ਜੀ-ਹਜ਼ੂਰੀ ਦਾ ਕਮਾਲ!

-ਨਵਦੀਪ ਸਿੰਘ ਭਾਟੀਆ
ਦਿਲੋਂ ਕਿਸੇ ਦਾ ਸਤਿਕਾਰ ਕਰਨਾ ਅਤੇ ਵਿਖਾਵੇ ਦੀ ਜੀ-ਹਜ਼ੂਰੀ ਵਿੱਚ ਬਹੁਤ ਅੰਤਰ ਹੁੰਦਾ ਹੈ। ਸਤਿਕਾਰ ਹਮੇਸ਼ਾ ਦਿਲ ਵਿੱਚੋਂ ਉਪਜਦਾ ਹੈ, ਜੀ-ਹਜ਼ੂਰੀ ਦਿਮਾਗ ਦੀ ਉਪਜ ਹੁੰਦੀ ਹੈ। ਬੱਸ ਆਪਣਾ ਉਲੂ ਸਿੱਧਾ ਕਰਨ ਲਈ ਲੋੜ ਤੋਂ ਵੱਧ ਜੀ-ਹਜ਼ੂਰੀ ਮੁਖੌਟਾ ਪਾਉਣ ਦੇ ਵਾਂਗ ਹੁੰਦੀ ਹੈ। ਆਪਣੀ ਅੰਦਰਲੀ ਅਸਲੀਅਤ ਨੂੰ ਛੁਪਾ ਕੇ ਅਫਸਰਾਂ ਅੱਗੇ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਮਿੱਠੇ ਬੋਲਾਂ ਨਾਲ ਉਨ੍ਹਾਂ ਦੇ ਢਿੱਡ ਵਿੱਚ ਵੜ ਕੇ ਅੱਜ ਸਫਲ ਹੋ ਰਹੇ ਨੇ ਜੀ-ਹਜ਼ੂਰੀਏ। ਇਹ ਬੜੇ ਸ਼ਾਤਰ ਹੁੰਦੇ ਹਨ। ਉਨ੍ਹਾਂ ਦੇ ਮਨਸੂਬਿਆਂ ਤੋਂ ਅਫਸਰ ਵੀ ਅਨਜਾਣ ਹੁੰਦੇ ਹਨ। ਇਨ੍ਹਾਂ ਬੰਦਿਆਂ ਵਿੱਚ ਇਕ ਖਾਸ ਵਿਲੱਖਣਤਾ ਇਹ ਹੁੰਦੀ ਹੈ ਕਿ ਉਹ ਕੁਰਸੀ ਦੇ ਬੜੇ ਨੇੜੇ ਹੁੰਦੇ ਹਨ। ਅੰਦਰੋਂ ਇਹ ਅਫਸਰ ਨੂੰ ਗਾਲ੍ਹਾਂ ਕੱਢਦੇ ਹਨ, ਪਰ ਬਾਹਰੋਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਫਿਰਦੇ ਹਨ।
ਇਨ੍ਹਾਂ ਦਾ ਇਕੋ-ਇਕ ਮਕਸਦ ਅਫਸਰਾਂ ਦੀ ਲੋੜ ਤੋਂ ਵੱਧ ਪੁੱਛਗਿੱਛ ਕਰਕੇ ਆਪਣੇ ਕੰਮ ਦੇ ਬੋਝ ਤੋਂ ਛੁਟਕਾਰਾ ਪਾਉਣਾ ਹੈ। ਇਹ ਡਰਾਮਾ ਅਜਿਹਾ ਕਰਦੇ ਹਨ ਕਿ ਉਹ ਕੰਮ ਵਿੱਚ ਬੜੇ ਰੁੱਝੇ ਹੋਏ ਹਨ, ਪਰ ਅਸਲ ਵਿੱਚ ਵਿਹਲੇ ਹੁੰਦੇ ਹਨ। ਤੁਸੀਂ ਅਕਸਰ ਵੇਖਿਆ ਹੋਣਾ ਏ ਕਿ ਹਰ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿੱਚ ਇਨ੍ਹਾਂ ਦਾ ਅਸਰ ਰਸੂਖ ਕਾਫੀ ਹੁੰਦਾ ਹੈ। ਕਈ ਬੌਸ ਇਨ੍ਹਾਂ ‘ਤੇ ਅੰਨ੍ਹਾ ਵਿਸ਼ਵਾਸ ਕਰਕੇ ਸਿਸਟਮ ਖਰਾਬ ਕਰ ਬਹਿੰਦੇ ਹਨ, ਜਿਸ ਦਾ ਨਤੀਜਾ ਇਮਾਨਦਾਰ ਤੇ ਮਿਹਨਤੀ ਕਰਮਚਾਰੀਆਂ ਨੂੰ ਭੁਗਤਣਾ ਪੈਂਦਾ ਹੈ। ਇਹ ਨਹੀਂ ਚਾਹੁੰਦੇ ਕਿ ਬੌਸ ਸੰਸਥਾ ਦੇ ਕਿਸੇ ਹੋਰ ਕਰਮਚਾਰੀ ਦੇ ਕੰਮ ਦੀ ਪ੍ਰਸ਼ੰਸਾ ਕਰੇ। ਉਹ ਕੰਨਾਂ ਵਿੱਚ ਅਜਿਹਾ ਮੰਤਰ ਫੂਕਦੇ ਹਨ ਕਿ ਬੌਸ ਉਨ੍ਹਾਂ ਦੀ ਹਰ ਗੱਲ ‘ਤੇ ਫੁੱਲ ਚੜ੍ਹਾਉਂਦਾ ਹੈ। ਕੰਨਾਂ ਦੇ ਕੱਚੇ ਅਫਸਰ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਸੰਸਥਾ ਦੇ ਦੂਜੇ ਕਰਮਚਾਰੀਆਂ ਦੇ ਗੁਣਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਜੀ-ਹਜ਼ੂਰੀਆਂ ਦੀ ਸਾਲਾਨਾ ਗੁਪਤ ਰਿਪੋਰਟ ਉਤਮ ਲਿਖੀ ਜਾਂਦੀ ਹੈ। ਇਹ ਜੀ-ਹਜ਼ੂਰੀਏ ਪਰਛਾਵੇਂ ਵਾਂਗ ਬੌਸ ਦੇ ਨਾਲ ਰਹਿੰਦੇ ਹਨ। ਬੌਸ ਦਾ ਵੀ ਇਨ੍ਹਾਂ ਬਿਨਾਂ ਨਹੀਂ ਸਰਦਾ। ਇਹ ਸੰਸਥਾ ਤੋਂ ਬਾਹਰਲੇ ਕੰਮਾਂ ਨੂੰ ਨੱਠ ਭੱਜ ਕੇ ਕਰਦੇ ਹਨ।
ਬਾਹਰੋਂ ਇਹ ਕਾਫੀ ਮਿਲਾਪੜੇ ਦਿਖਦੇ ਹਨ, ਅੰਦਰੋਂ ਈਰਖਾ ਅਤੇ ਸਾੜੇ ਦੇ ਸ਼ਿਕਾਰ ਹੁੰਦੇ ਹਨ। ਹਾਲਤ ਮੁਤਾਬਕ ਆਪਣੇ ਰੰਗ ਢੰਗ ਬਦਲਣ ਵਿੱਚ ਇਨ੍ਹਾਂ ਨੂੰ ਮੁਹਾਰਤ ਹਾਸਲ ਹੁੰਦੀ ਹੈ। ਜੀ-ਹਜ਼ੂਰੀਏ ਘੜੀ ਮੁੜੀ ਬੌਸ ਦੀ ਚੌਕੀ ਭਰਦੇ ਰਹਿੰਦੇ ਹਨ। ਆਪਣੇ ਆਪ ਨੂੰ ਵਧੀਆ ਸਾਬਤ ਕਰਨ ਲਈ ਇਹ ਸੂਹੀਏ ਦਾ ਕੰਮ ਵੀ ਕਰਦੇ ਤੇ ਮਿੰਟ-ਮਿੰਟ ਦੀ ਰਿਪੋਰਟ ਦਫਤਰ ਤੀਕ ਪਹੁੰਚਾਉਂਦੇ ਹਨ। ਬੌਸ ਨੂੰ ਹੋਰ ਕੀ ਚਾਹੀਦਾ ਹੈ ਕਿ ਉਸ ਨੂੰ ਬੈਠੇ ਬਿਠਾਏ ਸਭ ਕਾਸੇ ਦੀ ਜਾਣਕਾਰੀ ਮਿਲ ਜਾਂਦੀ ਹੈ। ਜੀ-ਹਜ਼ੂਰੀਏ ਅਜਿਹੀ ਅਖਬਾਰ ਵਾਂਗ ਹੁੰਦੇ ਹਨ, ਜੋ ਹਰ ਬੌਸ ਦੇ ਹੱਥ ਵਿੱਚ ਵਿਕਣ ਲਈ ਤਿਆਰ ਹੁੰਦੀ ਹੈ। ਉਨ੍ਹਾਂ ਦੀ ਅਜਿਹੀ ਆਦਤ ਉਨ੍ਹਾਂ ਦੇ ਪੇਸ਼ੇ ਦਾ ਹਿੱਸਾ ਹੀ ਜਾਪਦੀ ਹੈ।
ਆਪਣੇ ਇਸ ਕਿਰਦਾਰ ਕਰਕੇ ਉਹ ਆਪਣੇ ਵਜੂਦ ਨੂੰ ਕਾਇਮ ਰੱਖਦੇ ਹਨ। ਉਂਝ ਉਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ। ਜੀ-ਹਜ਼ੂਰੀਏ ਹਲਕੇ, ਥੋਥੇ ਤੇ ਗੈਰਤ ਤੋਂ ਰਹਿਤ ਹੁੰਦੇ ਹਨ। ਬੇਸ਼ੱਕ ਉਨ੍ਹਾਂ ਦੀਆਂ ਗੱਲਾਂ ਵਿੱਚ ਕੋਈ ਦਮ ਨਹੀਂ ਹੁੰਦਾ, ਪਰ ਉਨ੍ਹਾਂ ਦੇ ਇਰਾਦੇ ਖਤਰਨਾਕ ਹੁੰਦੇ ਹਨ। ਉਹ ਦਿਲ ‘ਚ ਮੈਲ ਰੱਖਦੇ ਹਨ। ਭਾਵੇਂ ਉਹ ਬਾਹਰੀ ਦਿਖਾਵੇ ਲਈ ਪਵਿੱਤਰਤਾ ਦਾ ਢੌਂਗ ਕਰਨ ਦਾ ਯਤਨ ਕਰਦੇ ਹਨ, ਪਰ ਉਨ੍ਹਾਂ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੁੰਦੀ ਹੈ। ਜੀ-ਹਜ਼ੂਰੀਆਂ ਵਿੱਚ ਇਕ ਕਲਾ ਇਹ ਹੁੰਦੀ ਹੈ ਕਿ ਉਹ ਧੁੰਦਲੀ ਤਸਵੀਰ ਨੂੰ ਰੰਗੀਨ ਵਿੱਚ ਬਦਲ ਕੇ ਬੌਸ ਨੂੰ ਭਰਮਾ ਲੈਂਦੇ ਹਨ। ਬੌਸ ਵੀ ਉਨ੍ਹਾਂ ‘ਤੇ ਮਿਹਰਬਾਨੀ ਨਿਛਾਵਰ ਕਰਦਾ ਹੈ, ਜਿਸ ਦੇ ਉਹ ਅਸਲ ਵਿੱਚ ਹੱਕਦਾਰ ਨਹੀਂ ਹੁੰਦੇ। ਕੋਈ ਵਿਰਲਾ ਬੌਸ ਹੁੰਦਾ ਹੈ ਜੋ ਉਨ੍ਹਾਂ ਦੇ ਮਨਸੂਬਿਆਂ ਨੂੰ ਜਾਣ ਸਕੇ। ਜੀ-ਹਜ਼ੂਰੀਏ ਹਮੇਸ਼ਾ ਖਿੜੇ ਮੱਥੇ ਚਿਹਰੇ ‘ਤੇ ਮੁਸਕਰਾਹਟ ਵਿਛਾ ਕੇ ਅਤੇ ਦੋਵੇਂ ਹੱਥ ਜੋੜ ਕੇ ਇਉਂ ਪੇਸ਼ ਆਉਂਦੇ ਹਨ ਕਿ ਬੌਸ ਨੂੰ ਉਹ ਆਪਣੇ ਰਿਸ਼ਤੇਦਾਰਾਂ ਤੋਂ ਵੀ ਵੱਧ ਅਜ਼ੀਜ਼ ਲੱਗਣ ਲੱਗ ਪੈਂਦੇ ਹਨ।
ਹਕੀਕਤ ਇਹ ਹੈ ਕਿ ਜੀ-ਹਜ਼ੂਰੀਏ ਆਪਣੇ ਬਾਪ ਦਾ ਵੀ ਲਿਹਾਜ਼ ਨਹੀਂ ਕਰਦੇ। ਉਨ੍ਹਾਂ ਦਾ ਮਕਸਦ ਤਾਂ ਹਰ ਹੀਲੇ ਆਪਣੇ ਮਨੋਰਥ ਪੂਰੇ ਕਰਨੇ ਹੁੰਦਾ ਹੈ। ਉਹ ਆਪਣਾ ਮਿਸ਼ਨ ਪੂਰਾ ਨਾ ਹੁੰਦਾ ਵੇਖ ਕੇ ਬੌਸ ਨੂੰ ਵੀ ਠਿੱਬੀ ਲਾਉਣ ਤੋਂ ਬਾਜ਼ ਨਹੀਂ ਆਉਂਦੇ। ਆਪਣੇ ਨਿੱਜੀ ਹਿੱਤਾਂ ਲਈ ਉਹ ਆਪਣੀ ਬਚਦੀ ਥੋੜ੍ਹੀ ਬਹੁਤੀ ਅਣਖ ਵੀ ਦਾਅ ‘ਤੇ ਲਾ ਦਿੰਦੇ ਹਨ। ਉਨ੍ਹਾਂ ਦਾ ਉਦੇਸ਼ ਹੁੰਦਾ ਹੈ ਕਿ ਬੌਸ ਕੇਵਲ ਉਨ੍ਹਾਂ ਤੀਕ ਕੇਂਦਰਿਤ ਰਹੇ ਅਤੇ ਉਨ੍ਹਾਂ ਮੁਤਾਬਕ ਚੱਲੇ। ਇਹ ਬਹੁਤ ਵਿਓਂਤਬੰਦੀ ਨਾਲ ਚੱਲਦੇ ਹਨ। ਇਹ ਉਪਰੋਂ ਕਦੇ ਪ੍ਰਤੀਕਰਮ ਜ਼ਾਹਰ ਨਹੀਂ ਕਰਦੇ, ਪਰ ਇਨ੍ਹਾਂ ਦੀ ਦਿਮਾਗੀ ਖੇਡ ਕੋਈ ਸਮਝ ਨਹੀਂ ਸਕਦਾ। ਅੰਤ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਜੀ-ਹਜ਼ੂਰੀ ਇੰਨੀ ਕੁ ਜ਼ਰੂਰੀ ਹੈ, ਇਸ ਦਾ ਵੀ ਕੋਈ ਪੈਮਾਨਾ ਹੁੰਦਾ ਹੈ। ਜੀ-ਹਜ਼ੂਰੀ ਵਿੱਚ ਆਦਰ ਝਲਕਣਾ ਚਾਹੀਦਾ ਹੈ ਨਾ ਕਿ ਸ਼ੋਹਰਤ ਅਤੇ ਵਾਹ-ਵਾਹ ਖੱਟਣ ਲਈ ਨਕਲੀਪਣ।
ਪਹਿਲੀ ਗੱਲ ਮੈਂ ਜੀ-ਹਜ਼ੂਰੀਆਂ ਨੂੰ ਜ਼ਰੂਰ ਦੱਸਾਂਗਾ ਕਿ ਬੌਸ ਦੀਆਂ ਨਜ਼ਰਾਂ ਵਿੱਚ ਖੁਦ ਨੂੰ ਵਧੀਆ ਸਾਬਤ ਕਰਨ ਲਈ ਆਪਣੇ ਨਾਲ ਦੇ ਸਾਥੀਆਂ ‘ਤੇ ਚਿੱਕੜ ਨਾ ਸੁੱਟੋ। ਬੌਸ ਅੱਗੇ ਆਪਣੇ ਨੰਬਰ ਬਣਾਉਣ ਲਈ ਹੋਰਨਾਂ ਦੇ ਨੰਬਰ ਮਨਫੀ ਨਾ ਕਰੋ। ਆਪਣੀ ਹੋਂਦ ਤੇ ਵਜੂਦ ਕਾਇਮ ਕਰਨ ਲਈ ਸਮਾਜ ਪ੍ਰਤੀ ਸਿਰਜਣਾਤਮਕ ਕੰਮ ਕਰੋ। ਤੁਹਾਡਾ ਅਕਸ ਤੁਹਾਡੇ ਕਰਮਾਂ ਕਰਕੇ ਹੈ, ਚਾਪਲੂਸੀ ਕਰਕੇ ਨਹੀਂ। ਜੀ-ਹਜ਼ੂਰੀ ਨਾਲ ਬੰਦੇ ਦੀ ਕਦੇ ਪਛਾਣ ਨਹੀਂ ਬਣ ਸਕਦੀ। ਇਕ ਗੱਲ ਜ਼ਰੂਰ ਹੈ ਕਿ ਉਸ ਦੇ ਇਸ ਸੁਭਾਅ ਕਰਕੇ ਬੌਸ ਉਸ ਦਾ ਕੰਮ ਸਾਰੇ ਮੁਲਾਜ਼ਮਾਂ ਤੋਂ ਅਗੇਤਾ ਕਰ ਦਿੰਦਾ ਹੈ, ਪਰ ਸਮਾਜ ਵਿੱਚ ਉਸ ਨੂੰ ‘ਚਮਚੇ’ ਦਾ ਦਰਜਾ ਮਿਲ ਜਾਂਦਾ ਹੈ। ਜੀ-ਹਜ਼ੂਰੀ, ਖੁਸ਼ਾਮਦ, ਚਮਚਾਗਿਰੀ ਦਾ ਠੱਪਾ ਲੱਣ ਨਾਲ ਬੰਦੇ ‘ਤੇ ਕੋਈ ਬਹੁਤਾ ਭਰੋਸਾ ਨਹੀਂ ਕਰਦਾ ਤੇ ਮੂੂੰਹ ‘ਤੇ ਭਾਵੇਂ ਉਸ ਨੂੰ ਕੁਝ ਨਾ ਕਹੇ, ਪਿੱਠ ਪਿੱਛੇ ਬੁਰਾਈ ਹੀ ਕਰਦਾ ਹੈ।