ਜੁੱਸੇ ਤੇ ਸਿਆਣਪ ਦਾ ਟਕਰਾਅ

-ਗੱਜਣਵਾਲਾ ਸੁਖਮਿੰਦਰ ਸਿੰਘ
ਵਿਆਹ ਸ਼ਾਦੀਆਂ ਦਾ ਦਿਨ ਸ਼ੋਰ ਅਤੇ ਸ਼ਰਾਬ ਦਾ ਮਿਸ਼ਰਣ ਬਣ ਕੇ ਰਹਿ ਗਿਆ ਹੈ। ਪਿਛਲੇ ਦਿਨੀਂ ਪਟਿਆਲਾ ਲਾਗੇ ਇਕ ਵਿਆਹ ਪਾਰਟੀ ਵਿੱਚ ਜਾਣ ਦਾ ਮੌਕਾ ਮਿਲਿਆ। ਮਾਘ ਮਹੀਨੇ ਦੀ ਕੋਸੀ-ਕੋਸੀ ਧੁੱਪ ਅਤੇ ਪਿਆਰਾ ਮੌਸਮ। ਦਿਨ ਵੀ ਖਿੜੇ ਨਰਮੇ ਦੇ ਖੇਤ ਵਰਗਾ। ਸੂਟਾਂ ਬੂਟਾਂ ਵਿੱਚ ਟਹਿਕਦੇ ਚਿਹਰੇ ਤੇ ਦੁਆ ਪਾਣੀ ਘੁੰਮ ਰਿਹਾ ਸੀ। ਮਹਿਮਾਨਾਂ ਦਾ ਜਮਾਵੜਾ ਦੋ ਵਰਗਾਂ ਵਿੱਚ ਤਕਸੀਮ ਹੋ ਚੁੱਲਾ ਸੀ। ਇਕ ਪਾਸੇ ਸੋਫਿਆਂ ਕੁਰਸੀਆਂ ਉਤੇ ਬਿਰਾਜਮਾਨ ਬੁੱਧੀਜੀਵੀ, ਦਾਨਿਸ਼ਵਰ, ਸੁਚੇਤ ਵਰਗ ਸੀ। ਇਸ ਦੇ ਵਿਪਰੀਤ ਦੂਜਾ ਵਰਗ ਬਹੁਤ ਹੀ ਨਾਬਰ ਸੀ, ਖੌਲਦਾ ਉਬਾਲੇ ਖਾਂਦਾ ਨਵਾਂ ਖੂਨ। ਇਨ੍ਹਾਂ ਕੋਲ ਰਕਬਾ ਤਾਂ ਥੋੜ੍ਹਾ ਸੀ, ਪਰ ਇਨ੍ਹਾਂ ਦੀ ਧਮਕ ਸਦਕੇ ਉਮਰਾਂ (ਜੁਆਨੀਆਂ) ਵਿਹਾ ਚੁੱਕੇ ਪਹਿਲੇ ਦਾਨਿਸ਼ਵਰ ਵਰਗ ਉਪਰ ਉਨ੍ਹਾਂ ਦਾ ਦਬਦਬਾ ਪੈਦਾ ਜਾ ਰਿਹਾ ਸੀ। ਇਹ ਬੁੱਧੀਜੀਵੀ ਵਰਗ ਇਸ ਨੌਜਵਾਨੀ ਰਵੱਈਏ ਵੱਲ ਬਹੁਤ ਕੁੜੱਤਣ ਭਰੇ ਅੰਦਾਜ਼ ਨਾਲ ਵੇਖ ਰਿਹਾ ਸੀ, ਪਰ ਇਨ੍ਹਾਂ ਦੀ ਇਕ ਨਹੀਂ ਸੀ ਚੱਲ ਰਹੀ।
ਇਸ ਤਰ੍ਹਾਂ ਲੱਗਿਆ ਜਿਵੇਂ ਸ਼ਹਿਰ ਤੇ ਪਿੰਡ ਦਾ ਆਪਸੀ ਟਕਰਾਅ ਹੋ ਗਿਆ ਹੋਵੇ। ਇਸ ਨਾਬਰ ਵਰਗ ਦੇ ਜੁੱਸੇ ਨੂੰ ਵੇਖ ਕੇ ਲੱਗਿਆ ਜਿਵੇਂ ਨੌਜਵਾਨੀ ਆਧੁਨਿਕ ਯੁੱਗ ਵਿੱਚ ਤਬਦੀਲ ਹੋ ਰਹੀ ਹੋਵੇ। ਡੀ ਜੇ ਦੇ ਸਪੀਕਰਾਂ ਤੋਂ ਰਾਕਟ ਲਾਂਚਰਾਂ ਵਰਗੀ ਨਿਕਲਦੀ ਚੀਕਦੀ ਆਵਾਜ਼ ਨੇ ਆਪਸੀ ਗੱਲਾਂ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ। ਗੱਲ ਇਕੱਲੀ ਸ਼ੋਰ ਦੀ ਨਹੀਂ, ਨਿਕਲਦੇ ਅਲਫਾਜ਼ਾਂ ਦੀ ਵੀ ਸੀ। ‘ਉਏ ਜੱਟ ਓਥੇ ਫੈਰ ਕਰਦਾ ਜਿੱਥੇ ਹੁੰਦੀ ਐ ਪਾਬੰਦੀ ਹਥਿਆਰ ਦੀ’। ਦਾਨਿਸ਼ਵਰ ਵਰਗ ਨੂੰ ਤਾਂ ਸਮਾਜ ਦਾ ਫਿਕਰ ਵੱਢ-ਵੱਢ ਖਾਈ ਜਾਂਦਾ ਸੀ। ਉਹ ਮੱਚੇ ਪਏ ਸਨ ਕਿ ਮਸਾਂ-ਮਸਾਂ ਸੂਝਵਾਨ ਇਕੱਠੇ ਹੋਏ ਹਨ, ਸਾਨੂੰ ਕੋਈ ਗੱਲ ਕਿਉਂ ਨਹੀਂ ਕਰਨ ਦਿੰਦੇ। ਵੱਟ ਖਾ ਕੇ ਉਸ ਵੇਲੇ ਕਈਆਂ ਨੇ ਉਠ ਕੇ ਕਿਹਾ, ‘ਓਏ ਆਵਾਜ਼ ਘੱਟ ਕਰੋ। ਆਵਾਜ਼ ਘੱਟ ਕਰ ਦਿਓ..।’ ਤਦ ਮੂੰਹ ਰੱਖਣ ਲਈ ਥੋੜ੍ਹਾ ਜਿਹਾ ਸ਼ੋਰ ਘੱਟ ਹੋਇਆ, ਪਰ ਪਲਾਂ ਬਾਅਦ ਉਸ ਤੋਂ ਵੀ ਤੱਤੇ ਗੀਤ ਗੂੰਜਣ ਲੱਗੇ। ‘ਜਦ ਵੀ ਵਗਾਰ ਪੈਂਦੀ ਜੱਟ ਨੂੰ, ਖਿੜੇ ਮੱਥੇ ਪੂਰਦਾ ਲਿਹਾਜ਼ ਨੀ। ਯਾਰਾਂ ਦੇ ਪਿੱਛੇ ਹੱਡ ਤੋੜਦੇ।’ ਇਵੇਂ ਮੰਨ ਲਓ ਜਿਵੇਂ ਸਾਰਾ ਸੰਗੀਤ ਇਕ ਤਰਫਾ ਰੋਹ ਵਾਲਾ, ਮਰਦਾਨਗੀ ਤੇ ਬੁਲੰਦ ਜੁੱਸੇ ਵਾਲਾ ਸੀ। ਵੇਖ ਕੇ ਲੱਗਾ ਜਿਵੇਂ ਪੰਜਾਬ ਵਿੱਚ ਕੋਈ ਬਿਮਾਰ ਹੀ ਨਹੀਂ, ਕੋਈ ਸੰਕਟ ਹੀ ਨਹੀਂ ਹੈ। ਅਖਬਾਰ ਐਵੇਂ ਹੀ ਲਿਖ-ਲਿਖ ਭਰੀ ਜਾਂਦੇ ਹਨ।
ਕੁਝ ਚਿਰ ਬਾਅਦ ਉਥੇ ਰਾਮੂਵਾਲੀਆ ਬਲਵੰਤ ਆ ਪਹੁੰਚਿਆ। ਮਜਲਿਸ ਸਜੀ, ਗੱਲਾਂ ਸੁਣਨ ਦੇ ਖਿਆਲ ਨਾਲ ਇਕ ਨੇ ਫੇਰ ਆਖਿਆ ‘ਉਏ ਆਵਾਜ਼ ਘੱਟ ਕਰੋ। ਓਏ ਆਵਾਜ਼ ਘੱਟ ਕਰ ਦਿਓ, ਗੱਲ ਤਾਂ ਕਰ ਲੈਣ ਦਿਓ।’ ਦਾਨਿਸ਼ਵਰਾਂ ਦੇ ਮਨ ਦੀਆਂ ਮਨ ਵਿੱਚ ਰਹਿ ਗਈਆਂ। ਨੌਜਵਾਨੀ ਦੇ ਸ਼ੋਰ ਓ ਗੁੱਲ ਦੇ ਹੜ੍ਹ ਅੱਗੇ ਇਸ ਤਰ੍ਹਾਂ ਹੋ ਗਏ ਜਿਵੇਂ ਜੇਠ ਹਾੜ੍ਹ ਦੀ ਲੂ ਨੇ ਸੁਸਤਾ ਜਿਹੇ ਦਿੱਤੇ ਹੋਣ। ਤਿਆਰੀ ਨਾਲ ਆਏ ਸਿੱਧੂ ਜਸਪਾਲ ਦੀ ‘ਨੇਸ਼ਨ-ਸਟੇਟ’ ਦੀ ਗੱਲ ਵਿੱਚੇ ਰਹਿ ਗਈ। ਪਤਾ ਨਹੀਂ ਕੀ ਕੀ ਹੋਰ ਕਈਆਂ ਨੇ ਹਿੰਦੂਤਵ ਦੇ ਮੁੱਦੇ ‘ਤੇ ਤਰਕ ਵਿਤਰਕ ਰਚਣਾ ਸੀ। ਕਈ ਘਰੋਂ ਤਿਆਰੀ ਕਰਕੇ ਆਏ ਸਨ ਕਿ ਕਿਸਾਨੀ ਸੰਕਟ ਤੇ ਖੁਰਦੇ ਸੱਭਿਆਚਾਰ ਦੇ ਕੀਰਨੇ ਪਾਵਾਂਗੇ। ਨੌਜਵਾਨੀ ਦੇ ਰੋਹ ਅੱਗੇ ਸਭ ਯੋਜਨਾਵਾਂ ਅਸਫਲ ਹੋ ਗਈਆਂ। ਫਿਰ ਘਰ ਦੇ ਮੋਹਤਬਰ ਨੂੰ ਆਵਾਜ਼ ਘੱਟ ਕਰਾਉਣ ਭੇਜਿਆ। ਉਸ ਦੀ ਕਿਸੇ ਨੇ ਗੱਲ ਨਹੀਂ ਸੁਣੀ। ਆਵਾਜ਼ ਹੋਰ ਉਚੀ ਕਰ ਦਿੱਤੀ। ‘ਜਗ੍ਹਾ ਤੇਰੀ ਟੈਮ ਤੇਰਾ ਡਾਂਗ ਮੇਰੀ, ਵਹਿਮ ਤੇਰਾ, ਖੜਾ ਰਹੀਂ ਯਾਰ ਤੇਰਾ ਕੱਢੂ ਆਣ ਕੇ..।’
ਪੰਜਾਬੀ ਸੱਭਿਆਚਾਰ ਦੇ ਤੱਤਸਾਰ ਵਿੱਚੋਂ ਵਿਆਹ ਦਾ ਅਰਥ ਹੈ ਖੁਸ਼ੀ, ਜਸ਼ਨ। ਇਹ ਆਧੁਨਿਕ ਜਸ਼ਨ ਹੁਣ ਪਿੰਡ ਦੀਆਂ ਬਰੂਹਾਂ ਤੱਕ ਜਾ ਪਹੁੰਚਿਆ ਤੇ ਪਿੰਡ ਸੱਭਿਆਚਾਰ ਨੂੰ ਨਿਗਲੀ ਜਾਂਦਾ ਹੈ। ਰੀਤਾਂ ਰਸਮਾਂ ਦਾ ਹੋ ਰਿਹਾ ਸ਼ਹਿਰੀਕਰਨ ਸਾਡੇ ਚਾਵਾਂ ਮਲਾਰਾਂ ਦੀ ਰੰਗਤ ਨੂੰ ਫਿੱਕਾ ਕਰੀ ਜਾਂਦਾ ਹੈ। ਪਿੰਡ ਦੀ ਮਿੱਟੀ ‘ਤੇ ਜਦੋਂ ਵਿਆਹ ਹੁੰਦਾ ਸੀ ਤਾਂ ਉਸ ਦੇ ਰੰਗ ਰੂਪ ਵਿੱਚ ਮਹਿਕ ਸੀ। ਜਿਵੇਂ ਹੀ ਇਹ ਪਵਿੱਤਰ ਰਸਮ ਸ਼ਹਿਰ ਦੇ ਮੈਰਿਜ ਪੈਲੇਸ ਵਿੱਚ ਦਾਖਲ ਹੋਈ, ਮੰਨੋ ਸਾਡੇ ਹੁਸੀਨ ਲਮਹੇ ਗੁਆਚ ਗਏ। ਸਾਰਾ ਕੁਝ ਮਸਨੂਈ ਹੋ ਗਿਆ। ਸ਼ਹਿਰ ਨੇ ਸਾਡੇ ਨਿੱਘੇ ਮੁਹੱਬਤੀ ਪੇਂਡੂ ਜਸ਼ਨ ‘ਤੇ ਆਪਣਾ ਮਲੰਮਾ ਚਾੜ੍ਹ ਕੇ ਸਾਡੀ ਅਮੀਰ ਵਿਰਾਸਤ ਨੂੰ ਨਸ਼ਟ ਕਰ ਦਿੱਤਾ। ਇਥੇ ਰੌਲਾ ਸ਼ੋਰ ਦਾ ਨਹੀਂ ਸਖਤ ਅਲਫਾਜ਼ਾਂ, ਪਿਸਤੌਲਾਂ, ਡੌਲਿਆਂ ਦਾ ਵੀ ਨਹੀਂ। ਮਸਲਾ ਕਿਸੇ ਗੁਪਤ ਗੈਬੀ ਵਿਰੋਧ ਦਾ ਹੈ। ਵਿਰਸੇ ਨੂੰ ਜੇ ਸਲਾਮਤ ਰੱਖਣਾ ਹੈ ਤਾਂ ਆਪਾਂ ਨੂੰ ਇਕ ਦਿਨ ਪਰਤਣਾ ਪਊ। ਆਪਾਂ ਨੂੰ ਆਪਣਾ ਗੁਆਚਿਆ ਪਿੰਡ ਤਲਾਸ਼ਣਾ ਪਊ। ਮੁੜ ਪਿੰਡ ਦੀ ਮਿੱਟੀ ਨੂੰ ਪਛਾਣਨਾ ਪਏਗਾ ਅਤੇ ਆਪਣੇ ਪੁਰਖਿਆਂ ਦੀ ਭੋਂਇ ਨੂੰ ਸਜਦਾ ਕਰਨਾ ਪਏਗਾ।