ਜੇ ਮੈਂ ਵੀ ਬਟਨ ਦੱਬ ਦਿਆਂ

-ਭੁਪਿੰਦਰ ਫੌਜੀ
ਵੋਟਾਂ ਨਜ਼ਦੀਕ ਆ ਰਹੀਆਂ ਸਨ। ਹੁਣ ਕੋਈ ਮਜ਼ਦੂਰ ਲੇਬਰ ਚੌਕ ਵਿੱਚ ਖੜਾ ਨਹੀਂ ਸੀ ਮਿਲਦਾ। ਵੋਟਾਂ ਵਾਲੇ ਇਕੱਠ ਦਿਖਾਉਣ ਲਈ ਉਨ੍ਹਾਂ ਨੂੰ ਰੈਲੀਆਂ ਤੇ ਚੋਣ ਸਭਾਵਾਂ ਵਿੱਚ ਝੰਡੇ ਫੜਾ ਕੇ ਲੈ ਜਾਂਦੇ। ਕਦੇ ਕੋਈ ਪਾਰਟੀ ਤੇ ਕਦੇ ਕੋਈ। ਉਨ੍ਹਾਂ ਦੇ ਠੰਢੇ ਚੁੱਲ੍ਹੇ ਬਲਣ ਲੱਗ ਪਏ।
ਵੋਟਾਂ ਵਿੱਚ ਦੋ ਦਿਨ ਰਹਿ ਗਏ ਸਨ। ਚੋਣ ਪ੍ਰਚਾਰ ਬੰਦ ਹੋਣ ਕਰਕੇ ਰੈਲੀਆਂ ਬੰਦ ਹੋ ਗਈਆਂ। ਮਜ਼ਦੂਰ ਫਿਰ ਲੇਬਰ ਚੌਕ ਵਿੱਚ ਆ ਗਏ। ਭਾਨਾ ਦੁਪਹਿਰ ਤੱਕ ਆਪਣੇ ਖਰੀਦਦਾਰ ਦੀ ਉਡੀਕ ਕਰਦਾ ਰਿਹਾ, ਪਰ ਕੋਈ ਨਹੀਂ ਬਹੁੜਿਆ। ਉਹ ਢਿੱਲਾ ਜਿਹਾ ਮੂੰਹ ਕਰਕੇ ਘਰ ਪਰਤ ਆਇਆ। ਰਾਤ ਦਾ ਹਨੇਰਾ ਪਸਰ ਰਿਹਾ ਸੀ। ਕਿਸੇ ਨੇ ਉਸ ਦੇ ਬੂਹੇ ਤੇ ਦਸਤਕ ਦਿੱਤੀ। ਇਕ ਵਿਅਕਤੀ ਬਾਹਰ ਖੜਾ ਸੀ। ਉਹ ਕਿਸੇ ਸਿਆਸੀ ਪਾਰਟੀ ਦਾ ਕਾਰਕੁਨ ਸੀ। ਉਸ ਨੇ ਅੰਦਰ ਜਾ ਕੇ ਦੋ-ਦੋ ‘ਹਜ਼ਾਰ ਦੇ ਦੋ ਨੋਟ ਫੜਾਉਂਦਿਆਂ ਕਿਹਾ, ‘ਲੈ ਭਾਨਿਆ, ਤਿੰਨ ਨੰਬਰ ਵਾਲਾ ਬਟਨ ਦੱਬ ਦਿਓ।’ ਉਹ ਚਲਾ ਗਿਆ। ਅਗਲੇ ਦਿਨ ਦੂਜੀ ਪਾਰਟੀ ਦੇ ਮੈਂਬਰ ਆ ਗਏ। ਉਸ ਨੇ ਦੋ-ਦੋ ਹਜ਼ਾਰ ਦੇ ਤਿੰਨ ਨੋਟ ਭਾਨੇ ਦੇ ਹੱਥ ‘ਚ ਫੜਾਉਂਦਿਆਂ ਕਿਹਾ, ‘ਭਾਨਿਆ ਇਕ ਨੰਬਰ ਵਾਲਾ ਬਟਨ ਦੱਬ ਦਿਓ।’ ਇੰਨਾ ਕਹਿ ਕੇ ਉਹ ਚਲੇ ਗਏ।
ਭਾਨੇ ਦੀ ਅੱਠ ਸਾਲਾਂ ਦੀ ਬੱਚੀ ਸਭ ਦੇਖ ਰਹੀ ਸੀ। ਉਹ ਬੋਲੀ, ‘ਪਾਪਾ ਜੇ ਮੈਂ ਵੀ ਬਟਨ ਦੱਬ ਦਿਆਂ, ਮੈਨੂੰ ਵੀ ਪੈਸੇ ਮਿਲਣਗੇ?’ ਉਸ ਨੇ ਬੇਟੀ ਨੂੰ ਘੁੱਟ ਕੇ ਗਲ ਲਾ ਲਿਆ।