ਜੂਨ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੀਸੀ ਪਾਰਟੀ ਨੇ ਨਵੀਂ ਕੈਂਪੇਨ ਦੀ ਕੀਤੀ ਸ਼ੁਰੂਆਤ


ਨਵੀਂ ਬੱਸ ਨਾਲ ਫੋਰਡ ਕਰਨਗੇ ਓਨਟਾਰੀਓ ਭਰ ਦਾ ਦੌਰਾ
ਓਨਟਾਰੀਓ, 15 ਅਪਰੈਲ (ਪੋਸਟ ਬਿਊਰੋ) : ਪੀਸੀ ਆਗੂ ਡੱਗ ਫੋਰਡ ਨੇ ਆਖਿਆ ਕਿ ਅੱਜ ਦਾ ਦਿਨ ਬਹੁਤੀ ਹੀ ਵਧੀਆ ਹੈ। ਨਾ ਸਿਰਫ ਸਾਡੇ ਲਈ ਸਗੋਂ ਸਾਡੀ ਟੀਮ ਲਈ ਤੇ ਓਨਟਾਰੀਓ ਵਿੱਚ ਹਰ ਕਿਸੇ ਲਈ ਇਹ ਦਿਨ ਚੰਗਾ ਹੈ ਕਿਉਂਕਿ ਅੱਜ ਅਸੀਂ ਆਪਣੀ ਨਵੀਂ ਕੈਂਪੇਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਆਪਣੀ ਕੈਂਪੇਨ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਜਾ ਰਹੇ ਹਾਂ।
ਓਨਟਾਰੀਓ ਦੇ ਲੋਕ ਅਸਲ ਤਬਦੀਲੀ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹ ਅਜਿਹੀ ਸਰਕਾਰ ਲਿਆਉਣੀ ਚਾਹੁੰਦੇ ਹਨ ਜਿਹੜੀ ਲੋਕਾਂ ਲਈ ਹੋਵੇ। ਰਲ ਕੇ ਅਸੀਂ ਇਹੋ ਕੁੱਝ ਓਨਟਾਰੀਓ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ। ਫੋਰਡ ਨੇ ਆਖਿਆ ਕਿ ਓਨਟਾਰੀਓ ਨੂੰ ਦਰਪੇਸ਼ ਸਮੱਸਿਆ ਬਹੁਤ ਹੀ ਸਾਧਾਰਨ ਹੈ। ਤੁਸੀਂ ਪਹਿਲਾਂ ਨਾਲੋਂ ਕਿਤੇ ਜਿ਼ਆਦਾ ਸਖਤ ਮਿਹਨਤ ਕਰ ਰਹੇ ਹੋਂ। ਇਸ ਦੇ ਨਾਲ ਹੀ ਤੁਸੀਂ ਪਹਿਲਾਂ ਨਾਲੋਂ ਕਿਤੇ ਵੱਧ ਟੈਕਸ ਵੀ ਅਦਾ ਕਰ ਰਹੇ ਹੋਂ। ਪਰ ਫਿਰ ਵੀ ਕੈਥਲੀਨ ਵਿੰਨ ਤੇ ਉਨ੍ਹਾਂ ਦੀ ਲਿਬਰਲ ਸਰਕਾਰ ਤੁਹਾਡੇ ਵੱਲੋਂ ਸਖਤ ਮਿਹਨਤ ਨਾਲ ਕੀਤੀ ਕਮਾਈ ਨੂੰ ਬਰਬਾਦ ਕਰ ਰਹੀ ਹੈ। ਉਹ ਤੁਹਾਡੇ ਪੈਸੇ ਨੂੰ ਅਮੀਰਾਂ ਤੇ ਆਪਣੇ ਚਹੇਤਿਆਂ ਵੱਲੋਂ ਕੀਤੇ ਘਪਲਿਆਂ ਤੇ ਗਲਤ ਸਕੀਮਾਂ ਉੱਤੇ ਖਰਚ ਕਰ ਰਹੀ ਹੈ।
ਫੋਰਡ ਨੇ ਆਖਿਆ ਕਿ ਉਹ ਕੈਥਲੀਨ ਵਿੰਨ ਨਾਲ ਬਹਿਸ ਕਰਨ ਲਈ ਤਿਆਰ ਹਨ। ਉਨ੍ਹਾਂ ਆਖਿਆ ਕਿ ਉਹ ਉਸ ਨੂੰ ਜਵਾਬਦੇਹ ਬਣਾਉਣਗੇ। ਇਸ ਦੇ ਨਾਲ ਹੀ ਉਸ ਨੂੰ ਆਪਣੀ ਸਰਕਾਰ ਦੇ ਰਿਕਾਰਡ ਲਈ ਵੀ ਜਵਾਬ ਦੇਣਾ ਹੋਵੇਗਾ। ਕੈਥਲੀਨ ਵਿੰਨ ਦੁਬਾਰਾ ਚੁਣੇ ਜਾਣ ਲਈ ਕੁੱਝ ਵੀ ਆਖ ਤੇ ਕਰ ਸਕਦੀ ਹੈ। ਉਹ ਤੁਹਾਡੇ ਹੀ ਪੈਸੇ ਨੂੰ ਤੁਹਾਡੀ ਵੋਟ ਖਰੀਦਣ ਲਈ ਵਰਤ ਸਕਦੀ ਹੈ। ਪਰ ਲੋਕ ਵੀ ਹੁਣ ਉਸ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਤੇ ਉਹ ਕਿਸੇ ਨੂੰ ਅਸਾਨੀ ਨਾਲ ਮੂਰਖ ਨਹੀਂ ਬਣਾ ਸਕਦੀ।
ਅੱਜ ਅਸੀਂ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। ਕੈਥਲੀਨ ਵਿੰਨ ਟੈਕਸਦਾਤਾਵਾਂ ਦੇ ਪੈਸੇ ਦੇ ਦਮ ਉੱਤੇ ਕੈਂਪੇਨਿੰਗ ਕਰ ਰਹੀ ਹੈ। ਉਹ ਅਜਿਹੇ ਚੈੱਕਾਂ ਉੱਤੇ ਦਸਤਖ਼ਤ ਕਰ ਰਹੀ ਹੈ ਜਿਨ੍ਹਾਂ ਦਾ ਬਾਊਂਸ ਹੋਣਾ ਤੈਅ ਹੈ। ਪਰ ਘਬਰਾਓ ਨਾ, ਤੁਹਾਡੇ ਲਈ ਮਦਦ ਆ ਰਹੀ ਹੈ।
8 ਜੂਨ ਨੂੰ ਟੈਕਸਦਾਤਾਵਾਂ ਦੇ ਪੈਸੇ ਦੇ ਸਿਰ ਉੱਤੇ ਫੜ੍ਹਾਂ ਮਾਰਨ ਵਾਲੀ ਪਾਰਟੀ ਕਿਤੇ ਨਜ਼ਰ ਵੀ ਨਹੀਂ ਆਵੇਗੀ। ਅਸੀਂ ਉਨ੍ਹਾਂ ਵੱਲੋਂ ਪਾਏ ਗੰਦ ਨੂੰ ਸਾਫ ਕਰਾਂਗੇ। ਅਸੀਂ ਭ੍ਰਿਸ਼ਟ, ਸਮਾਂ ਵਿਹਾਅ ਚੁੱਕੀ ਲਿਬਰਲ ਸਰਕਾਰ ਦੀ ਗੰਦਗੀ ਹੂੰਝ ਦੇਵਾਂਗੇ। ਫੋਰਡ ਨੇ ਆਖਿਆ ਕਿ ਉਹ ਪ੍ਰੋਵਿੰਸ ਦੇ ਹਰੇਕ ਖੂੰਜੇ ਵਿੱਚ ਜਾ ਕੇ ਆਏ ਹਨ ਤੇ ਉਨ੍ਹਾਂ ਨੂੰ ਇਹੋ ਸੁਣਨ ਨੂੰ ਮਿਲਿਆ ਹੈ ਕਿ ਲੋਕ ਵਿੰਨ ਸਰਕਾਰ ਤੋਂ ਅੱਕ ਚੁੱਕੇ ਹਨ। ਤੁਸੀਂ ਸਾਰੇ ਤਬਦੀਲੀ ਲਈ ਤਿਆਰ ਹੋਂ। ਅਸੀਂ ਇਹੋ ਤਬਦੀਲੀ ਲਿਆਵਾਂਗੇ। ਅਸੀਂ ਸੂਬੇ ਨੂੰ ਖੁਸਹਾਲ ਬਣਾਵਾਂਗੇ ਤੇ ਸਾਰਿਆਂ ਲਈ ਨਵੇਂ ਮੌਕੇ ਮੁਹੱਈਆ ਕਰਾਵਾਂਗੇ। ਫੋਰਡ ਨੇ ਆਖਿਆ ਕਿ ਜੇ ਉਹ ਕਿਸੇ ਦੀ ਹੋਮਟਾਊਨ ਵਿੱਚ ਅਜੇ ਤੱਕ ਗੇੜਾ ਨਹੀਂ ਮਾਰ ਸਕੇ ਤਾਂ ਉਹ ਉਸ ਉੱਤੇ ਕੰਮ ਕਰ ਰਹੇ ਹਨ। ਉਹ ਇਸ ਬੱਸ ਨੂੰ ਓਨਟਾਰੀਓ ਦੇ ਹਰੇਕ ਕੋਨੇ ਵਿੱਚ ਲਿਜਾਣਗੇ ਤੇ ਤੁਹਾਡੇ ਦਿਲ ਦੀ ਗੱਲ ਨੇੜੇ ਹੋ ਕੇ ਸੁਣਨਗੇ। ਉਨ੍ਹਾਂ ਆਖਿਆ ਕਿ ਉਹ ਹਰੇਕ ਆਮ ਆਦਮੀ ਦੀ ਜਿੰ਼ਦਗੀ ਸੁਖਾਲੀ ਬਣਾਉਣ ਲਈ ਦਿਨ ਰਾਤ ਮਿਹਨਤ ਕਰਨਗੇ।