ਜੇ ਈ ਨੇ ਆਪਣੀ ਪਤਨੀ ਤੇ ਬੇਟੇ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ


ਬਠਿੰਡਾ, 12 ਫਰਵਰੀ (ਪੋਸਟ ਬਿਊਰੋ)- ਬਿਜਲੀ ਬੋਰਡ ਦੇ ਇਕ ਜੇ ਈ ਨੇ ਕੱਲ੍ਹ ਆਪਣੀ ਪਤਨੀ ਤੇ ਬੇਟੇ ਨੂੰ ਗੋਲੀਆਂ ਮਾਰ ਦਿੱਤੀਆਂ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਸ਼ੀ ਪਿਸਤੌਲ ਸਮੇਤ ਫਰਾਰ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜੇ ਈ ਪਵਨ ਕੁਮਾਰ (57) ਨਿਵਾਸੀ ਗੋਪਾਲ ਨਗਰ ਬਠਿੰਡਾ ਮਾਨਸਿਕ ਰੋਗੀ ਸੀ, ਜੋ ਅਕਸਰ ਪਰਵਾਰ ਵਾਲਿਆਂ ਨਾਲ ਝਗੜਾ ਕਰਦਾ ਸੀ। ਉਸ ਨੇ ਚਾਰ ਮਹੀਨੇ ਪਹਿਲਾ ਖੁਦ ਨੂੰ ਗੋਲੀ ਮਾਰ ਲਈ ਸੀ, ਜਿਸ ਕਾਰਨ ਉਸ ਦਾ ਦਿਮਾਗੀ ਰੋਗਾਂ ਦੇ ਡਾਕਟਰ ਕੋਲ ਇਲਾਜ ਚਲਦਾ ਰਿਹਾ ਅਤੇ ਉਹ ਦੋ ਮਹੀਨੇ ਛੁੱਟੀ ‘ਤੇ ਰਿਹਾ। ਪਤਨੀ ਰੇਣੂ ਬਾਲਾ ਸਰਕਾਰੀ ਅਧਿਆਪਕ ਹੈ, ਜਿਸ ਦਾ ਸਕੂਲ ਦੇ ਆਸ ਪਾਸ ਚੰਗਾ ਰਸੂਖ ਹੈ, ਪਰ ਪਵਨ ਕੁਮਾਰ ਦੇ ਸੁਭਾਅ ਤੋਂ ਸਾਰੇ ਡਰਦੇ ਹਨ। ਦੋ ਮਹੀਨੇ ਇਲਾਜ ਦੇ ਬਾਅਦ ਜਦ ਪਵਨ ਕੁਮਾਰ ਵਾਪਸ ਨੌਕਰੀ ‘ਤੇ ਆਇਆ ਤਾਂ ਗੋਬਿੰਦਪੁਰਾ ਗ੍ਰਿਡ ਦੇ ਸਟਾਫ ਨੇ ਲਿਖ ਕੇ ਦਿੱਤਾ ਸੀ ਕਿ ਉਸ ਦਾ ਵਿਹਾਰ ਲੜਾਈ-ਝਗੜੇ ਦਾ ਹੈ, ਇਸ ਲਈ ਉਨ੍ਹਾਂ ਨੂੰ ਜਾਨ ਦਾ ਖਤਰਾ ਹੈ, ਪਵਨ ਕੁਮਾਰ ਨੂੰ ਗੋਬਿੰਦਪੁਰਾ ਦੀ ਜਗ੍ਹਾ ਕਿਸੇ ਹੋਰ ਥਾਂ ਤੈਨਾਤ ਕੀਤਾ ਜਾਵੇ। ਫਿਰ ਉਸ ਨੂੰ ਸੰਗੂਆਣਾ ਸਬ ਡਵੀਜ਼ਨ ‘ਤੇ ਤੈਨਾਤ ਕੀਤਾ ਗਿਆ। ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਰੇਣੂ ਬਾਲਾ ਨੇ ਦੱਸਿਆ ਕਿ ਹਮੇਸ਼ਾ ਵਾਂਗ ਕੱਲ੍ਹ ਸਵੇਰੇ ਵੀ ਪਵਨ ਕੁਮਾਰ ਉਸ ਦੇ ਅਤੇ ਬੇਟੇ ਸਾਹਿਲ ਕੁਮਾਰ ਦੇ ਨਾਲ ਝਗੜਾ ਕਰਨ ਲੱਗਾ। ਇਸ ਦੌਰਾਨ ਉਸ ਨੇ ਉਸ ਨੂੰ ਅਤੇ ਬੇਟੇ ਨੂੰ ਮਾਰ ਦੇਣ ਦੀ ਨੀਤ ਨਾਲ ਗੋਲੀਆਂ ਮਾਰ ਦਿੱਤੀਆਂ।
ਥਾਣਾ ਕੈਨਾਲ ਦੇ ਮੁਖੀ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਜ਼ਖਮੀ ਹੁਣ ਠੀਕ ਹਨ, ਰੇਣੂ ਬਾਲਾ ਦੇ ਬਿਆਨਾਂ ‘ਤੇ ਪਵਨ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਹੈ। ਪਤਨੀ ਤੇ ਬੇਟੇ ਨੂੰ ਗੋਲੀਆਂ ਮਾਰਨ ਵਾਲਾ ਜੇ ਈ ਪਵਨ ਕੁਮਾਰ ਹੁਣ ਰਿਟਾਇਰਮੈਂਟ ਤੋਂ ਤਿੰਨ ਮਹੀਨੇ ਪਹਿਲਾ ਬਰਖਾਸਤ ਹੋ ਜਾਵੇਗਾ ਤੇ ਨੌਕਰੀ ਦੇ ਹੋਰ ਲਾਭ ਮਿਲਣਾ ਮੁਸ਼ਕਿਲ ਹੋਵੇਗਾ, ਕਿਉਂਕਿ ਉਸ ਦੇ ਖਿਲਾਫ ਕੇਸ ਦਰਜ ਹੋ ਗਿਆ ਹੈ ਅਤੇ ਪੁਲਸ ਉਸ ਨੂੰ ਗ੍ਰਿਫਤਾਰ ਕਰ ਲਵੇਗੀ।