ਜੀ 7 ਵਾਰਤਾ ਤੋਂ ਪਹਿਲਾਂ ਕੈਨੇਡਾ ਤੇ ਫਰਾਂਸ ਨੇ ਕਾਇਮ ਕੀਤਾ ਸਾਂਝਾ ਮੁਹਾਜ


ਕਿਊਬਿਕ ਸਿਟੀ, 7 ਜੂਨ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿੱਥੇ ਇਸ ਵਾਰੀ ਜੀ 7 ਸਿਖਰ ਵਾਰਤਾ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਵਾਰਤਾ ਵਿੱਚ ਹਿੱਸਾ ਲੈਣ ਵਾਲੇ ਅਹਿਮ ਮੁਲਕਾਂ ਵਿਚਾਲੇ ਕਈ ਮੁੱਦਿਆਂ ਉੱਤੇ ਮਤਭੇਦ ਕਾਰਨ ਸੱਭ ਨੂੰ ਸਾਂਭਣਾ ਵੀ ਮੁਸ਼ਕਲ ਹੋ ਰਿਹਾ ਹੈ।
ਜੀ 7 ਵਾਰਤਾ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਹੋਰਨਾਂ ਮੁਲਕਾਂ ਦੇ ਮੁਖੀਆਂ ਦੇ ਹੋਣ ਜਾ ਰਹੇ ਸਾਹਮਣੇ ਕਾਰਨ ਵੀ ਮਾਹੌਲ ਕਾਫੀ ਗਰਮ ਰਹਿਣ ਦੀ ਸੰਭਾਵਨਾ ਹੈ। ਜੀ 7 ਆਗੂਆਂ ਤੋਂ ਇਲਾਵਾ ਸਰਕਾਰ ਦੇ ਦਰਜਨਾਂ ਭਰ ਹੋਰ ਮੁਖੀ ਤੇ ਅਹਿਮ ਵਿੱਤੀ ਆਗੂ ਕਿਊਬਿਕ ਵਿੱਚ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਗਲੋਬਲਾਈਜ਼ੇਸ਼ਨ ਵਿਰੋਧੀ ਕਈ ਮੁਜ਼ਾਹਰਾਕਾਰੀ ਨੇ ਵੀ ਕਿਊਬਿਕ ਦੀਆਂ ਸੜਕਾਂ ਉੱਤੇ ਮੋਰਚਾ ਸਾਂਭ ਲਿਆ ਹੈ।
ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਨੇ ਹੋਰਨਾਂ ਮੁਲਕਾਂ ਨੂੰ ਅਮਰੀਕਾ ਨਾਲੋਂ ਵੱਡਾ ਦੱਸਿਆ। ਯੂਰਪੀਅਨ ਕਾਉਂਸਲ ਦੇ ਪ੍ਰੈਜ਼ੀਡੈਂਟ ਡੌਨਲਡ ਟਸਕ ਨੇ ਆਖਿਆ ਕਿ ਜੀ 7 ਦੀ ਅਹਿਮੀਅਤ ਇਹੀ ਹੈ ਕਿ ਇੱਥੇ ਸਾਡੀਆਂ ਸਾਂਝੀਆਂ ਮੌਲਿਕ ਕਦਰਾਂ ਕੀਮਤਾਂ, ਵਿਅਕਤੀਆਂ ਦੀ ਆਜ਼ਾਦੀ ਤੇ ਸਵੈਮਾਣ ਖਿਲਾਫ, ਲੋਕਾਂ ਦੇ ਬਰਾਬਰ ਅਧਿਕਾਰਾਂ ਤੇ ਦੇਸ਼ਾਂ ਦੇ ਜਾਇਜ਼ ਨਿਯਮਾਂ ਦੀ ਬੇਕਦਰੀ ਕਰਨ ਵਾਲਿਆਂ ਖਿਲਾਫ ਆਜ਼ਾਦ ਸੰਸਾਰ ਕੀ ਹਿਫਾਜ਼ਤ ਲਈ ਅਸੀਂ ਇੱਕਜੁੱਟ ਰਹੀਏ।
ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੇ ਟੈਨਸ਼ਨ ਵਾਲਾ ਮਾਹੌਲ ਹੈ। ਕਲਾਈਮੇਟ ਚੇਂਜ, ਟਰੇਡ ਤੇ ਇਰਾਨ ਦੇ ਪ੍ਰਮਾਣੂ ਪਸਾਰ ਖਿਲਾਫ ਸਖਤੀ ਵਰਤਣ ਲਈ ਟਰੂਡੋ ਤੇ ਮੈਕਰੌਨ ਵੱਲੋਂ ਜਨਤਕ ਤੌਰ ਉੱਤੇ ਸਾਂਝੇ ਮੁਹਾਜ ਦਾ ਐਲਾਨ ਵੀ ਕੀਤਾ ਗਿਆ। ਇਸ ਦੇ ਨਾਲ ਹੀ ਟਰੂਡੋ ਵੱਲੋਂ ਟਰੰਪ ਵੱਲੋਂ ਸਟੀਲ ਤੇ ਐਲੂਮੀਨੀਅਮ ਉੱਤੇ ਲਾਏ ਗਏ ਟੈਰਿਫਜ਼ ਦੀ ਨਿਖੇਧੀ ਕੀਤੀ ਗਈ।
ਇਸ ਉੱਤੇ ਵੀਰਵਾਰ ਦੇਰ ਰਾਤ ਟਵਿੱਟਰ ਉੱਤੇ ਟਰੰਪ ਨੇ ਆਖਿਆ ਕਿ ਪ੍ਰਧਾਨ ਮੰਤਰੀ ਟਰੂਡੋ ਤੇ ਰਾਸ਼ਟਰਪਤੀ ਮੈਕਰੌਨ ਨੂੰ ਦੱਸਿਆ ਜਾਵੇ ਕਿ ਉਹ ਅਮਰੀਕਾ ਦੇ ਟੈਰਿਫਜ਼ ਤੇ ਗੈਰ ਮੁਦਰਾ ਸਬੰਧੀ ਅੜਿੱਕਿਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਦੋਵਾਂ ਆਗੂਆਂ ਨਾਲ ਭਲਕੇ ਮੁਲਾਕਾਤ ਹੋਵੇਗੀ। ਇਸ ਤੋਂ ਇਲਾਵਾ ਵੀ ਟਰੰਪ ਨੇ ਟਰੂਡੋ ਉੱਤੇ ਨਿਜੀ ਵਾਰ ਕੀਤੇ। ਉਨ੍ਹਾਂ ਆਖਿਆ ਕਿ ਕਈ ਸਾਲਾਂ ਤੋਂ ਅਮਰੀਕਾ ਤੇ ਕੈਨੇਡਾ ਦਰਮਿਆਨ ਸੁਖਾਵੇਂ ਸਬੰਧਾਂ ਨੂੰ ਟਰੂਡੋ ਖਤਰੇ ਵਿੱਚ ਪਾ ਰਹੇ ਹਨ। ਵੀਰਵਾਰ ਤੱਕ ਤਾਂ ਇਹੀ ਪਤਾ ਨਹੀਂ ਸੀ ਲੱਗ ਪਾ ਰਿਹਾ ਕਿ ਟਰੰਪ ਇਸ ਵਾਰਤਾ ਵਿੱਚ ਹਿੱਸਾ ਲੈਣਗੇ ਜਾਂ ਨਹੀਂ।