ਜੇਤੂ

-ਹਰਵਿੰਦਰ ਬਿਲਾਸਪੁਰ

‘ਪਾਪਾ, ਏ ਹੋ..। ਮੇਰਾ ਅੱਜ ਟਵੰਟੀ ਟਵੰਟੀ ਕ੍ਰਿਕਟ ਮੈਚ ਆਉਣਾ ਸੀ। ..ਤੇ ਤੁਸੀਂ ਟੀ ਵੀ ਦੀ ਕੇਬਲ ਹੀ ਪੁੱਟ ਕੇ ਰੱਖ ‘ਤੀ।’ ਥੱਲੇ ਖੜੀ ਪ੍ਰੀਤੀ ਨੇ ਕੋਠੇ ‘ਤੇ ਖੜੇ ਜਗਮੋਹਣ ਵੱਲ ਮੂੰਹ ਕਰਕੇ ਗੁੱਸੇ ਹੁੰਦਿਆਂ ਕਿਹਾ।
‘ਓਏ ਗੁੱਸੇ ਕਿਉਂ ਹੁੰਦੈ ਮੇਰਾ ਪੁੱਤ। ਚੱਲ ਅੱਜ ਆਵਦੇ ਤਾਇਆ ਜੀ ਦੇ ਘਰੇ ਵੇਖ ਲਵੀਂ ਮੈਚ। ਕੇਬਲ, ਉਸਾਰੀ ‘ਚ ਅੜਿੱਕਾ ਪਾਉਂਦੀ ਸੀ, ਏਸ ਕਰਕੇ ਲਾਹੀ ਐ,’ ਜਗਮੋਹਣ ਨੇ ਮੁਸਕਰਾਉਂਦਿਆਂ ਕਿਹਾ, ‘ਨਾਲੇ ਮੈਚ ਕਿੰਨੇ ਵਜੇ ਆਉਣੈ?’
“ਪਾਪਾ, ਮੈਚ ਤਾਂ ਸਕੂਲ ਟਾਈਮ ਤੋਂ ਬਾਅਦ ਈ ਆਉਣੈ,’ ਪ੍ਰੀਤੀ ਨੇ ਦੱਸਿਆ।
ਪ੍ਰੀਤੀ ਸੱਤਵੀਂ ਕਲਾਸ ਵਿੱਚ ਪੜ੍ਹਦੀ ਸੀ। ਇਕਲੌਤੀ ਔਲਾਦ ਹੋਣ ਕਾਰਨ ਉਹ ਘਰ ਵਿੱਚ ਸਭ ਦੀ ਲਾਡਲੀ ਸੀ। ਪੜ੍ਹਾਈ ਦੇ ਨਾਲ ਉਸ ਨੂੰ ਕ੍ਰਿਕਟ ਮੈਚ ਵੇਖਣ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਸੀ। ਕ੍ਰਿਕਟ ਮੈਚ ਭਾਵੇਂ ਅੱਧੀ ਰਾਤ ਨੂੰ ਹੁੰਦਾ, ਪ੍ਰੀਤੀ ਨੇ ਵੇਖਣਾ ਹੀ ਹੁੰਦਾ ਸੀ। ਕਈ ਵਾਰ ਜਗਮੋਹਣ ਟੋਕ ਵੀ ਦਿੰਦਾ ਸੀ ਕਿ ਕਿਸੇ ਚੀਜ਼ ਦੇ ਇੰਨਾ ਮਗਰ ਪੈਣਾ ਵੀ ਠੀਕ ਨਹੀਂ ਹੁੰਦਾ, ਪਰ ਪ੍ਰੀਤੀ ਜਿਵੇਂ ਕ੍ਰਿਕਟ ਮੈਚ ਵੇਖੇ ਬਿਨਾਂ ਰਹਿ ਨਹੀਂ ਸੀ ਸਕਦੀ। ਆਖਰ ਵੱਡਿਆਂ ਨੂੰ ਹੀ ਝੁਕਣਾ ਪੈਂਦਾ। ਜੇ ਭਾਰਤ ਮੈਚ ਜਿੱਤ ਜਾਂਦਾ ਤਾਂ ਉਸ ਤੋਂ ਖੁਸ਼ੀ ਸੰਭਾਲੀ ਨਾ ਜਾਂਦੀ, ਪਰ ਜੇ ਹਾਰ ਹੋ ਜਾਂਦੀ ਜਾਂ ਉਸ ਦਾ ਪਸੰਦੀਦਾ ਖਿਡਾਰੀ ਜਲਦੀ ਆਊਟ ਹੋ ਜਾਂਦਾ ਤਾਂ ਉਹ ਬਹੁਤ ਕਲਪਦੀ। ਉਸ ਦਾ ਚਿਹਰਾ ਕੁਮਲਾ ਜਾਂਦਾ। ਕਿੰਨਾ-ਕਿੰਨਾ ਚਿਰ ਉਦਾਸ ਰਹਿੰਦੀ। ਉਸ ਦੀ ਇਸ ਹਾਲਤ ਤੋਂ ਜਗਮੋਹਣ ਨੂੰ ਕਦੇ-ਕਦੇ ਡਰ ਲੱਗਣ ਲੱਗ ਜਾਂਦਾ। ਇਸ ਸਭ ਕੁਝ ਦੇ ਬਾਵਜੂਦ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ।
ਜਗਮੋਹਣ ਨੇ ਕੇਬਲ ਤਾਰ ਇਕੱਠੀ ਕਰਕੇ ਪਾਸੇ ਰੱਖ ਦਿੱਤੀ। ਅੱਜ ਮਿਸਤਰੀ ਨੇ ਚੁਬਾਰਾ ਪਾਉਣਾ ਸੀ। ਬਾਹਰਲੇ ਗੇਟ ਦੇ ਖੁੱਲ੍ਹਣ ਦੀ ਆਵਾਜ਼ ਨੇ ਉਸ ਦਾ ਧਿਆਨ ਭੰਗ ਕੀਤਾ। ਦੋਵੇਂ ਮਜ਼ਦੂਰ ਆ ਗਏ ਸਨ। ਉਨ੍ਹਾਂ ‘ਚੋਂ ਇਕ ਬੀਰਬਲ ਸੀ।
***
ਬੀਰਬਲ ਹੋਰਾਂ ਦੇ ਪਰਵਾਰ ਦੀ ਜਗਮੋਹਣ ਕਿਆਂ ਨਾਲ ਚਿਰਾਂ ਤੋਂ ਬਣਦੀ ਆਈ ਸੀ। ਪਹਿਲਾਂ ਬੀਰਬਲ ਦੇ ਪਿਓ ਕਰਨੈਲ ਸਿੰਘ ਨੇ ਸਾਰੀ ਉਮਰ ਉਨ੍ਹਾਂ ਨਾਲ ਸੀਰ ਕਮਾਇਆ। ਜਗਮੋਹਣ ਦਾ ਪਿਓ ਧਰਮ ਸਿਹੁੰ ਧਰਮੀ ਬੰਦਾ ਸੀ। ਉਸ ਨੇ ਕਦੇ ਕਰਨੈਲ ਸਿੰਘ ਨੂੰ ਕਿਸੇ ਗੱਲੋਂ ਥੁੜਨ ਨਹੀਂ ਦਿੱਤਾ ਸੀ ਤੇ ਨਾ ਕਦੇ ਮਾੜਾ ਬਚਨ ਬੋਲਿਆ। ਕਰਨੈਲ ਸਿੰਘ ਨੇ ਵੀ ਕਦੇ ਕੰਮ ਵੱਲੋਂ ਜਅ ਨਹੀਂ ਚੁਰਾਇਆ। ਇਸੇ ਤਰ੍ਹਾਂ ਹੱਡ ਭੰਨ੍ਹਵੀਂ ਮਿਹਨਤ ਕਰਦਿਆਂ ਉਸ ਨੇ ਜ਼ਿੰਦਗੀ ਬਤੀਤ ਕਰ ਲਈ ਸੀ।
ਉਸ ਦੇ ਤਿੰਨਾਂ ਮੁੰਡਿਆਂ ਤੇ ਦੋ ਕੁੜੀਆਂ ‘ਚੋ ਵੱਡਾ ਮੁੰਡਾ ਫੌਜ ਵਿੱਚ ਭਰਤੀ ਹੋ ਗਿਆ। ਕੁੜੀਆਂ ਦੇ ਵਿਆਹਾਂ ਪਿੱਛੋਂ ਉਹ ਆਪਣੇ ਟੱਬਰ ਨੂੰ ਲੈ ਕੇ ਅੱਡ ਹੋ ਗਿਆ। ਵਿਚਕਾਰਲਾ ਮੁੰਡਾ ਬੁਰੀ ਸੰਗਤ ਵਿੱਚ ਪੈ ਕੇ ਨਸ਼ੇ ਪੱਤੇ ਕਰਨ ਲੱਗਾ। ਘਰੋਂ ਬਾਹਰ ਗਿਆ ਕਈ-ਕਈ ਦਿਨ ਨਾ ਮੁੜਦਾ। ਘਰ ਆਉਂਦਾ ਤਾਂ ਲੜਨ ਦੇ ਬਹਾਨੇ ਭਾਲਦਾ। ਬਾਕੀ ਬਚਿਆ ਸੀ ਬੀਰਬਲ। ਘਰ ਦੇ ਹਾਲਾਤ ਕਾਰਨ ਬੀਰਬਲ ਨੂੰ ਨੌਵੀਂ ਕਲਾਸ ਵਿੱਚੋਂ ਪੜ੍ਹਨੋਂ ਹਟਣਾ ਪਿਆ ਤੇ ਘਰ ਦਾ ਤੋਰਾ ਤੋਰਨ ਲਈ ਦਿਹਾੜੀ ਦੱਪਾ ਕਰਨ ਲੱਗਾ। ਦੋ ਸਾਲ ਸ਼ੈਲਰ ‘ਤੇ ਲੱਗਾ ਰਿਹਾ। ਰਾਤ ਦੇ ਚੌਕੀਦਾਰੇ ਦੀ ਨੌਕਰੀ ਸੀ। ਸਾਲ ਕੁ ਪਹਿਲਾਂ ਵਿਆਹ ਤੋਂ ਬਾਅਦ ਉਹ ਨੌਕਰੀ ਵੀ ਛੱਡ ਦਿੱਤੀ। ਹੁਣ ਉਹ ਰਾਜ ਮਿਸਤਰੀ ਨਾਲ ਪੱਕਾ ਮਜ਼ਦੂਰ ਹੋ ਗਿਆ ਸੀ। ਇਸ ਤਰ੍ਹਾਂ ਦਿਹਾੜੀ ਵੀ ਕਦੇ ਟੁੱਟੀ ਨਹੀਂ ਸੀ, ਕਿਉਂਕਿ ਉਹ ਮਿਹਨਤੀ ਸੀ। ਉਹ ਉਮਰ ਵਿੱਚ ਜਗਮੋਹਣ ਤੋਂ ਸੱਤ ਅੱਠ ਸਾਲ ਛੋਟਾ ਸੀ। ਸਾਰਾ ਦਿਨ ਮਿਹਨਤ ਕਰਕੇ ਟੁੱਟੇ ਹੱਡਾਂ ਨੂੰ ਜੋੜਨ ਖਾਤਰ ਰੋਟੀ ਤੋਂ ਪਹਿਲਾਂ ਮਾੜੀ ਮੋਟੀ ਸ਼ਰਾਬ ਅੰਦਰ ਸੁੱਟ ਲੈਂਦਾ। ਇਸ ਬਾਰੇ ਜਗਮੋਹਣ ਨੇ ਕਦੇ ਉਸ ਨੂੰ ਟੋਕਿਆ ਨਹੀਂ ਸੀ, ਪਰ ਜਦੋਂ ਉਹ ਜਰਦਾ ਲਾਉਂਦਾ ਤਾਂ ਜਗਮੋਹਣ ਨੂੰ ਭੈੜਾ ਲੱਗਦਾ। ਉਸ ਨੇ ਬੀਰਬਲ ਨੂੰ ਬੜੀ ਵਾਰ ਟੋਕਿਆ ਵੀ, ਪਰ ਇਸ ਦਾ ਅਸਰ ਇੰਨਾ ਕੁ ਹੀ ਹੋਇਆ ਸੀ ਕਿ ਹੁਣ ਉਹ ਜਗਮੋਹਣ ਤੋਂ ਆਸੇ ਪਾਸੇ ਹੋ ਕੇ ਜਰਦਾ ਮਲ ਲੈਂਦਾ ਸੀ।
ਬੀਰਬਲ ਦਾ ਪਿਓ ਕਰਨੈਲ ਸਿੰਘ, ਜਿਸ ਨੂੰ ਸਾਰੇ ਕੈਲਾ ਆਖਦੇ ਸੀ, ਬੁਢਾਪੇ ਨੇ ਘੇਰ ਲਿਆ। ਉਸ ਦੀ ਪਤਨੀ ਵੀ ਗਠੀਏ ਤੋਂ ਪੀੜਤ ਸੀ, ਜਿਸ ਕਰਕੇ ਉਹ ਰੋਟੀ ਟੁੱਕ ਬੜਾ ਔਖਾ ਹੋ ਕੇ ਕਰਦੀ। ਪਿਛਲੇ ਸਾਲ ਇਕ ਦਿਨ ਕਰਨੈਲ ਸਿੰਘ ਨੇ ਜਗਮੋਹਣ ਨਾਲ ਬੀਰਬਲ ਦੇ ਵਿਆਹ ਦੀ ਗੱਲ ਕੀਤੀ। ਉਹ ਜਗਮੋਹਣ ਦਾ ਵੱਡਾ ਭਰਾ ਥੋੜ੍ਹਾ ਰੱਖੇ ਸੁਭਾਅ ਦਾ ਸੀ, ਪਰ ਜਗਮੋਹਣ ਦਾ ਮਤਾ ਤਾਂ ਬਿਲਕੁਲ ਧਰਮ ਸਿਹੰੁ ਵਾਲਾ ਸੀ। ਕਰਨੈਲ ਸਿੰਘ ਨੇ ਵਿਚਕਾਰਲੇ ਮੁੰਡੇ ਬਾਰੇ ਦੁੱਖ ਦੱਸਿਆ, ‘ਉਸ ਨੂੰ ਹੁਣ ਵਿਆਹ ਕੇ ਕੀ ਕਰਾਂਗੇ, ਗਏ ਗੁਜ਼ਰੇ ਨੂੰ ..ਕਿਉਂ ਬਿਗਾਨੀ ਧੀ ਨੂੰ ਖੂਹ ਵਿੱਚ ਸਿੱਟੀਏ। ਨਾਲੇ ਸਾਡੇ ਵੱਲੋਂ ਤਾਂ ਉਹ ਮਰ ਈ ਗਿਐ। ਤੇਰੇ ਨਾਲ ਗੱਲ ਕਰਨ ਆਇਆ ਸੀ ਬਈ ਆਪਾਂ ਬੀਰਬਲ ਦਾ ਵਿਆਹ ਕਰ ਦੇਈਏ।’
ਨਸ਼ੇੜੀ ਕੁਲਦੀਪ ਨੂੰ ਸਹੀ ਰਸਤੇ ‘ਤੇ ਲਿਆਉਣ ਲਈ ਜਗਮੋਹਣ ਨੇ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਸਨ, ਪਰ ਸਭ ਬੇਕਾਰ। ਹੁਣ ਤਾਂ ਉਹ ਇਸ ਰਸਤੇ ‘ਤੇ ਬਹੁਤ ਅਗਾਂਹ ਲੰਘ ਚੁੱਕਾ ਸੀ।
‘ਤੂੰ ਫਿਕਰ ਨਾ ਕਰ ਚਾਚਾ। ਉਹਦਾ ਤਾਂ ਹੁਣ ਇਉਂ ਐ ਬਈ ਆਪਾਂ ਬਥੇਰਾ ਜ਼ੋਰ ਲਾ ਲਿਆ। ਹੁਣ ਤਾਂ ਜੇ ਕੁਦਰਤੋਂ ਮਾਲਕ ਦੀ ਮਿਹਰ ਹੋ ਜਾਵੇ ਤਾਂ ਮੁੜ ਆਵੇ ਏਸ ਰਸਤਿਓਂ। ..ਚੱਲ ਛੱਡ ..ਉਹਦਾ ਝੋਰਾ ਨਾ ਕਰ ..ਤੁਸੀਂ ਬੀਰਬਲ ਵਾਸਤੇ ਕੋਈ ਰਿਸ਼ਤਾ ਲੱਭੋ। ਉਂਜ ਕਾਹਲੀ ਵੀ ਨਾ ਕਰਿਓ। ਕਾਹਲੀ ਅੱਗੇ ਵੀ ਟੋਏ ਈ ਹੁੰਦੇ ਐ।’ ਜਗਮੋਹਣ ਨੇ ਗੱਲ ਨਿਬੇੜੀ।
‘ਚੱਲ ਚੰਗਾ ..ਤੂੰ ਆਪ ਸਿਆਣਾ ਐ ..ਆਪਾਂ ਖਰਚਾ ਕੋਈ ਨ੍ਹੀਂ ਕਰਨਾ। ਚੁੰਨੀ ਚੜ੍ਹਾਵਾ ਕਰਕੇ ਲੈ ਆਵਾਂਗੇ। ਰਿਸ਼ਤਾ ਤਾਂ ਹੈਗਾ ਇਕ। ਅਗਾਂਹ ਦੀ ਅਗਾਂਹ ਰਿਸ਼ਤੇਦਾਰੀ ਆ। ਬੰਦੇ ਚੰਗੇ ਐ। ਮੇਰੇ ਪਰਖੇ ਐ। ਕੁੜੀ ਸੁਨੱਖੀ ਆ ਤੇ ਵੱਡੀ ਗੱਲ ਬਈ ਸੁਚੱਜੀ ਐ। ਘਰ ਦਾ ਚਾਘਾ ਚੱਕਣ ਵਾਲੀ ਐ..ਮੈਂ ਤੈਨੂੰ ਦੱਸੂੰ ਜਦੋਂ ਵੇਖਣ ਜਾਣਾ ਹੋਇਆ। ਤੁਸੀਂ ਦੋਵੇਂ ਜੀਅ ਨਾਲ ਚੱਲਿਓ..ਹਾਹੋ।’
‘ਠੀਕ ਐ ਚਾਚਾ, ਜਦੋਂ ਆਖੋਂ ਚੱਲੇ ਚੱਲਾਂਗੇ।’
ਰੰਗ ਭਾਵੇਂ ਬੀਰਬਲ ਦਾ ਕਣਕਵੰਨਾ ਹੀ ਸੀ, ਪਰ ਨੈਣ ਨਕਸ਼ ਤਿੱਖੇ ਸਨ। ਵਹੁਟੀ ਵੀ ਬਣਦੀ ਤਣਦੀ ਸੀ। ਅੱਠ ਕੁ ਜਮਾਤਾਂ ਪੜ੍ਹੀ ਸੀ, ਪਰ ਸ਼ਖਸੀਅਤ ਚੰਗੇ ਪੜ੍ਹਿਆਂ ਲਿਖਿਆਂ ਵਾਲੀ ਸੀ। ਬੋਲਚਾਲ ਦੀ ਤਮੀਜ਼ ਬਹੁਤ ਸੀ। ਪਰਵਾਰ ਦੀ ਸੇਵਾ ਤੇ ਇੱਜ਼ਤ ਕਰਦੀ ਸੀ। ਜਦੋਂ ਦੋਵੇਂ ਤਿਆਰ ਹੋ ਕੇ ਕਿਧਰੇ ਜਾਂਦੇ ਸਨ ਤਾਂ ਜੋੜੀ ਨੂੰ ਨਜ਼ਰਾਂ ਲੱਗਦੀਆਂ ਸਨ। ਵਹੁਟੀ ਨੂੰ ਆਪ ਚੰਗੇ ਲੀੜੇ ਕੱਪੜੇ ਪਾਉਣ ਦਾ ਸ਼ੌਕ ਹੀ ਸੀ, ਉਸ ਨੇ ਬੀਰਬਲ ਨੂੰ ਵੀ ਨਿਖਾਰ ਦਿੱਤਾ। ਪਿੱਛੇ ਜਿਹੇ ਬੀਰਬਲ ਦੱਸਦਾ ਸੀ ਕਿ ਉਸ ਦੀ ਵਹੁਟੀ ਨੇ ਉਸ ਵਾਸਤੇ ਆਪ ਆਪਣੀ ਪਸੰਦ ਦੀਆਂ ਜੀਨ ਦੀਆਂ ਪੈਂਟਾਂ ਤੇ ਕਮੀਜ਼ਾਂ ਖਰੀਦੀਆਂ ਸਨ।
ਹੁਣ ਜਦੋਂ ਚੁਬਾਰਾ ਪਾਉਣ ਦੀ ਗੱਲ ਚੱਲੀ ਤਾਂ ਜਗਮੋਹਣ ਨੇ ਬੀਰਬਲ ਨੂੰ ਮਿਸਤਰੀ ਨਾਲ ਗੱਲ ਕਰਨ ਲਈ ਕਹਿ ਦਿੱਤਾ ਸੀ। ਪਿਛਲੇ ਮਹੀਨੇ ਘਰ ਦੇ ਨਾਲ ਲੱਗਦਾ ਦਸ ਮਰਲੇ ਥਾਂ ਵੀ ਠੀਕ ਭਾਅ ਵਿੱਚ ਮਿਲ ਗਿਆ ਸੀ, ਭਾਵੇਂ ਉਸ ਵਿੱਚ ਭਰਤ ਵਾਹਵਾ ਪੈਂਦੀ ਸੀ। ਅੱਜ ਭਰਤ ਪਾਉਣ ਵਾਲਿਆਂ ਨੇ ਆਉਣਾ ਸੀ। ਸੋ ਚਾਰ ਹੋਰ ਮਜ਼ਦੂਰ ਵੀ ਆਉਣ ਵਾਲੇ ਸਨ। ਮਜ਼ਦੂਰਾਂ ਮਿਸਤਰੀਆਂ ਦੀ ਰੋਟੀ ਪਾਣੀ, ਚਾਹ ਆਦਿ ਦਾ ਕੰਮ ਵਾਹਵਾ ਹੋ ਜਾਣਾ ਸੀ। ਇਸ ਲਈ ਜਗਮੋਹਣ ਦੀ ਪਤਨੀ ਨੇ ਰਸੋਈ ਦੇ ਕੰਮ ਵਿੱਚ ਸਹਾਇਤਾ ਕਰਵਾਉਣ ਲਈ ਬੀਰਬਲ ਦੀ ਪਤਨੀ ਨੂੰ ਵੀ ਕਹਿ ਦਿੱਤਾ ਸੀ।
***
ਜੁਲਾਈ ਦਾ ਮਹੀਨਾ ਸੀ। ਦਮ ਘੁੱਟਵੀਂ ਗਰਮੀ ਸੀ। ਸਵੇਰੇ ਜਗਮੋਹਣ ਨੇ ਭਰਤ ਪਾਉਣ ਵਾਲੇ ਮਜ਼ਦੂਰਾਂ ਨੂੰ ਨਾਲ ਲਾ ਕੇ ਇੱਟਾਂ ਛੱਤ ਉਪਰ ਪਹੁੰਚਦੀਆਂ ਕਰ ਦਿੱਤੀਆਂ, ਦੁਪਹਿਰ ਤੱਕ ਉਹ ਸਾਰੀਆਂ ਚਿਣੀਆਂ ਗਈਆਂ ਸਨ। ਹੁਣ ਭਰਤ ਪਾਉਣ ਵਾਲੇ ਮਜ਼ਦੂਰ ਆਪਣੇ ਕੰਮ ਲੱਗੇ ਹੋਏ ਸਨ। ਇੱਟਾਂ ਦੀ ਉਪਰ ਲੋੜ ਸੀ। ਥੱਲੇ ਖੜੇ ਜਗਮੋਹਣ ਨੇ ਬੀਰਬਲ ਨਾਲ ਨਜ਼ਰਾਂ ਮਿਲਾਈਆਂ।
‘ਥੋਡੇ ‘ਚੋਂ ਇਕ ਜਣਾ ਆ ਜੋ ਥੱਲੇ ਤੇ ਇਕ ਜਣਾ ਉਤੇ ਈ ਰਹੋ।’
ਤੇ ਫਿਰ ਮਿਸਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ, ‘ਤੁਸੀਂ ਵੀ ਕਰਾਓ ਮਾੜੀ ਜੀ ਮਦਦ। ਮੈਂ ਤੇ ਬੀਰਬਲ ਹੇਠੋਂ ਇੱਟਾਂ ਚਲਾਉਂਦੇ ਆਂ, ਤੁਸੀਂ ਬੋਚੀ ਚੱਲਿਓ। ਅੱਜ ਦੀ ਲੋੜ ਜੋਗੀਆਂ ਇਕੋ ਵਾਰ ਈ ਚੜ੍ਹਾ ਲੈਂਦੇ ਆਂ।’
ਤੇ ਫਿਰ ਮੁਸਕਰਾਉਂਦਿਆਂ ਕਿਹਾ, ‘ਘਰ ਦੇ ਬੰਦੇ ਦਾ ਇਹੀ ਤਾਂ ਸੁਖ ਹੁੰਦੈ, ਜਿਥੇ ਮਰਜ਼ੀ ਕੰਮ ਲੈ ਲਵੋ।’
ਜਗਮੋਹਣ ਤੇ ਬੀਰਬਲ ਥੱਲਿਓਂ ਇੱਟਾਂ ਚਲਾਵੀਆਂ ਫੜਾਉਣ ਲੱਗ ਪਏ। ਮਿਸਤਰੀ ਤੇ ਦੂਜਾ ਮਜ਼ਦੂਰ ਇੱਟਾਂ ਫੜ-ਫੜ ਪਾਸੇ ਰੱਖੀਂ ਗਏ। ਉਤੋਂ ਗਰਮੀ ਨੇ ਵੀ ਜਿਵੇਂ ਅਤਿ ਕੀਤੀ ਹੋਈ ਸੀ। ਥੋੜ੍ਹੇ ਜਿਹੇ ਜ਼ੋਰ ਦੇ ਕੰਮ ਨਾਲ ਹੀ ਦਮ ਉਖੜਦਾ ਸੀ। ਉਂਜ ਵੀ ਥੱਲਿਓਂ ਛੱਤ ਵੱਲ ਨੂੰ ਇੱਟਾਂ ਚਲਾਉਣ ਦਾ ਕੰਮ ਕਾਫੀ ਜ਼ੋਰ ਵਾਲਾ ਹੁੰਦਾ ਹੈ।
ਜਗਮੋਹਣ ਦੀ ਪਤਨੀ ਅਤੇ ਬੀਰਬਲ ਦੀ ਪਤਨੀ ਜੋਤ ਗੱਲਾਂ ਕਰਦੀਆਂ ਉਨ੍ਹਾਂ ਦੇ ਕੋਲ ਦੀ ਲੰਘ ਕੇ ਰਸੋਈ ਵਿੱਚ ਚਲੀਆਂ ਗਈਆਂ। ਉਹ ਗੱਲਾਂ ਭਾਵੇਂ ਹੌਲੀ ਆਵਾਜ਼ ਵਿੱਚ ਕਰ ਰਹੀਆਂ ਸਨ, ਫਿਰ ਵੀ ਜਗਮੋਹਣ ਨੂੰ ਜੋਤ ਦੀ ਕਹੀ ਗੱਲ ਸੁਣ ਗਈ। ਉਹ ਉਸ ਦੀ ਪਤਨੀ ਨੂੰ ਕਹਿ ਰਹੀ ਸੀ, ‘ਲੈ ਬੀਬੀ, ਭਾਅ ਜੀ ਨੇ ਕਾਹਨੂੰ ਲੱਗਣਾ ਸੀ ਇੱਟਾਂ ਫੜਾਉਣ! ਇਨ੍ਹਾਂ ਨੇ ਕਿਹੜਾ ਕਦੇ ਜੋਰ ਦਾ ਕੰਮ ਕੀਤਾ ਹੋਣੈ। ਦਫਤਰੀ ਬਾਬੂ ਤਾਂ ਸੋਹਲ ਵੀ ਹੁੰਦੇ ਐ।’ ਉਹ ਗੱਲ ਕਰਦੀ-ਕਰਦੀ ਬੀਰਬਲ ਦੇ ਮਿਹਨਤੀ ਜੁੱਸੇ ਨੂੰ ਨਿਹਾਰਦੀ ਵੀ ਗਈ। ਰਸੋਈ ਦੀ ਬਾਰੀ ਇਸੇ ਪਾਸੇ ਖੁੱਲ੍ਹਦੀ ਸੀ। ਜੋਤ ਵਿੱਚ-ਵਿੱਚ ਦੀ ਬਾਰੀ ਥਾਣੀ ਬੀਰਬਲ ਵੱਲ ਮਾਣ ਭਰੀਆਂ ਨਜ਼ਰਾਂ ਨਾਲ ਤੱਕ ਲੈਂਦੀ ਸੀ।
ਕੰਮ ਵਾਕਈ ਔਖਾ ਸੀ, ਪਰ ਜਗਮੋਹਣ ਤੋਂ ਬਾਹਰਾ ਨਹੀਂ ਸੀ। ਦਰਅਸਲ, ਉਹ ਆਪਣੇ ਸਰੀਰ ਦਾ ਪੂਰਾ ਖਿਆਲ ਰੱਖਦਾ ਸੀ। ਡਿਊਟੀ ਤੋਂ ਬਾਅਦ ਆਥਣੇ ਜਿੰਮ ਜਾਣਾ ਉਸ ਦਾ ਨਿਤਨੇਮ ਸੀ। ਖੈਰ ਜੇ ਮੌਸਮ ਠੀਕ ਹੁੰਦਾ ਤਾਂ ਸੌਖ ਰਹਿਣੀ ਸੀ, ਪਰ ਗਰਮੀ ਕਾਰਨ ਦੋਵੇਂ ਜਣੇ ਮੁੜ੍ਹਕੋ ਮੁੜ੍ਹਕੀ ਹੋਏ ਪਏ ਸਨ। ਝੁਕ ਕੇ ਇੱਟ ਚੁੱਕਣੀ ਤੇ ਫਿਰ ਛੱਤ ਵੱਲ ਚਲਾਉਣ ਵਾਸਤੇ ਡੌਲਿਆਂ ਵਿੱਚ ਜ਼ੋਰ ਚਾਹੀਦਾ ਹੈ। ਦੋਵੇਂ ਜਣੇ ਇਕ ਵਾਰ ਪਾਣੀ ਪੀਣ ਲਈ ਰੁਕੇ। ਦੁਬਾਰਾ ਫਿਰ ਜੁਟ ਗਏ।
ਜੋਤ ਰਸੋਈ ਵਿੱਚ ਕੰਮ ਕਰ ਰਹੀ ਸੀ। ਨਾਲ-ਨਾਲ ਉਸ ਦੀ ਮਾਣਮੱਤੀ ਨਿਗਾਹ ਬਾਰੀ ਥਾਣੀ ਆਪਣੇ ਪਤੀ ਦੇ ਮੁੜ੍ਹਕੋ ਮੁੜ੍ਹਕੀ ਹੋਏ ਜੁੱਸੇ ਨੂੰ ਵੀ ਨਿਹਾਰ ਰਹੀ ਸੀ। ਕਦੇ-ਕਦੇ ਉਹ ਜਗਮੋਹਣ ਵੱਲ ਵੀ ਤਰਸ ਭਰੀਆਂ ਨਜ਼ਰਾਂ ਨਾਲ ਵੇਖ ਲੈਂਦੀ ਸੀ। ਇਸ ਗੱਲ ਨੂੰ ਜਗਮੋਹਣ ਵੀ ਤਾੜ ਗਿਆ। ਮਨ ਹੀ ਮਨ ਉਹ ਜੋਤ ਦੇ ਭੋਲੇਪਣ ‘ਤੇ ਹੱਸ ਰਿਹਾ ਸੀ। ਜੋਤ ਨੂੰ ਕੀ ਪਤਾ ਸੀ ਕਿ ਇੰਨੇ ਕੁ ਜ਼ੋਰ ਦਾ ਕੰਮ ਤਾਂ ਉਹ ਆਥਣ ਸਵੇਰ ਕਰਦਾ ਹੀ ਸੀ। ਉਸ ਨੇ ਆਪਣੀ ਚਾਲ ਮੱਠੀ ਨਾ ਪੈਣ ਦਿੱਤੀ। ਜੋਤ ਹੁਣ ਆਪਣੇ ਪਤੀ ਵੱਲ ਘੱਟ ਤੇ ਜਗਮੋਹਣ ਵੱਲ ਵੱਧ ਵੇਖਣ ਲੱਗ ਪਈ ਸੀ। ਸ਼ਾਇਦ ਸੋਚ ਰਹੀ ਸੀ ਕਿ ਹੁਣ ਤੱਕ ਤਾਂ ਭਾਅ ਜੀ ਦੀ ‘ਬੱਸ’ ਹੋ ਜਾਣੀ ਚਾਹੀਦੀ ਸੀ।
ਜੋਤ ਨੇ ਵੇਖਿਆ, ਬੀਰਬਲ ਆਪਣੇ ਮੱਥੇ ਤੋਂ ਚੋਂਦਾ ਮੁੜ੍ਹਕਾ ਉਂਗਲ ਨਾਲ ਪੂੰਝ ਰਿਹਾ ਸੀ। ਜੋਤ ਦੀਆਂ ਅੱਖਾਂ ਵਿੱਚ ਬੇਚੈਨੀ ਵਧਣ ਲੱਗੀ। ਬੀਰਬਲ ਫਿਰ ਕੰਮ ਵਿੱਚ ਜੁਟ ਗਿਆ, ਪਰ ਉਸ ਦੀ ਚਾਲ ਪਹਿਲਾਂ ਨਾਲੋਂ ਮੱਠੀ ਹੋ ਗਈ ਸੀ।
‘ਖਿੱਚੀ ਚੱਲ ਕੰਮ ਇਕੇਰਾਂ..।’ ਜਗਮੋਹਣ ਨੇ ਕੁਝ ਜੋਤ ਨੂੰ ਚਿੜਾਉਣ ਖਾਤਰ ਬੀਰਬਲ ਨੂੰ ਵੇਖ ਕੇ ਲਲਕਾਰਾ ਜਿਹਾ ਮਾਰਿਆ। ਬੀਰਬਲ ਇਕੇਰਾਂ ਭਮੰਤਰ ਗਿਆ। ਫਿਰ ਤੇੜੀ ਨਾਲ ਇੱਟਾਂ ਫੜਾਉਣ ਲੱਗਿਆ, ਪਰ ਹੌਲੀ-ਹੌਲੀ ਬੀਰਬਲ ਦਾ ਦਮ ਪੁੱਟਿਆ ਜਾ ਰਿਹਾ ਸੀ। ਉਸ ਨੇ ਜਰਦੇ ਵਾਲੇ ਥੁੱਕ ਦੀ ਪਿਚਕਾਰੀ ਜਿਹੀ ਸੁੱਟੀ। ਭਾਵੇਂ ਸਰੀਰ ਪੋਲਾ ਨਹੀਂ ਸੀ, ਪਰ ਅਤਿ ਦੀ ਗਰਮੀ ਅਤੇ ਕੁਝ ਪੌਸ਼ਟਿਕ ਖੁਰਾਕ ਦੀ ਘਾਟ ਕਰਕੇ ਜ਼ੋਰ ਦੇ ਮਾਮਲੇ ਵਿੱਚ ਜਗਮੋਹਣ ਨਾਲੋਂ ਉਨੀ ਹੀ ਸੀ।
ਬੀਰਬਲ ਦੀਆਂ ਲੱਤਾਂ ਕੰਬਣ ਲੱਗੀਆਂ। ਉਧਰ ਇਹ ਵੇਖ ਕੇ ਜੋਤ ਦੀ ਬੇਚੈਨੀ ਵਧਦੀ ਗਈ। ਜਗਮੋਹਣ ਨੂੰ ਬਿਨਾਂ ਦਮ ਉਖੜੇ ਕੰਮ ਕਰਦਾ ਵੇਖ ਉਸ ਦਾ ਮੂੰਹ ਹੋਰ ਮਸੋਸਿਆ ਗਿਆ। ਜਗਮੋਹਨ ਅਜਿਹੀਆਂ ਸਥਿਤੀਆਂ ਨੂੰ ਆਪਣੇ ‘ਤੇ ਭਾਰੂ ਨਹੀਂ ਹੋਣ ਦਿੰਦਾ ਸੀ, ਫਿਰ ਵੀ ਪਤਾ ਨਹੀਂ ਕਿਉਂ ਉਸ ਦੇ ਮਨ ਦੇ ਕਿਸੇ ਕੋਨੇ ਜਿੱਤ ਦਾ ਅਹਿਸਾਸ ਹੋ ਰਿਹਾ ਸੀ।
ਇੰਨੇ ਨੂੰ ਬਾਹਰਲਾ ਗੇਟ ਖੁੱਲ੍ਹਣ ਦੀ ਆਵਾਜ਼ ਆਈ। ਜਗਮੋਹਣ ਨੇ ਮੁੜ ਕੇ ਵੇਖਿਆ। ਪ੍ਰੀਤੀ ਮੂੰਹ ਲਟਕਾਈ ਅੰਦਰ ਦਾਖਲ ਹੋ ਰਹੀ ਸੀ। ਰੋਣਹਾਕੀ ਹੋਈ ਆਪਣੇ ਕਮਰੇ ਵੱਲ ਚਲੀ ਗਈ। ਜਗਮੋਹਣ ਦਾ ਕਾਲਜਾ ਮੂੰਹ ਨੂੰ ਆ ਗਿਆ। ਉਸ ਨੂੰ ਪਤਾ ਸੀ ਕਿ ਪ੍ਰੀਤੀ ਦੀ ਇਹ ਹਾਲਤ ਇਸ ਕਰਕੇ ਹੋਈ ਹੋਵੇਗੀ ਕਿਉਂਕਿ ਉਸ ਦਾ ਮਨਪਸੰਦ ਖਿਡਾਰੀ ਜਲਦੀ ਆਊਟ ਹੋ ਗਿਆ ਹੋਵੇਗਾ। ਨਿਗਾਹ ਘੁਮਾਉਂਦਿਆਂ ਹੀ ਬਾਰੀ ਥਾਣੀ ਉਸ ਦੀ ਨਜ਼ਰ ਜੋਤ ਦੇ ਕੁਮਲਾਏ ਮੂੰਹ ‘ਤੇ ਪਈ ਜੋ ਉਦਾਸ ਨਜ਼ਰਾਂ ਨਾਲ ਆਪਣੇ ਪਤੀ ਦੀਆਂ ਕੰਬਦੀਆਂ ਲੱਤਾਂ ਵੱਲ ਇਕਟਕ ਵੇਖੀ ਜਾ ਰਹੀ ਸੀ। ਪ੍ਰੀਤੀ ਦਾ ਰੋਣਹਾਕਾ ਮੂੰਹ ਫਿਰ ਉਸ ਦੀਆਂ ਅੱਖਾਂ ਅੱਗੇ ਘੁੰਮ ਗਿਆ।
ਉਹ ਹੰਭਿਆ ਨਹੀਂ ਸੀ, ਪਰ ਉਸ ਨੇ ਜਾਣ ਬੁੱਝ ਕੇ ਹੌਂਕਣੀ ਚੜ੍ਹਾ ਲਈ। ਫਿਰ ਕੰਮ ਬੰਦ ਕਰਕੇ ਝੁਕ ਕੇ ਦੋਵੇਂ ਹੱਥ ਆਪਣੇ ਗੋਡਿਆਂ ਉਪਰ ਰੱਖ ਲਏ ਤੇ ਲੰਮੇ-ਲੰਮੇ ਸਾਹ ਲੈਣ ਲੱਗਾ। ਉਸ ਨੇ ਮੱਥੇ ਉਤੋਂ ਮੁੜ੍ਹਕਾ ਪੂੰਝਦੇ ਹੋਏ ਜੋਤ ਨੂੰ ਸੁਣਾ ਕੇ ਕਿਹਾ, ‘ਬਸ ਬੀਰਬਲ, ਮੇਰੀ ਤਾਂ ਜਾਨ ਨਿਕਲ ਗਈ ਇੰਨੇ ਕੁ ਕੰਮ ਨਾਲ..ਓ ਹੋ ਹੋ ਹੋ..ਬੀਰਬਲ ਸਿਹੁੰ ਥੋਡੀ ਮਿਹਨਤ ਨੂੰ ਸਲਾਮ ਐ ਬਈ। ਥੋਡੇ ਸਰੀਰ ਤਾਂ ਲੋਹੇ ਦੀ ਲੱਠ ਬਣੇ ਪਏ ਐ ਕੰਮ ਕਰ ਕਰਕੇ।’
ਰਸੋਈ ਵਿੱਚ ਕੰਮ ਕਰਦੀ ਜੋਤ ਦੇ ਚਿਹਰੇ ਉਪਰ ਜੇਤੂ ਹੋਣ ਦੇ ਅਹਿਸਾਸ ਦੀ ਲਾਲੀ ਫਿਰ ਗਈ।