅਸੈਂਬਲੀ ਨੇ ਰਮਫੋਸਾ ਨੂੰ ਨਿਰਪੱਖ ਰਾਸ਼ਟਰਪਤੀ ਚੁਣਿਆ। 65 ਸਾਲਾਂ ਸੀਰਿਲ ਰਮਫੋਸਾ ਨੂੰ 2 ਮਹੀਨੇ ਪਹਿਲਾਂ ਅਫਰੀਕਨ ਨੈਸ਼ਨਲ ਕਾਂਗਰਸ (ਏ ਐੱਨ ਸੀ) ਨੇ ਆਪਣਾ ਪ੍ਰਧਾਨ ਚੁਣਿਆ ਸੀ। ਜੁਮਾ ਦੇ ਖਿਲਾਫ ਲਗਾਤਾਰ ਵਧਦੇ ਦੋਸ਼ਾਂ ਤੋਂ ਉਨ੍ਹਾਂ ਦੀ ਪਾਰਟੀ ਏ ਐੱਨ ਸੀ ਪਰੇਸ਼ਾਨ ਸੀ ਤੇ ਆਮ ਚੋਣਾਂ ਤੋਂ ਪਹਿਲਾਂ ਜੁਮਾ ਨੂੰ ਹਟਾ ਕੇ ਖੁਦ ਨੂੰ ਬੇਦਾਗ ਦਿਖਾਉਣਾ ਚਾਹੁੰਦੀ ਸੀ। ਆਪਣਾ ਅਕਸ ਬਚਾਉਣ ਦੀ ਕੋਸ਼ਿਸ਼ ਵਿੱਚ ਏ ਐੱਨ ਸੀ ਨੇ ਪਿਛਲੇ ਸਾਲ ਦਸੰਬਰ ਵਿੱਚ ਜੁਮਾ ਨੂੰ ਹਟਾ ਕੇ ਸੀਰਿਲ ਰਮਸੋਫਾ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਸੀ। ਪਾਰਟੀ ਸੰਵਿਧਾਨ ਮੁਤਾਬਕ ਜਿਹੜਾ ਵੀ ਪਾਰਟੀ ਦਾ ਮੁਖੀ ਹੋਵੇਗਾ, ਉਹ ਉਨ੍ਹਾਂ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਹੋਵੇਗਾ। ਅਜਿਹੇ ਵਿੱਚ ਰਮਸੋਫਾ ਨੂੰ ਪਾਰਟੀ ਪ੍ਰਮੁੱਖ ਬਣਨ ਤੋਂ ਬਾਅਦ ਜੁਮਾ ਉੱਤੇ ਅਹੁਦਾ ਛੱਡਣ ਦਾ ਦਬਾਅ ਵਧਦਾ ਗਿਆ। ਫੇਰ ਵੀ ਉਨ੍ਹਾਂ ਨੇ ਤੁਰੰਤ ਅਸਤੀਫਾ ਨਹੀਂ ਦਿੱਤਾ ਅਤੇ ਕਰੀਬ 2 ਮਹੀਨੇ ਤੱਕ ਅਹੁਦੇ ਉੱਤੇ ਅੜੇ ਰਹੇ। ਜੁਮਾ ਨੇ ਇਹ ਅਸਤੀਫਾ ਉਦੋਂ ਦਿੱਤਾ, ਜਦੋਂ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਤੋਂ ਅਹੁਦਾ ਛੱਡਣ ਜਾਂ ਫਿਰ ਪਾਰਲੀਮੈਂਟ ਵਿੱਚ ਬੇਭਰੋਸਗੀ ਮਤੇ ਦਾ ਸਾਹਮਣਾ ਕਰਨ ਵਿੱਚੋਂ ਕਿਸੇ ਇਕ ਨੂੰ ਚੁਣਨ ਲਈ ਕਹਿ ਦਿੱਤਾ।