ਜੇਲ੍ਹ ਤੋਂ ਫਰਾਰ ਹੋਣ ਲਈ ਕੈਦੀ ਨੇ 230 ਫੁੱਟ ਲੰਮੀ ਸੁਰੰਗ ਪੁੱਟੀ, ਸਾਹ ਘੁੱਟ ਕੇ ਮਰ ਗਿਆ


ਬਰਾਜੀਲੀਆ, 24 ਮਈ (ਪੋਸਟ ਬਿਊਰੋ)- ਬਰਾਜੀਲ ‘ਚ ਇੱਕ 26 ਸਾਲਾ ਸਜ਼ਾ ਯਾਫਤਾ ਕੈਦੀ ਨੇ ਜੇਲ੍ਹ ‘ਚੋਂ ਭੱਜਣ ਲਈ 230 ਫੁੱਟ ਲੰਮੀ ਸੁਰੰਗ ਪੁੱਟ ਦਿੱਤੀ। ਉਸ ਨੇ ਇਹ ਸੁਰੰਗ ਆਪਣੀ ਜੇਲ੍ਹ ਦੇ ਕਮਰੇ ਵਿਚਲੇ ਟਾਇਲੇਟ ਤੋਂ ਪੁੱਟੀ ਸੀ, ਪਰ ਸੁਰੰਗ ‘ਚੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਸਾਹ ਘੁਟਣ ਨਾਲ ਉਸ ਦੀ ਮੌਤ ਹੋ ਗਈ।
26 ਸਾਲਾ ਜਡਸਨ ਕੁਨਹਾ ਇਵਾਨਜੇਲਿਸਤਾ ਨਾਂਅ ਦੇ ਕੈਦੀ ਨੇ ਕਈ ਮਹੀਨਿਆਂ ਦਾ ਸਮਾਂ ਲਾ ਕੇ ਇਹ 230 ਫੁੱਟ ਲੰਮੀ ਸੁਰੰਗ ਪੁੱਟੀ। ਇਵਾਨਜੇਲਿਸਤਾ ਨੇ ਇਹ ਸੁਰੰਗ ਉਤਰੀ ਬਰਾਜੀਲ ਸਥਿਤ ਬੋਆ ਵਿਸਤਾ ਜੇਲ੍ਹ ਦੀ ਚਾਰਦੀਵਾਰੀ ਦੇ ਬਾਹਰ ਤੱਕ ਪੁੱਟ ਦਿੱਤੀ, ਪਰ ਜਦੋਂ ਉਸ ਨੇ ਇਸ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਆਕਸੀਜਨ ਦੀ ਕਮੀ ਕਾਰਨ ਉਸ ਦਾ ਸਾਹ ਘੁਟਣਾ ਸ਼ੁਰੂ ਹੋ ਗਿਆ। ਹਾਲਤ ਵਿਗੜਦੀ ਵੇਖ ਕੇ ਉਸ ਨੇ ਬਾਹਰ ਨਿਕਲਣ ਦੀ ਥਾਂ ਜੇਲ੍ਹ ‘ਚ ਬਣੇ ਆਪਣੇ ਕਮਰੇ ਵਿੱਚ ਵਾਪਸ ਜਾਣ ਦਾ ਫੈਸਲਾ ਕੀਤਾ। ਉਹ ਵਾਪਸ ਆ ਗਿਆ, ਪਰ ਥੋੜ੍ਹੀ ਦੇਰ ਬਾਅਦ ਉਸ ਦੀ ਸਿਹਤ ਖਰਾਬ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਤੇ ਪੁਲਸ ਨੂੰ ਉਸ ਦੀ ਯੋਜਨਾ ਦਾ ਪਤਾ ਲੱਗਾ। ਪ੍ਰਸ਼ਾਸਨ ਨੇ ਇਸ ਮਗਰੋਂ ਸੁਰੰਗ ਦਾ ਪਤਾ ਲਗਾਇਆ। ਕੈਦੀ ਇਸ ਸੁਰੰਗ ਤੋਂ ਜ਼ਮੀਨ ਦੇ ਹੇਠਾਂ ਜੇਲ੍ਹ ਦੀਆਂ ਮਜ਼ਬੂਤ ਕੰਧਾਂ ਤੋਂ ਇਲਾਵਾ ਬਿਜਲਈ ਤਾਰਾਂ ਵੀ ਪਾਰ ਕਰ ਚੁੱਕਾ ਸੀ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸੁਰੰਗ ਨੂੰ ਬਣਾਉਣ ਵਿੱਚ ਕਈ ਮਹੀਨਿਆਂ ਦਾ ਸਮਾਂ ਲੱਗਾ ਹੋਵੇਗਾ।