ਜੀ ਐੱਸ ਟੀ ਬਾਰੇ ਪਾਰਲੀਮੈਂਟ ਸੈਸ਼ਨ ਦਾ ਕਾਂਗਰਸ ਸਮੇਤ ਵਿਰੋਧੀ ਧਿਰ ਬਾਈਕਾਟ ਕਰੇਗੀ

gst
* ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਦੀ ਮੀਟਿੰਗ ਵਿੱਚ ਫ਼ੈਸਲਾ
ਨਵੀਂ ਦਿੱਲੀ, 29 ਜੂਨ, (ਪੋਸਟ ਬਿਊਰੋ)- ਸਰਕਾਰ ਦੇ ਸੱਦੇ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 30 ਜੂਨ ਦੀ ਰਾਤ 12 ਵਜੇ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਨਵੇਂ ਟੈਕਸ ਨਿਜ਼ਾਮ, ਜੀ ਐਸ ਟੀ (ਵਸਤੂ ਤੇ ਸੇਵਾ ਟੈਕਸ) ਨੂੰ ਲਾਂਚ ਕਰਨ ਵਾਲੇ ਵਿਸ਼ੇਸ਼ ਸੈਸ਼ਨ ਦੇ ਮੰਚ ਉੱਤੇ ਨਹੀਂ ਹੋਣਗੇ। ਕਾਂਗਰਸ ਪਾਰਟੀ ਨੇ ਇਸ ਸਮਾਗਮ ਵਿੱਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਡਾ: ਮਨਮੋਹਨ ਸਿੰਘ ਅਤੇ ਪਾਰਟੀ ਦੇ ਹੋਰਨਾਂ ਨੇਤਾਵਾਂ ਨਾਲ ਉਚੇਚੀ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਅੱਜ ਏਥੇ ਕਾਂਗਰਸ ਦੇ ਸੀਨੀਅਰ ਲੀਡਰਾਂ ਗੁਲਾਮ ਨਬੀ ਆਜ਼ਾਦ, ਮਲਿਕ ਅਰਜੁਨ ਖੜਗੇ, ਆਨੰਦ ਸ਼ਰਮਾ ਤੇ ਜੈਰਾਮ ਰਮੇਸ਼ ਨੇ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਵਿੱਚ ਪਾਰਟੀ ਦਾ ਫ਼ੈਸਲਾ ਜਾਰੀ ਕਰਦਿਆਂ ਐਲਾਨ ਕੀਤਾ ਕਿ ਤੀਹ ਜੂਨ ਦੀ ਰਾਤ ਨੂੰ ਪਾਰਲੀਮੈਂਟ ਦੇ ਵਿਸ਼ੇਸ਼ ਸਮਾਗਮ ਵਿੱਚ ਉਨ੍ਹਾਂ ਦੀ ਪਾਰਟੀ ਸ਼ਾਮਲ ਨਹੀਂ ਹੋਵੇਗੀ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਸਰਕਾਰ ਵੱਲੋਂ ਜੀ ਐਸ ਟੀ ਲਾਗੂ ਕਰਨ ਵਾਸਤੇ ਚੁਣੇ ਗਏ ਸਮੇਂ (ਰਾਤ 12 ਵਜੇ) ਉੱਤੇ ਇਤਰਾਜ਼ ਕਰਦੇ ਹੋਏ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਅਜੇ ਤੱਕ ਸਿਰਫ ਤਿੰਨ ਵਾਰ ਅੱਧੀ ਰਾਤ ਨੂੰ ਜਸ਼ਨ ਮਨਾਇਆ ਗਿਆ ਹੈ, ਜੋ ਆਜ਼ਾਦੀ ਸੰਘਰਸ਼ ਨਾਲ ਜੁੜਿਆ ਹੈ। ਪਹਿਲਾਂ 14 ਅਗਸਤ ਦੀ ਰਾਤ 1947 ਨੂੰ ਦੇਸ਼ ਦੀ ਆਜ਼ਾਦੀ ਦੇ ਸਮੇਂ ਅਤੇ ਉਸ ਤੋਂ ਬਾਅਦ ਆਜ਼ਾਦੀ ਦੇ 25 ਅਤੇ 50 ਸਾਲਾ ਜਸ਼ਨ ਮਨਾਉਣ ਲਈ ਪਾਰਲੀਮੈਂਟ ਵਿੱਚ ਅੱਧੀ ਰਾਤ ਨੂੰ ਸਮਾਗਮ ਕੀਤੇ ਗਏ ਹਨ। ਕਾਂਗਰਸ ਨੇ ਇਕ ਟੈਕਸ ਸਿਸਟਮ ਲਾਗੂ ਕਰਨ ਦੀ ਤੁਲਨਾ ਆਜ਼ਾਦੀ ਦੇ ਉਨ੍ਹਾਂ ਇਤਿਹਾਸਕ ਮੌਕਿਆਂ ਨਾਲ ਕਰਨ ਨੂੰ ਪਾਰਲੀਮੈਂਟ ਦਾ ਅਤੇ ਆਜ਼ਾਦੀ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਮਹਾਂਪੁਰਖਾਂ ਦਾ ਅਪਮਾਨ ਕੀਤਾ ਜਾਣਾ ਕਰਾਰ ਦਿੱਤਾ ਹੈ
ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਆਗੂ ਮਲਿਕਰਜੁਨ ਖੜਗੇ ਨੇ ਭਾਜਪਾ ਨੂੰ ‘ਪਬਲੀਸਿਟੀ ਮਾਸਟਰ’ ਦਾ ਦਰਜਾ ਦੇਂਦੇ ਹੋਏ ਕਿਹਾ ਕਿ ਇਕ ਅਜਿਹਾ ਟੈਕਸ ਪ੍ਰਬੰਧ, ਜਿਸ ਵਿੱਚ ਕਦੇ ਤਰਮੀਮ ਵੀ ਕੀਤੀ ਜਾ ਸਕਦੀ ਹੈ, ਲਾਗੂ ਕਰਨ ਨੂੰ ਕੇਂਦਰ ਸਰਕਾਰ ਜਸ਼ਨ ਦਾ ਆਧਾਰ ਕਿਉਂ ਬਣਾ ਰਹੀ ਹੈ। ਕਾਂਗਰਸ ਨੇ ਜੀ ਐਸ ਟੀ ਦੇ ਮੌਜੂਦਾ ਰੂਪ ਉੱਤੇ ਵੀ ਇਤਰਾਜ਼ ਕੀਤਾ ਹੈ। ਰਾਜ ਸਭਾ ਵਿੱਚ ਕਾਂਗਰਸ ਦੇ ਡਿਪਟੀ ਆਗੂ ਆਨੰਦ ਸ਼ਰਮਾ ਨੇ 5 ਤੋਂ 28 ਫ਼ੀਸਦੀ ਟੈਕਸ ਦਰ ਵਾਲੇ ਜੀ ਐਸ ਟੀ ਨੂੰ ਇਕੋ ਟੈਕਸ ਦੀ ਪਰਿਭਾਸ਼ਾ ਤੋਂ ਪਰੇ ਦੱਸਿਆ, ਕਿਉਂਕਿ ਇਸ ਵਿੱਚ ਉਤਪਾਦਾਂ ਦੇ ਆਧਾਰ ਉੱਤੇ 4 ਟੈਕਸ ਦਰਾਂ ਲਾਈਆਂ ਗਈਆਂ ਹਨ।
ਵਰਨਣ ਹੈ ਕਿ ਜੀ ਐਸ ਟੀ ਦਾ ਨਵਾਂ ਪ੍ਰਬੰਧ ਲਾਂਚ ਵੇਲੇ ਕੇਂਦਰ ਸਰਕਾਰ ਨੇ ਰਾਸ਼ਟਰਪਤੀ ਤੇ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਸੱਦਾ ਦਿੱਤਾ ਹੈ। ਕੇਂਦਰ ਸਰਕਾਰ ਨੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਐਚ ਡੀ ਦੇਵਗੌੜਾ ਨੂੰ ਵੀ ਸੱਦਾ ਦਿੱਤਾ ਸੀ। ਇਨ੍ਹਾਂ ਵਿੱਚੋਂ ਦੇਵਗੌੜਾ ਨੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਤਿਣਮੂਲ ਕਾਂਗਰਸ ਨੇ ਇੱਕ ਦਿਨ ਪਹਿਲਾਂ ਹੀ ਇਸ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ। ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜਵਾਦੀ ਪਾਰਟੀ ਵੱਲੋਂ ਸ਼ਾਮਲ ਨਾ ਹੋਣ ਦਾ ਰਸਮੀ ਬਿਆਨ ਨਹੀਂ ਦਿੱਤਾ ਗਿਆ। ਇਸ ਦੌਰਾਨ ਸੀ ਪੀ ਆਈ ਨੇਤਾ ਡੀ. ਰਾਜਾ ਨੇ ਕਿਹਾ ਕਿ ਖੱਬੇ ਪੱਖੀ ਪਾਰਟੀਆਂ ਜੀ ਐਸ ਟੀ ਸ਼ੁਰੂ ਕਰਨ ਲਈ ਸਰਕਾਰ ਵੱਲੋਂ 30 ਜੂਨ ਨੂੰ ਅੱਧੀ ਰਾਤ ਸੱਦੇ ਗਏ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਰਹੀਆਂ। ਡੀ. ਰਾਜਾ ਨੇ ਕਿਹਾ ਕਿ ਲੋਕ ਦੇਸ਼ ਵਿਚ ਪ੍ਰਦਰਸ਼ਨ ਕਰ ਰਹੇ ਹਨ, ਜੀ ਐਸ ਟੀ ਲਾਗੂ ਹੋਣ ਬਾਰੇ ਲੋਕਾਂ ਦੇ ਮਨ ਵਿਚ ਕਈ ਤਰਾਂ ਦੇ ਸ਼ੰਕੇ ਹਨ। ਸੀ ਪੀ ਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਵੀ ਕਿਹਾ ਹੈ ਕਿ ਉਹ ਵੀ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਿਲ ਨਹੀਂ ਹੋਣਗੇ।