ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਾਲੇ ਦੇ ਨਾਬਾਲਗ ਬੇਟੇ ਦੀ ਗੋਲੀ ਲੱਗਣ ਨਾਲ ਮੌਤ


ਲੰਬੀ, 7 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ, ਜਿਹੜਾ ਜ਼ਿਲਾ ਮੁਕਤਸਰ ਦੇ ਪਿੰਡ ਅਬੁਲ ਖੁਰਾਣਾ ਦੇ ਵਾਸੀ ਹਨ, ਦੇ ਲੜਕੇ ਦੀ ਨੈਨੀਤਾਲ ਨੇੜੇ ਸ਼ੱਕੀ ਹਾਲਾਤ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਜ਼ਿਕਰ ਯੋਗ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ ਰਵਿੰਦਰ ਸਿੰਘ ਬੱਬੀ ਦਾ ਲੜਕਾ ਏਰਨ ਬਰਾੜ (13) ਨੈਨੀਤਾਲ ਦੇ ਇਕ ਸਕੂਲ ਵਿੱਚ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ। ਛੁੱਟੀਆਂ ਖਤਮ ਹੋਣ ਤੋਂ ਬਾਅਦ ਬੀਤੇ ਦਿਨੀਂ ਪਰਵਾਰ ਲੜਕੇ ਨੂੰ ਨੈਨੀਤਾਲ ਛੱਡਣ ਲਈ ਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਨੈਨੀਤਾਲ ਵਿੱਚ ਆਪਣੀ ਕੋਠੀ ਵਿੱਚ ਬੱਚੇ ਨੂੰ ਕੱਲ੍ਹ ਸਵੇਰੇ ਤਿਆਰ ਕਰਨ ਦੇ ਬਾਅਦ ਉਸ ਦੀ ਮਾਂ ਬਾਹਰ ਕੱਪੜੇ ਸਾਂਭਣ ਲੱਗ ਗਈ ਅਤੇ ਮੰਤਰੀ ਦਾ ਸਾਲਾ ਆਪਣੀ ਪਿਸਤੌਲ ਬੈਡ ‘ਤੇ ਰੱਖ ਕੇ ਨਹਾਉਣ ਲਈ ਚਲਾ ਗਿਆ। ਇਸੇ ਦੌਰਾਨ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਜਦ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਏਰਨ ਦੀ ਛਾਤੀ ਵਿੱਚ ਗੋਲੀ ਲੱਗੀ ਹੋਈ ਸੀ। ਇਸ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਏਰਨ ਇਥੇ ਖੁਸ਼ ਨਹੀਂ ਸੀ। ਕੁਝ ਲੋਕਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਮਾਨਸਿਕ ਪਰੇਸ਼ਾਨੀ ਕਾਰਨ ਏਰਨ ਦੀ ਮੌਤ ਹੋਈ ਹੈ।
ਐਸ ਐਸ ਪੀ ਮੁਕਤਸਰ ਸਾਹਿਬ ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ। ਗੋਲੀ ਬੱਚੇ ਨੂੰ ਕਿਵੇਂ ਲੱਗੀ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।