ਜੇ ਫੇਸਬੁੱਕ ਦੇ ਮਾਲਕ ਦਾ ਡਾਟਾ ਚੋਰੀ ਹੁੰਦਾ ਹੈ ਤਾਂ…..

ਫੇਸਬੁੱਕ ਦੇ ਚੀਫ ਐਗਜ਼ੈਕਟਿਵ ਅਫ਼ਸਰ ਮਾਰਕ ਜ਼ੁੱਕਰਬਰਗ ਨੇ ਕੱਲ ਅਮਰੀਕਾ ਦੇ ਸੀਨੇਟ ਹਾਊਸ ਦੀ ਇੱਕ ਕਮੇਟੀ ਸਾਹਮਣੇ ਦੂਜੇ ਦਿਨ ਪੇਸ਼ੀ ਭਰਦੇ ਹੋਏ ਕਬੂਲ ਕੀਤਾ ਕਿ ਆਮ ਪਬਲਿਕ ਦੀ ਗੱਲ ਤਾਂ ਇੱਕ ਪਾਸੇ, ਸਗੋਂ ਉਸਦਾ ਆਪਣਾ ਡਾਟਾ ਭਾਵ ਜਾਣਕਾਰੀ ਵੀ ਚੋਰੀ ਹੋਈ ਹੈ। ਸੋਸ਼ਲ ਮੀਡੀਆ ਉੱਤੇ ਸਾਡੀ ਜਾਣਕਾਰੀ ਦਾ ਚੋਰੀ ਹੋਣਾ ਐਨਾ ਸੌਖਾ ਹੈ ਕਿ ਮਾਰਕ ਜ਼ੁੱਕਰਬਰਗ ਨੂੰ ਵੀ ਇਸ ਤੱਥ ਨੂੰ ਕਬੂਲ ਕਰਨਾ ਪਿਆ। ਅਮਰੀਕਾ ਦੀਆਂ ਚੋਣਾਂ ਵਿੱਚ ਰੂਸ ਦੇ ਪ੍ਰਭਾਵ ਅਤੇ ਕਿਵੇਂ ਸੰਭਾਵਤ ਰੂਪ ਵਿੱਚ ਫੇਸਬੁੱਕ ਨੇ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਹੋਰਾਂ ਦੇ ਹੱਥ ਦਿੱਤਾ ਹੋ ਸਕਦਾ ਹੈ, ਇਸ ਤੋਂ ਬਾਅਦ ਖੜੇ ਹੋਏ ਸੁਆਲਾਂ ਦੇ ਜਵਾਬ ਦੇਣ ਲਈ 33 ਸਾਲਾ ਜ਼ੁੱਕਰਬਰਗ ਨੂੰ ਹਾਊਸ ਕਮੇਟੀ ਅੱਗੇ ਹਾਜ਼ਰੀ ਭਰਨੀ ਪਈ।

2014-15 ਵਿੱਚ Cambridge Analytica ਨਾਮਕ ਕੰਪਨੀ ਨੇ ਫੇਸਬੁੱਕ ਦੇ 87 ਮਿਲੀਅਨ ਤੋਂ ਵੱਧ ਅਕਾਊਂਟ ਹੋਲਡਰਾਂ ਦਾ ਡਾਟਾ ਇੱਕਤਰ ਕੀਤਾ ਜਿਸਨੂੰ ਸੰਭਵਤਾ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਵਿੱਚ ਵਰਤਿਆ ਗਿਆ ਹੋ ਸਕਦਾ ਹੈ। ਚੇਤੇ ਰਹੇ ਕਿ ਕੈਂਬਰਿਜ਼ ਅਨਲਾਈਟਕਾ ਇੱਕ ਬ੍ਰਿਟਿਸ਼ ਕਨਸਲਟਿੰਗ ਕੰਪਨੀ ਹੈ ਜੋ ਸਿਆਸੀ ਮੰਤਵਾਂ ਲਈ ਅੰਕੜਾ ਵਿਸ਼ਲੇਸ਼ਣ ਕਰਨ ਵਿੱਚ ਮਾਹਰਤਾ ਰੱਖਦੀ ਹੈ। ਕੰਪਨੀ ਦੇ ਇੱਕ ਹਿੱਸੇ ਦੀ ਮਲਕੀਅਤ ਰੋਬਰਟ ਮਰਸਰ (Robert Mercer) ਕੋਲ ਹੈ ਜੋ ਅਮਰੀਕਾ ਅਤੇ ਬ੍ਰਿਟੇਨ ਵਿੱਚ ਕੰਜ਼ਰਵੇਟਿਵ ਮੁੱਦਿਆਂ ਬਾਰੇ ਖੁੱਲ ਕੇ ਸਮਰੱਥਨ ਦੇਣ ਲਈ ਮਸ਼ਹੂਰ ਹੈ।

ਕੈਂਬਰਿਜ ਅਨਲਾਈਟਕਾ ਵੱਲੋਂ ਡਾਟਾ ਚੋਰੀ ਕਰਨ ਦੀ ਕਹਾਣੀ ‘ਚੋਰਾਂ ਨੂੰ ਮੋਰ’ ਪੈਣ ਵਰਗੀ ਹੈ। ਫੇਸਬੁੱਕ ਖੁਦ ਇੱਕ ਅੱਛੀ ਖਾਸੀ ਮਾਹਰਤਾ ਵਾਲੀ ਆਈ ਟੀ ਕੰਪਨੀ ਹੈ ਪਰ ਕੈਂਬਰਿਜ ਯੂਨੀਵਰਸਿਟੀ ਦੇ ਡਾਟਾ ਸਾਇੰਸਦਾਨ ਅਲੈਕਸ਼ੈਡਰ ਕੋਗਾਨ ਵੱਲੋਂ ਇੱਕ ਐਪ ਤਿਆਰ ਕੀਤੀ ਗਈ ਜੋ ਉਸਨੇ ਕੈਂਬਰਿਜ ਅਨਲਾਈਟਕਾ ਨੂੰ ਮੁਹਈਆ ਕਰ ਦਿੱਤੀ। ਇਸ ਐਪ ਦੀ ਵਰਤੋਂ ਨਾਲ ਕੈਂਬਰਿਜ ਅਨਲਾਈਟਕਾ ਵੱਲੋਂ ਇੱਕ ਸਰਵੇਖਣ ਤਿਆਰ ਕੀਤਾ ਗਿਆ ਜਿਸ ਵਿੱਚ ਹਿੱਸਾ ਲੈਣ ਵਾਲੇ ਫੇਸਬੁੱਕ ਅਕਾਉਂਟ ਹੋਲਡਰਾਂ ਦੀ ਸਿਰਫ ਨਿੱਜੀ ਜਾਣਕਾਰੀ ਹੀ ਇੱਕਤਰ ਨਹੀਂ ਸੀ ਕੀਤੀ ਜਾਂਦੀ ਸਗੋਂ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੇ ਸੋਸ਼ਲ ਦਾਇਰੇ ਦੇ ਹੋਰ ਸਾਰੇ ਲੋਕਾਂ ਦੀ ਜਾਣਕਾਰੀ ਕੰਪਨੀ ਕੋਲ ਚਲੀ ਜਾਂਦੀ। ਇਹ ਸਰਵੇਖਣ ਇਸ ਤਰੀਕੇ ਤਿਆਰ ਕੀਤਾ ਗਿਆ ਸੀ ਕਿ ਵੱਧ ਤੋਂ ਵੱਧ ਲੋਕ ਇਸ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਹੋਣ। ਸਰਵੇਖਣ ਵਿੱਚ ਲੋਕਾਂ ਨੂੰ ਭਰੋਸਾ ਦਿੱਤਾ ਜਾਂਦਾ ਸੀ ਕਿ ਕੁੱਝ ਸੁਆਲਾਂ ਦੇ ਜਵਾਬ ਦੇਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਉਹਨਾਂ ਦੀ ਸਖਸਿ਼ਅਤ ਕਿਹੋ ਜਿਹੀ ਹੈ। ਬੇਸ਼ੱਕ ਇਸ ਸਰਵੇਖਣ ਐਪ ਨੂੰ 3 ਲੱਖ 50 ਹਜ਼ਾਰ ਦੇ ਕਰੀਬ ਲੋਕਾਂ ਨੇ ਹੀ ਡਾਊਨਲੋਡ ਕੀਤਾ ਸੀ ਪਰ ਐਪ ਨੇ ਕੈਂਬਰਿਜ ਅਨਲਾਈਟਕਾ ਲਈ 87 ਲੱਖ ਲੋਕਾਂ ਦੀ ਜਾਣਕਾਰੀ ਕੱਢ ਦਿੱਤੀ। 6 ਲੱਖ ਤੋਂ ਵੱਧ ਕੈਨੇਡੀਅਨਾਂ ਦਾ ਡਾਟਾ ਚੋਰੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਭਾਰਤ ਦੇ ਬਿਹਾਰ ਸੂਬੇ ਦੀਆਂ ਚੋਣਾਂ ਵਿੱਚ ਵੋਟਰਾਂ ਦੇ ਮਨਾਂ ਦਾ ਹਿਸਾਬ ਕਿਤਾਬ ਲਾਉਣ ਲਈ ਕੈਂਬਰਿਜ ਅਨਲਾਈਟਕਾ ਨੇ 5 ਲੱਖ ਲੋਕਾਂ ਦਾ ਡਾਟਾ ਚੋਰੀ ਕੀਤਾ ਸੀ।

ਬੇਸ਼ੱਕ ਮਾਰਕ ਜ਼ੁੱਕਰਬਰਗ ਵੱਲੋਂ ਅਮਰੀਕਨ ਸੀਨੇਟ ਕਮੇਟੀ ਨੂੰ ਕਿਹਾ ਗਿਆ ਕਿ ਉਹ ਅਜਿਹੇ ਕਨੂੰਨ ਬਣਾਉਣ ਦੇ ਹੱਕ ਵਿੱਚ ਹੈ ਜਿਸ ਨਾਲ ਪਬਲਿਕ ਦੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਕਨੂੰਨ ਬਣਾਏ ਜਾਣ ਦੀ ਲੋੜ ਹੈ। ਨਾਲ ਹੀ ਉਸਦਾ ਇਹ ਆਖਣਾ ਇੱਕ ਕਿਸਮ ਦੀ ਧਮਕੀ ਹੀ ਹੈ ਕਿ ਫੇਸਬੁੱਕ ਵਰਗੀਆਂ ਵੱਡੀਆਂ ਕੰਪਨੀਆਂ ਤਾਂ ਬਣਾਏ ਜਾਣ ਵਾਲੇ ਨਵੇਂ ਕਨੂੰਨਾਂ ਦੀ ਪਾਲਣਾ ਕਰ ਲੈਣਗੀਆਂ ਪਰ ਛੋਟੀਆਂ ਕੰਪਨੀਆਂ ਲਈ ਮੁਸ਼ਕਲ ਹੋਵੇਗਾ। ਸੁਆਲ ਹੈ ਕਿ ਜੇ ਉਹ ਛੋਟੀਆਂ ਕੰਪਨੀਆਂ ਦੇ ਬਿਜਸਨਾਂ ਜਾਂ ਆਮ ਵਿਅਕਤੀ ਬਾਰੇ ਐਨਾ ਫਿਕਰਮੰਦ ਹੈ ਤਾਂ ਉਸਨੇ ਕੈਂਬਰਿਜ ਅਨਲਾਈਟਕਾ ਵਿਰੁੱਧ ਕੋਈ ਕਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਦੋਂ ਇਸਨੂੰ 2015 ਵਿੱਚ ਹੀ ਡਾਟਾ ਚੋਰੀ ਹੋਣ ਦਾ ਪਤਾ ਲੱਗ ਗਿਆ ਸੀ। ਫੇਸਬੁੱਕ ਦਾ ਕੈਂਬਰਿਜ ਅਨਲਾਈਟਕਾ ਨੂੰ ਸਿਰਫ਼ ਇੱਕ ਪੱਤਰ ਲਿਖ ਕੇ ਸਪੱਸ਼ਟੀਕਰਨ ਦੇਣ ਲਈ ਆਖਣ ਤੋਂ ਵੱਧ ਕੁੱਝ ਨਾ ਕਰਨਾ ਕਿੱਥੋਂ ਤੱਕ ਜ਼ਾਇਜ ਹੈ? ਕੈਂਬਰਿਜ ਅਨਲਾਈਟਕਾ ਨੇ ਝੂਠ ਵਿੱਚ ਹੀ ਫੇਸਬੁੱਕ ਕੋਲ ਪੁਸ਼ਟੀ ਕਰ ਦਿੱਤੀ ਕਿ ਹੁਣ ਡਾਟਾ ਉਸ ਕੋਲ ਕੋਈ ਨਹੀਂ ਹੈ ਜਦੋਂ ਕਿ ਹਕੀਕਤ ਵਿੱਚ ਕੰਪਨੀ ਨੇ ਡਾਟਾ ਡੀਲੀਟ ਨਹੀਂ ਸੀ ਕੀਤਾ।

ਫੇਸਬੁੱਕ, ਲਿੰਕਡਇਨ ਅਤੇ ਵੱਟਸਐਪ ਵਰਗੀਆਂ ਅਨੇਕਾਂ ਸੋਸ਼ਲ ਨੈੱਟਵਰਕ ਦੀਆਂ ਸਾਈਟਾਂ ਅੱਜ ਦੇ ਜੀਵਨ ਦਾ ਸੱਚ ਹੋ ਚੁੱਕੀਆਂ ਹਨ। ਕੈਂਬਰਿਜ ਅਨਲਾਈਟਕਾ ਵੱਲੋਂ ਫੇਸਬੁੱਕ ਤੋਂ ਲੋਕਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਦਾ ਕੇਸ ਦੋ ਗੱਲਾਂ ਸਪੱਸ਼ਟ ਕਰਦਾ ਹੈ। ਪਹਿਲੀ ਕਿ ਹੁਣ ਉਸ ਸਮਾਂ ਨਹੀਂ ਹੈ ਜਦੋਂ ਸੋਸ਼ਲ ਮੀਡੀਆ ਤੋਂ ਦੂਰ ਰਿਹਾ ਜਾ ਸਕਦਾ ਹੈ। ਦੂਜੀ ਇਹ ਕਿ ਤੁਹਾਡਾ ਨਿੱਜੀ ਡਾਟਾ ਕਿਸੇ ਵੇਲੇ ਵੀ ਚੋਰੀ ਕੀਤਾ ਜਾ ਸਕਦਾ ਹੈ। ਜਿਹਨਾਂ ਸੋਸ਼ਲ ਮੀਡੀਆ ਸਾਈਟਾਂ ਨੂੰ ਅਸੀਂ ਆਪਣੀ ਸ਼ਕਤੀ ਖਿਆਲ ਕਰਦੇ ਹਾਂ, ਉਹ ਅਸਲ ਵਿੱਚ ਸਾਡੇੇ ਦਿਲ ਦਿਮਾਗ ਉੱਤੇ ਲੱਗੇ ਕੈਮਰਿਆਂ ਵਰਗੇ ਹਨ ਜਿਹੜੇ ਕਿਸੇ ਵੀ ਸਮੇਂ ਤੁਹਾਡੇ ਜੀਵਨ ਦੇ ਗੁੱਝੇ ਰੱਹਸਾਂ ਨੂੰ ਵਿਸ਼ਵ ਦੇ ਕਿਸੇ ਹੋਰ ਹਿੱਸੇ ਵਿੱਚ ਭੇਜ ਸਕਦੇ ਹਨ।