ਜੇ ਮੈਂ ਵੀ ਮੂੜ੍ਹਮੱਤ ਕਰ ਬੈਠਦਾ..

-ਪ੍ਰਿੰ. ਵਿਜੈ ਕੁਮਾਰ
ਮੇਰੇ ਸਕੂਲ ਦੀ ਇਕ ਅਧਿਆਪਕਾ ਵਿੱਚ ਭਾਵੇਂ ਬਹੁਤ ਸਾਰੇ ਗੁਣ ਹਨ, ਪਰ ਉਸ ਵਿੱਚ ਇਕ ਵੱਡਾ ਔਗੁਣ ਇਹ ਹੈ ਕਿ ਉਹ ਗੁਸੈਲ ਬਹੁਤ ਹੈ। ਇਕ ਦਿਨ ਇਸ ਅਧਿਆਪਕਾ ਨੇ ਆਪਣੀ ਜਮਾਤ ਦੀ ਵਿਦਿਆਰਥਣ ਨੂੰ ਕੁਝ ਜ਼ਿਆਦਾ ਹੀ ਤਾੜ ਦਿੱਤਾ। ਉਸ ਦੀ ਤਿੱਖੀ ਤਾੜਨਾ ਨਾਲ ਵਿਦਿਆਰਥਣ ਸਕੂਲ ਆਉਣਾ ਛੱਡ ਗਈ। ਮੈਥੋਂ ਸਕੂਲ ਦੇ ਵਿਦਿਆਰਥੀਆਂ ਦੀ ਇਉਂ ਗੈਰ ਹਾਜ਼ਰੀ ਤੇ ਉਨ੍ਹਾਂ ਦਾ ਸਕੂਲੋਂ ਪੜ੍ਹਨ ਤੋਂ ਹਟਣਾ ਜਰਿਆ ਨਹੀਂ ਜਾਂਦਾ। ਅਜਿਹੇ ਮਾਮਲਿਆਂ ਬਾਬਤ ਅਕਸਰ ਪੁੱਛ ਪੜਤਾਲ ਕਰਦਾ ਹਾਂ। ਉਸ ਵਿਦਿਆਰਥਣ ਦੀ ਜਮਾਤ ਇੰਚਾਰਜ ਨੇ ਦੱਸਿਆ, ‘ਡਰਾਇੰਗ ਦੀ ਅਧਿਆਪਕਾ ਨੇ ਉਸ ਵਿਦਿਆਰਥਣ ਨੂੰ ਨਹੱਕ, ਕੁਝ ਜ਼ਿਆਦਾ ਹੀ ਤਾੜ ਦਿੱਤਾ ਹੈ। ਬੱਚੀ ਪੜ੍ਹਾਈ ਵਿੱਚ ਹੁਸ਼ਿਆਰ ਹੈ। ਕਿਸੇ ਢੰਗ ਨਾਲ ਉਸ ਨੂੰ ਸਕੂਲ ਬੁਲਾ ਲਓ, ਉਹ ਬੜੇ ਆਰਾਮ ਨਾਲ ਬਾਰ੍ਹਵੀਂ ਜਮਾਤ ਪਾਸ ਕਰ ਸਕਦੀ ਹੈ।’
ਇੰਚਾਰਜ ਅਧਿਆਪਕਾ ਦੇ ਸ਼ਬਦਾਂ ਨੇ ਬੇਚੈਨੀ ਬਹੁਤ ਵਧਾ ਦਿੱਤੀ। ਮੈਂ ਕਿਸੇ ਨਾ ਕਿਸੇ ਤਰ੍ਹਾਂ ਉਸ ਵਿਦਿਆਰਥਣ ਦੇ ਘਰ ਤੱਕ ਪਹੁੰਚ ਕੀਤੀ। ਵਿਦਿਆਰਥਣ ਸਕੂਲ ਨਾ ਆਈ, ਪਰ ਇਕ ਦਿਨ ਉਸ ਦਾ ਪਿਤਾ ਮੇਰੇ ਦਫਤਰ ਆ ਗਿਆ। ਮੈਨੂੰ ਲੱਗਿਆ, ਉਸ ਨੇ ਦਾਰੂ ਪੀਤੀ ਹੋਈ ਸੀ। ਮੈਂ ਸਵਾਲ ਕੀਤਾ, ‘ਭਰਾ ਜੀ, ਤੁਹਾਡੀ ਧੀ ਸਕੂਲ ਕਿਉਂ ਨਹੀਂ ਆਉਂਦੀ। ਉਸ ਨੂੰ ਘਰ ਕਿਉਂ ਬਿਠਾਇਆ ਹੋਇਐ?’ ਇੰਨੇ ਸ਼ਬਦ ਕਹਿਣ ਦੀ ਦੇਰ ਸੀ ਕਿ ਉਹ ਬੰਦਾ ਕੱਪੜਿਆਂ ਤੋਂ ਬਾਹਰ ਹੋ ਗਿਆ ਅਤੇ ਊਲ ਜਲੂਲ ਬੋਲਣ ਲੱਗਾ। ਉਸ ਨੇ ਉਸ ਡਰਾਇੰਗ ਅਧਿਆਪਕਾ ਖਿਲਾਫ ਵੀ ਬੋਲਣਾ ਸ਼ੁਰੂ ਕਰ ਦਿੱਤਾ। ਉਹ ਸ਼ਾਇਦ ਘਰੋਂ ਧਾਰ ਕੇ ਆਇਆ ਸੀ ਕਿ ਸਾਡੇ ਨਾਲ ਲੜਨਾ ਹੈ। ਮੈਂ ਉਸ ਨੂੰ ਰਤਾ ਤਮੀਜ਼ ਨਾਲ ਗੱਲ ਕਰਨ ਲਈ ਆਖਿਆ ਤਾਂ ਉਸ ਨੇ ਮੈਨੂੰ ਵੀ ਨਾ ਬਖਸ਼ਿਆ ਅਤੇ ਕਾਫੀ ਇਤਰਾਜ਼ ਯੋਗ ਸ਼ਬਦ ਆਖੇ। ਇਹ ਸ਼ਬਦਾਵਲੀ ਨਾ ਕਾਬਲੇ ਬਰਦਾਸ਼ਤ ਸੀ। ਮਨ ਵਿੱਚ ਆਇਆ ਕਿ ਉਸ ਨੂੰ ਪੁਲਸ ਦੇ ਹਵਾਲੇ ਕਰ ਦਿਆਂ, ਉਸ ਦਾ ਮੈਡੀਕਲ ਕਰਵਾ ਕੇ ਉਸ ਨੂੰ ਜੇਲ੍ਹ ਦੀ ਹਵਾ ਖੁਆਈ ਜਾਵੇ, ਪਰ ਮਨ ਇਕਦਮ ਬਦਲ ਗਿਆ। ਸੋਚਿਆ, ਇਸ ਨੇ ਦਾਰੂ ਪੀਤੀ ਹੋਈ ਹੈ, ਫਿਰ ਸਾਡੇ ਦੋਵਾਂ ਵਿਚਕਾਰ ਫਰਕ ਕੀ ਰਹਿ ਜਾਵੇਗਾ?
ਮੈਂ ਵਕਤ ਟਾਲ ਦਿੱਤਾ। ਚਪੜਾਸੀ ਨੇ ਉਸ ਨੂੰ ਬਾਂਹ ਤੋਂ ਫੜ ਕੇ ਸਕੂਲ ਤੋਂ ਬਾਹਰ ਕਰ ਦਿੱਤਾ। ਉਹ ਚਲਾ ਗਿਆ, ਪਰ ਕਈ ਸਵਾਲ ਪਿੱਛੇ ਛੱਡ ਗਿਆ। ਕਈ ਦਿਨ ਬੇਚੈਨੀ ਰਹੀ। ਉਸ ਵਿਦਿਆਰਥਣ ਦੀ ਜਮਾਤ ਇੰਚਾਰਜ ਅਧਿਆਪਕਾ ਦੇ ਸ਼ਬਦ ਮਨ ਅੰਦਰ ਕਾਹਲ ਪੈਦਾ ਕਰਦੇ ਰਹੇ ਅਤੇ ਸਵਾਲ ਕਰਦੇ ਰਹੇ ਕਿ ਉਸ ਵਿਦਿਆਰਥਣ ਨੂੰ ਸਕੂਲ ਹਾਜ਼ਰ ਕਰਨ ਵਿੱਚ ਅਸਫਲ ਕਿਉਂ ਰਿਹਾ ਸਾਂ? ਉਸ ਦੇ ਭਵਿੱਖ ਦਾ ਸਵਾਲ ਸੀ। ਕਾਫੀ ਦਿਨ ਇਵੇਂ ਹੀ ਲੰਘ ਗਏ। ਮੈਂ ਅਧਆਪਕਾਵਾਂ ਨੂੰ ਕਹਿੰਦਾ ਰਿਹਾ ਕਿ ਉਸ ਵਿਦਿਆਰਥਣ ਦੇ ਘਰ ਜਾ ਕੇ ਆਉਣ, ਉਸ ਨੂੰ ਪੜ੍ਹਾਈ ਲਈ ਪਰੇਰ ਕੇ ਸਕੂਲ ਲੈ ਕੇ ਆਉਣ, ਪਰ ਇਨ੍ਹਾਂ ਉਮੀਦਾਂ ਨੂੰ ਬੂਰ ਨਾ ਪਿਆ। ਮਹੀਨਾ ਲੰਘ ਗਿਆ।
ਇਕ ਦਿਨ ਮੈਂ ਆਪਣੀ ਪਤਨੀ ਨਾਲ ਸੈਰ ਕਰ ਰਿਹਾ ਸਾਂ ਕਿ ਅਚਾਨਕ ਮੇਰੀ ਨਜ਼ਰ ਉਸੇ ਵਿਦਿਆਰਥਣ ਦੇ ਪਿਓ ‘ਤੇ ਪਈ। ਉਹ ਸਾਹਮਣਿਓਂ ਆ ਰਿਹਾ ਸੀ। ਮਨ ਨੇ ਚਾਹਿਆ ਕਿ ਉਸ ਨੂੰ ਆਪਣੇ ਕੋਲ ਬੁਲਾ ਕੇ ਫਿਰ ਆਖਾਂ ਕਿ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਨਾ ਕਰੇ, ਉਸ ਨੂੰ ਪੜ੍ਹਨ ਲਈ ਸਕੂਲ ਭੇਜੇ, ਪਰ ਕਈ ਕੁਝ ਸੋਚ ਕੇ ਖੁਦ ਨੂੰ ਰੋਕ ਲਿਆ। ਅਸੀਂ ਜਦੋਂ ਉਸ ਦੇ ਕੋਲੋਂ ਲੰਘਣ ਲੱਗੇ ਤਾਂ ਉਹ ਸਾਡੇ ਵੱਲ ਮੁੜ ਆਇਆ। ਇਹ ਸੋਚਦਿਆਂ ਕਿ ਉਹ ਮੰਦਾ ਚੰਗਾ ਨਾ ਬੋਲੇ, ਉਸ ਨਾਲ ਨਜਿੱਠਣ ਲਈ ਖੁਦ ਨੂੰ ਤਿਆਰ ਕਰ ਲਿਆ, ਪਰ ਹੋਇਆ ਉਕਾ ਉਲਟ। ਉਸ ਨੇ ਕੋਲ ਪਹੁੰਚਦਿਆਂ ਗੋਡੇ ਫੜ ਲਏ ਅਤੇ ਸਕੂਲ ਵਿੱਚ ਵਰਤੇ ਮਾੜੇ ਅਲਫਾਜ਼ ਲਈ ਮੁਆਫੀ ਮੰਗੀ। ਗੱਲ ਬਣ ਗਈ ਸੀ। ਮੈਂ ਉਸ ਤੋਂ ਵਾਅਦਾ ਲਿਆ ਕਿ ਉਹ ਆਪਣੀ ਧੀ ਨੂੰ ਸਕੂਲ ਭੇਜੇਗਾ। ਉਹ ਮੇਰੇ ਨਾਲ ਵਾਅਦਾ ਕਰਕੇ ਤੁਰ ਗਿਆ। ਮੈਂ ਉਸ ਵਕਤ ਸੋਚ ਰਿਹਾ ਸਾਂ ਕਿ ਉਹ ਆਪਣੀ ਧੀ ਨੂੰ ਸਕੂਲ ਨਹੀਂ ਭੇਜੇਗਾ ਕਿ ਨਹੀਂ, ਪਰ ਦੂਜੇ ਦਿਨ ਉਹ ਆਪਣੀ ਧੀ ਨੂੰ ਲੈ ਕੇ ਮੇਰੇ ਦਫਤਰ ਸਾਹਮਣੇ ਖੜਾ ਸੀ। ਉਹ ਤਾਂ ਕੁਝ ਨਹੀਂ ਬੋਲਿਆ, ਪਰ ਵਿਦਿਆਰਥਣ ਨੇ ਅੱਖਾਂ ਵਿੱਚ ਹੰਝੂ ਕੇਰਦਿਆਂ ਕਿਹਾ, ‘ਸਰ, ਮੈਂ ਪੜ੍ਹਨਾ ਚਾਹੁੰਦੀ ਹਾਂ।’ ਮੇਰਾ ਅਗਲਾ ਪਿਛਲਾ ਸਾਰਾ ਗੁੱਸਾ ਉਤਰ ਗਿਆ ਸੀ।
ਉਸ ਵਿਦਿਆਰਥਣ ਨੂੰ ਜਮਾਤ ਵਿੱਚ ਬੈਠਿਆਂ ਵੇਖ ਉਸ ਦੀ ਜਮਾਤ ਦੀ ਇੰਚਾਰਜ ਅਧਿਆਪਕਾ ਖੁਸ਼ ਹੋ ਗਈ। ਇਸ ਹੋਣਹਾਰ ਵਿਦਿਆਰਥਣ ਨੇ ਅੱਠਵੀਂ ਦਾ ਐਨ ਐਮ ਐਮ ਐਸ ਦਾ ਪੰਜ ਸੌ ਰੁਪਏ ਮਹੀਨਾ ਦਾ ਵਜ਼ੀਫਾ ਹਾਸਲ ਕਰ ਲਿਆ। ਇਸ ਤੋਂ ਬਾਅਦ ਉਸ ਨੇ ਪੀ ਐਸ ਟੀ ਈ ਦੇ ਵਜ਼ੀਫੇ ਦਾ ਟੈਸਟ ਪਾਸ ਕੀਤਾ। ਦਸਵੀਂ ਵਿੱਚੋਂ ਉਸ ਨੇ ਸਕੂਲ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਹੁਣ ਉਹ ਮੇਰੇ ਸਕੂਲ ਦੀ ਗਿਆਰਵੀਂ ਜਮਾਤ ਦੀ ਸਾਇੰਸ ਗਰੁੱਪ ਦੀ ਵਿਦਿਆਰਥਣ ਹੈ।